ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਗੁਰਮ ਦੀ ਚੋਣ

Advertisement
Spread information

ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਇਕਾਈ ਗੁਰਮ ਦੀ ਚੋਣ

ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਅਤੇ ਦੀਪਾ ਢਿੱਲੋਂ ਜਨਰਲ ਸਕੱਤਰ ਚੁਣੇ ਗਏ


ਪਰਦੀਪ ਕਸਬਾ , ਬਰਨਾਲਾ 10 ਸਤੰਬਰ

      ਜਿਉਂ ਜਿਉਂ ਮੋਦੀ ਹਕੂਮਤ ਖਿਲ਼ਾਫ ਸਾਂਝਾ ਕਿਸਾਨ ਸੰਘਰਸ਼ ਲੰਬਾ ਹੁੰਦਾ ਜਾ ਰਿਹਾ ਹੈ। ਤਿਉਂ ਤਿਉਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦਾ ਜਨ ਅਧਾਰ ਲਗਾਤਾਰ ਵਧ ਰਿਹਾ ਹੈ। ਜਿਸ ਦੀ ਕੜੀ ਵਜੋਂ ਅੱਜ ਪਿੰਡ ਇਕਾਈ ਗੁਰਮ ਦੀ ਨਵੀਂ ਇਕਾਈ ਦੀ ਚੋਣ ਵਿੱਚ ਗੁਰਪ੍ਰੀਤ ਸਿੰਘ ਧਾਲੀਵਾਲ ਪ੍ਰਧਾਨ ਅਤੇ ਦੀਪਾ ਢਿੱਲੋਂ ਜਨਰਲ ਸਕੱਤਰ ਅਤੇ ਮਾ ਹਰਬੰਸ ਲਾਲ ਖਜਾਨਚੀ ਚੁਣੇ ਗਏ।ਇਸ ਸਮੇਂ ਇਕੱਤਰ ਹੋਏ ਵੱਡੀ ਗਿਣਤੀ ਵਿੱਚ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ ਅਤੇ ਬਾਬੂ ਸਿੰਘ ਖੁੱਡੀਕਲਾਂ ਨੇ ਕਿਹਾ ਕਿ ਕਿਸਾਨੀ ਕਿੱਤੇ ਨੂੰ ਉਜਾੜਣ ਲਈ ਮੋਦੀ ਹਕੂਮਤ ਵੱਲੋਂ ਤਿੰਨ ਬਿਲ ਲਿਆਂਦੇ ਗਏ ਹਨ।

Advertisement

ਇਨ੍ਹਾਂ ਬਿਲਾਂ ਨੂੰ ਲਿਆਉਣ ਪਿੱਛੇ ਸਾਜਿਸ਼ ਕੌਮਾਂਤਰੀ ਲੁਟੇਰੀਆਂ ਸੰਸਥਾਵਾਂ ਵਿਸ਼ਵ ਵਪਾਰ ਸੰਸਥਾ, ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੀ ਹੈ ਜੋ ਭਾਰਤੀ ਹਾਕਮਾਂ ਰਾਹੀਂ ਚੰਦ ਕੁ ਉੱਚ ਅਮੀਰ ਘਰਾਣਿਆਂ ਦੇ ਮੁਨਾਫਿਆਂ ਲਈ ਲਿਆਂਦੇ ਗਏ ਹਨ। ਇਸੇ ਕਰਕੇ ਹੀ ਭਾਰਤੀ ਅਰਥਚਾਰੇ ਦੀ ਰੀੜ ਦੀ ਹੱਡੀ ਖੇਤੀ ਅਰਥਚਾਰੇ ਨੂੰ ਤਬਾਹ ਕਰਨ ਤੇ ਤੁਲੇ ਹੋਏ ਹਨ। ਇਹ ਕਾਨੂੰਨ ਉਸ ਸਮੇਂ ਮੋਦੀ ਸਰਕਾਰ ਲੈਕੇ ਆਈ ਜਦ ਸਮੁੱਚੀ ਭਾਰਤੀ ਵਸੋਂ ਕਰੋਨਾ ਦੀ ਦਹਿਸ਼ਤ ਪਾਕੇ ਘਰਾਂ ਅੰਦਰ ਕੈਦ ਕੀਤਾ ਹੋਇਆ ਸੀ। ਪਰ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਵੱਲੋਂ ਵਡੇਰੇ ਖਤਰੇ ਨੂੰ ਭਾਪਦਿਆਂ ਪੰਜਾਬ ਦੀਆਂ 30 ਕਿਸਾਨ ਜਥੇਬੰਦੀਆਂ ਨੂੰ ਇੱਕ ਪਲੇਟਫਾਰਮ ਤੇ ਇਕੱਠਿਆਂ ਕਰਕੇ ਸੰਘਰਸ਼ ਨੂੰ ਵਿਆਪਕ ਬਣਾਇਆ। ਹੁਣ ਇਹ ਮੁਲਕ ਪੱਧਰੀਆਂ 472 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਸੰਯੁਕਤ ਕਿਸਾਨ ਮੋਰਚਾ ਉੱਸਰ ਗਿਆ ਹੈ।

ਇਸ ਮੋਰਚੇ ਨੇ ਦਿੱਲੀ ਨੂੰ ਚਾਰੇ ਪਾਸਿਆਂ ਤੋਂ ਨੌਂ ਮਹੀਨੇ ਤੋਂ ਵੱਧ ਸਮੇਂ ਤੋਂ ਘੇਰਕੇ ਵਕਤ ਪਾਇਆ ਹੋਇਆ ਹੈ। ਇਸ ਸੰਘਰਸ਼ ਵਿੱਚ ਬੀਕੇਯੂ ਏਕਤਾ ਡਕੌਂਦਾ ਦੀ ਅਗਵਾਈ ਹੇਠ ਰੋਜਾਨਾ ਸੈਂਕੜਿਆਂ ਦੀ ਗਿਣਤੀ ਵਿੱਚ ਕਾਫਲੇ ਸ਼ਾਮਿਲ ਹੋਕੇ ਸੰਘਰਸ਼ ਨੂੰ ਮਜਬੂਤੀ ਬਖਸ਼ ਰਹੇ ਹਨ।ਆਗੂਆਂ ਕਿਹਾ ਕਿ ਅੱਜ ਸਾਡੀ ਜਥੇਬੰਦੀ ਲਈ ਮਾਣ ਵਾਲੀ ਗੱਲ ਹੈ ਕਿ ਕਿਸਾਨ ਮਰਦ ਔਰਤਾਂ ਅਤੇ ਨੌਜਵਾਨ ਜਥੇਬੰਦ ਹੋਕੇ ਸੰਘਰਸ਼ ਦੇ ਰਣ ਤੱਤੇ ਮੈਦਾਨ ਵਿੱਚ ਜੂਝਣ ਲਈ ਅੱਗੇ ਆਏ ਹਨ। ਅਜਿਹਾ ਹੋਣ ਨਾਲ ਜਥੇਬੰਦੀ ਦੀ ਤਾਕਤ ਦੂਣ ਸਵਾਈ ਹੋਈ ਹੈ। ਅਜਿਹੀ ਜਥੇਬੰਦ ਹੋਕੇ ਵਧਦੀ ਤਾਕਤ ਹੀ ਕਿਸਾਨ/ਲੋਕਾਈ ਦੀ ਦੁਸ਼ਮਣ ਮੋਦੀ ਸਰਕਾਰ ਨੂੰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਕਰਨ ਲਈ ਮਜਬੂਰ ਕਰੇਗੀ।ਕਿਸਾਨ ਕਾਫਲੇ ਕਾਲੇ ਕਾਨੂੰਨ ਰੱਦ ਕਰਵਾਕੇ ਹੀ ਦਿੱਲੀ ਦੇ ਬਾਰਡਰਾਂ ਤੋਂ ਵਾਪਸ ਮੁੜਨਗੇ।

ਮੀਤ ਪ੍ਰਧਾਨ ਵਜੋਂ ਡਾ ਹਰਦੀਪ ਸਿੰਘ ਸ.ਸਕੱਤਰ ਵਜੋਂ ਸਰਦਾਰਾ ਸਿੰਘ ਅਤੇ ਸ.ਖਜਾਨਚੀ ਵਜੋਂ ਪੰ ਦੀਨ ਦਿਆਲ, ਪਰੈਸ ਸਕੱਤਰ ਬਿੰਦਰ ਸਿੰਘ ਨੂੰ ਜਿੰਮੇਵਾਰੀ ਸੌਂਪੀ ਗਈ । ਇਸ ਤੋਂ ਇਲਾਵਾ 15 ਮੈਂਬਰੀ ਕਾਰਜਕਾਰੀ ਕਮੇਟੀ ਦੀ ਚੋਣ ਕੀਤੀ ਗਈ।ਕਿਸਾਨ ਆਗੂਆਂ ਨੇ ਸਾਂਝੇ ਕਿਸਾਨ ਸੰਘਰਸ਼ ਦੇ ਅਗਲੇ ਅਹਿਮ ਪੜਾਅ 27 ਸਤੰਬਰ ਭਾਰਤ ਬੰਦ ਦੇ ਸੱਦੇ ਨੂੰ ਸਫਲ ਬਨਾਉਣ ਦੀਆਂ ਤਿਆਰੀਆਂ ਵਿੱਚ ਪੂਰੀ ਸ਼ਿੱਦਤ ਨਾਲ ਜੁਟ ਜਾਣ ਦਾ ਸੱਦਾ ਦਿੱਤਾ। ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 28 ਸਤੰਬਰ ਨੂੰ ਸਾਮਰਾਜ ਵਿਰੋਧੀ ਦਿਵਸ ਮਨਾਉਣ ਲਈ ਦਿੱਲੀ ਅਤੇ ਪੰਜਾਬ ਦੇ ਵੱਖ ਵੱਖ ਥਾਵਾਂ ਉੱਪਰ ਚਲਦੇ ਸੰਘਰਸ਼ ਪਿੜਾਂ ਵਿੱਚ ਕਿਸਾਨ ਔਰਤਾਂ ਸਮੇਤ ਵੱਡੀ ਗਿਣਤੀ ਵਿੱਚ ਨੌਜਵਾਨ ਕਿਸਾਨਾਂ ਨੂੰ ਸ਼ਮੂਲੀਅਤ ਕਰਨ ਦੀ ਜੋਰਦਾਰ ਅਪੀਲ ਕੀਤੀ।

Advertisement
Advertisement
Advertisement
Advertisement
Advertisement
error: Content is protected !!