ਕੈਪਟਨ ਨੇ ਕਿਹਾ ! ਹੁਣ ਨਵਾਂ ਮੁੱਖ ਮੰਤਰੀ ਹੀ ਬਰਨਾਲਾ ਵਿਖੇ ਦਿਉ, ਸ਼ਹੀਦ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਾ ਪੱਤਰ
ਹਰਿੰਦਰ ਨਿੱਕਾ , ਬਰਨਾਲਾ 19 ਸਤੰਬਰ 2021
ਪੰਜਾਬ ਦਾ ਅਗਲਾ ਮੁੱਖ ਮੰਤਰੀ ਕੌਣ ਬਣੂੰ , ਇਸ ਤੇ ਬੇਸ਼ੱਕ ਪੂਰੇ ਪੰਜਾਬ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ, ਪਰੰਤੂ ਮੁੱਖ ਮੰਤਰੀ ਦੇ ਨਾਂ ਦਾ ਐਲਾਨ ਸੁਣਨ ਲਈ ਸੱਭ ਤੋਂ ਜਿਆਦਾ ਕਾਹਲੇ ਬਰਨਾਲਾ ਜਿਲ੍ਹੇ ਦੇ ਲੋਕ ਹਨ। ਵਜ੍ਹਾ ਸਾਫ ਹੈ ਕਿ 20 ਸਤੰਬਰ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਹੁਕਰੋੜੀ ਲਾਗਤ ਨਾਲ ਤਿਆਰ ਹੋਣ ਵਾਲੇ ਮਲਟੀਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਦਾ ਨੀਂਹ ਪੱਥਰ ਰੱਖਿਆ ਜਾਣਾ ਸੀ। ਇਸ ਮੌਕੇ ਮੁੱਖ ਮੰਤਰੀ ਵੱਲੋਂ ਕਿਸਾਨ ਸੰਘਰਸ਼ ਦੇ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀਆਂ ਦੇਣ ਦੀ ਸ਼ੁਰੂਆਤ ਲਾਭ ਪਾਤਰੀਆਂ ਨੂੰ ਨੌਕਰੀ ਦਾ ਪੱਤਰ ਦੇ ਕੇ ਕੀਤੀ ਜਾਣੀ ਸੀ। ਅਚਾਣਕ ਹੋਈ ਵੱਡੀ ਰਾਜਸੀ ਉਥਲ-ਪੁੱਥਲ ਨੇ ਜਿਲ੍ਹਾ ਵਾਸੀਆਂ ਦੀਆਂ ਉਮੀਦਾਂ ਦੇ ਇੱਕ ਵਾਰ ਪਾਣੀ ਜਰੂਰ ਫੇਰ ਦਿੱਤਾ।
ਇਹ ਸਮਾਰੋਹ ਹੁਣ ਕਦੋਂ ਹੋਵੇਗਾ, ਕਿਸੇ ਨੂੰ ਇਸ ਦਾ ਫਿਲਹਾਲ ਕੋਈ ਇਲਮ ਨਹੀਂ ਹੈ। ਪਰੰਤੂ ਅਸਤੀਫਾ ਦੇ ਚੁੱਕੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪਰੋਅ ਪੰਜਾਬ ਚੈਨਲ ਦੇ ਸੰਪਾਦਕ ਯਾਦਵਿੰਦਰ ਕਰਫਿਊ ਨਾਲ ਇੰਟਰਵਿਊ ਦੌਰਾਨ ਵਿਸ਼ੇਸ਼ ਜਿਕਰ ਕੀਤਾ ਕਿ ਉਨਾਂ ਦੀ ਸਰਕਾਰ ਵੱਲੋਂ ਕਿਸਾਨ ਸੰਘਰਸ਼ ‘ਚ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਨੌਕਰੀ ਦੇਣ ਦਾ ਪ੍ਰੋਗਰਾਮ ਤੈਅ ਸੀ। ਜਿਹੜਾ ਹੁਣ 22 ਸਤੰਬਰ ਨੂੰ ਨਵਾਂ ਬਣਨ ਵਾਲਾ ਮੁੱਖ ਮੰਤਰੀ ਹੀ ਸਮਾਰੋਹ ਵਿੱਚ ਸ਼ਮੂਲੀਅਤ ਕਰੇਗਾ।
ਡੀ.ਸੀ. ਫੂਲਕਾ ਨੇ ਕਿਹਾ ਅਣਮਿੱਥੇ ਸਮੇਂ ਲਈ ਪ੍ਰੋਗਰਾਮ ਮੁਲਤਵੀ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ 21 ਸਤੰਬਰ ਦੇ ਬਰਨਾਲਾ ਵਿਖੇ ਪ੍ਰਸਤਾਵਿਤ ਪ੍ਰੋਗਰਾਮ ਦੀਆਂ ਤਿਆਰੀਆਂ ਵਿੱਚ ਲੱਗੇ ਅਧਿਕਾਰੀ ਅਤੇ ਕਰਮਚਾਰੀ ਵੀ ਰਾਜਸੀ ਉੱਥਲ ਪੁੱਥਲ ਨੂੰ ਧਿਆਨ ਵਿੱਚ ਰੱਖਦਿਆਂ ਨੀਂਹ ਪੱਥਰ ਲਗਾਉਣ ਲਈ ਤਿਆਰ ਕੀਤਾ ਜਾ ਰਿਹਾ ਇੱਟਾਂ ਦਾ ਥੜ੍ਹਾ, ਅੱਧ ਵਿਚਾਲੇ ਖੜ੍ਹਾ, ਛੱਡ ਕੇ ਤੁਰ ਗਏ । ਜਦੋਂਕਿ ਕੱਲ ਦੇਰ ਸ਼ਾਮ ਤੱਕ ਨੀਂਹ ਪੱਥਰ ਵਾਲੀ ਥਾਂ ਤੇ ਸੁਰੱਖਿਆ ਦੇ ਕਰੜੇ ਬੰਦੋਬਸਤ ਕੀਤੇ ਗਏ ਸਨ। ਪਰੰਤੂ ਅੱਜ ਸਵੇਰੇ, ਉਸ ਥਾਂ ਤੇ ਅੱਧਾ ਅਧੂਰਾ ਥੜ੍ਹਾ ਹੀ , ਇਕੱਲਾ ਖੜ੍ਹਾ ਹੀ, ਆਪਣੇ ਚੁਫੇਰੇ ਹੋਣ ਵਾਲੀਆਂ ਰੌਣਕਾਂ ਦੀ ਉਡੀਕ ਕਰ ਰਿਹਾ ਹੈ। ਪਤਾ ਇਹ ਵੀ ਲੱਗਿਆ ਹੈ ਕਿ ਰਾਜਸੀ ਉਥਲ ਪੁਥਲ ਦੀ ਵਜ਼੍ਹਾ ਕਾਰਣ ਹੁਣ ਨਿਸਚਿਤ ਪ੍ਰੋਗਰਾਮ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਡਿਪਟੀ ਕਮਿਸ਼ਨਰ ਤੇਜ਼ ਪ੍ਰਤਾਪ ਸਿੰਘ ਫੂਲਕਾ ਨੇ ਵੀ ਕੀਤੀ ਹੈ। ਫੂਲਕਾ ਨੇ ਦੱਸਿਆ ਕਿ ਫਿਲਹਾਲ ਅਣਮਿੱਥੇ ਸਮੇਂ ਲਈ ਅੱਗੇ ਪਾ ਦਿੱਤਾ ਗਿਆ ਹੈ। ਅਗਲਾ ਪ੍ਰੋਗਰਾਮ ਕਦੋਂ ਹੋਵੇਗਾ, ਇਸ ਦੀ ਜਾਣਕਾਰੀ ਆਉਣ ਵਾਲੇ ਦਿਨਾਂ ਵਿੱਚ ਹੀ ਮਿਲ ਸਕੇਗੀ।