ਪਟਿਆਲਾ ਤੋਂ ਰਾਜਪੁਰਾ ਜਾਣ ਤੇ ਚੰਡੀਗੜ੍ਹ ਤੋਂ ਪਟਿਆਲਾ ਆਉਣ ਲਈ ਟ੍ਰੈਫਿਕ ਪਲਾਨ ਜਾਰੀ
–ਐਸ.ਪੀ. ਟ੍ਰੈਫਿਕ ਚੀਮਾ ਵੱਲੋਂ ਲੋਕਾਂ ਨੂੰ ਨਿਰਵਿਘਨ ਆਵਾਜਾਈ ਲਈ ਬਦਲਵੇਂ ਰਸਤੇ ਅਪਨਾਉਣ ਦੀ ਅਪੀਲ
ਬਲਵਿੰਦਰਪਾਲ , ਪਟਿਆਲਾ, 9 ਸਤੰਬਰ 2021
ਪਟਿਆਲਾ ਦੇ ਰਾਜਪੁਰਾ ਰੋਡ ‘ਤੇ ਸਰਹਿੰਦ ਬਾਈਪਾਸ ਨੇੜੇ ਬਣ ਰਹੇ ਨਵੇਂ ਬੱਸ ਅੱਡੇ ਦੇ ਮੂਹਰੇ ਬੱਸਾਂ ਦੇ ਬੱਸ ਸਟੈਂਡ ‘ਚ ਦਾਖਲੇ ਲਈ ਲੋਕ ਨਿਰਮਾਣ ਵਿਭਾਗ ਵੱਲੋਂ ਸੜਕ ਉਪਰ ਬਣਾਏ ਜਾ ਰਹੇ ਫਲਾਈਓਵਰ ਦੇ ਨਿਰਮਾਣ ਕਾਰਜਾਂ ਨੂੰ ਤੇਜੀ ਨਾਲ ਮੁਕੰਮਲ ਕਰਨ ਲਈ ਰਾਜਪੁਰਾ ਰੋਡ ‘ਤੇ ਚੌਰਾ ਚੌਂਕ ਤੋਂ ਅਰਬਨ ਅਸਟੇਟ ਚੌਂਕ ਤੱਕ ਸੜਕ ਉਪਰ ਆਵਾਜਾਈ ਬੰਦ ਕੀਤੀ ਗਈ ਹੈ। ਇਸ ਦੌਰਾਨ ਲੋਕਾਂ ਨੂੰ ਬਦਲਵੇਂ ਰਸਤੇ ਅਪਨਾਉਣ ਲਈ ਨਵਾਂ ਟ੍ਰੈਫਿਕ ਪਲਾਨ ਜਾਰੀ ਕੀਤਾ ਗਿਆ ਹੈ।
ਇਹ ਜਾਣਕਾਰੀ ਟ੍ਰੈਫਿਕ ਪੁਲਿਸ ਦੇ ਐਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਦਿੱਤੀ। ਉਨ੍ਹਾਂ ਨੇ ਇਸ ਸਬੰਧੀਂ ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਐਸ.ਐਲ. ਗਰਗ, ਡੀ.ਐਸ.ਪੀ. ਟ੍ਰੈਫਿਕ ਰਜੇਸ਼ ਸਨੇਹੀ ਅਤੇ ਹੋਰ ਟ੍ਰੈਫਿਕ ਅਧਿਕਾਰੀਆਂ ਨਾਲ ਇੱਕ ਮੀਟਿੰਗ ਕਰਕੇ ਨਿਰਵਿਘਨ ਆਵਾਜਾਈ ਲਈ ਪ੍ਰਬੰਧ ਕੀਤੇ। ਸ. ਚੀਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਫਲਾੲਓਵਰ ਦੀ ਸਲੈਬ ਪੈਣ ਤੱਕ ਬੇਰੋਕ ਤੇ ਨਿਰਵਿਘਨ ਆਵਾਜਾਈ ਲਈ ਟ੍ਰੈਫਿਕ ਪੁਲਿਸ ਨੂੰ ਸਹਿਯੋਗ ਦਿੰਦੇ ਹੋਏ ਬਦਲਵੇਂ ਰਸਤੇ ਅਪਨਾਉਣ ਤਾਂ ਕਿ ਉਨ੍ਹਾਂ ਨੂੰ ਕਿਸੇ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।
ਐਸ.ਪੀ. ਚੀਮਾ ਨੇ ਦੱਸਿਆ ਕਿ ਹੈਵੀ ਟਰੈਫਿਕ ਟਰੱਕਾਂ ਆਦਿ ਲਈ ਪਟਿਆਲਾ-ਸਰਹਿੰਦ ਰੋਡ ਤੋਂ ਨਾਰਦਨ ਬਾਈਪਾਸ (ਸਰਹਿੰਦ ਰੋਡ ਬਾਈਪਾਸ) ਹੋ ਕੇ ਅਰਬਨ ਅਸਟੇਟ ਚੌਂਕ ਤੋਂ ਚੰਡੀਗੜ੍ਹ-ਰਾਜਪੁਰਾ ਨੂੰ ਜਾਇਆ ਜਾ ਸਕੇਗਾ। ਜਦੋਂਕਿ ਚੰਡੀਗੜ੍ਹ, ਰਾਜਪੁਰਾ, ਅੰਬਾਲਾ, ਦਿੱਲੀ ਆਦਿ ਜਾਣ ਵਾਲੀਆਂ ਬੱਸਾਂ, ਬੱਸ ਸਟੈਂਡ ਤੋਂ ਡੀ.ਐਮ.ਡਬਲਿਯੂ. ਰੇਲਵੇ ਸਟੇਸ਼ਨ ਦੇ ਨਾਲ-ਨਾਲ ਸੜਕ ਤੋਂ ਨਾਰਦਨ ਬਾਈਪਾਸ (ਸਰਹਿੰਦ ਬਾਈਪਾਸ ਰੋਡ) ਹੋ ਕੇ ਅਰਬਨ ਅਸਟੇਟ ਚੌਂਕ ਤੋਂ ਅੱਗੇ ਜਾਣਗੀਆਂ।
ਇਸ ਤੋਂ ਇਲਾਵਾ ਹਲਕੇ ਵਾਹਨਾਂ ਲਈ ਪਟਿਆਲਾ-ਰਾਜਪੁਰਾ ਰੋਡ ਤੋਂ ਵੱਡੀ ਨਦੀ ਰੋਡ ਤੋਂ ਹੁੰਦੇ ਹੋਏ ਨਾਰਦਨ ਬਾਈਪਾਸ (ਸਰਹਿੰਦ ਰੋਡ ਬਾਈਪਾਸ) ਤੋਂ ਦੀ ਹੋ ਕੇ ਅਰਬਨ ਅਸਟੇਟ ਚੌਂਕ ਤੋਂ ਅੱਗੇ ਜਾਇਆ ਜਾ ਸਕੇਗਾ। ਪਟਿਆਲਾ-ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਬਹਾਦਰਗੜ ਜਾਇਆ ਜਾ ਸਕੇਗਾ। ਇਸਦੇ ਨਾਲ ਹੀ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਕਮਾਂਡੋ ਕੰਪਲੈਕਸ ਤੋਂ ਵੀ ਰਾਜਪੁਰਾ ਰੋਡ ‘ਤੇ ਚੜ੍ਹਿਆ ਜਾ ਸਕੇਗਾ। ਇਸੇ ਤਰ੍ਹਾਂ ਹੀ ਹਲਕੇ ਵਾਹਨ ਰਾਜਪੁਰਾ ਰੋਡ ਤੋਂ ਚੌਰਾ ਰੋਡ ਤੋਂ ਨੂਰਪੁਰ ਖੇੜੀਆਂ ਹੋ ਕੇ ਅਰਬਨ ਅਸਟੇਟ ਚੌਂਕ ਫੇਜ਼-3 ਤੋਂ ਵੀ ਇਸ ਰਾਜਪੁਰਾ ਰੋਡ ‘ਤੇ ਚੜ੍ਹ ਸਕਣਗੇ।
ਐਸ.ਪੀ. ਪਲਵਿੰਦਰ ਸਿੰਘ ਚੀਮਾ ਨੇ ਅੱਗੇ ਦੱਸਿਆ ਕਿ ਚੰਡੀਗੜ੍ਹ, ਰਾਜਪੁਰਾ, ਅੰਬਾਲਾ, ਦਿੱਲੀ ਆਦਿ ਤੋਂ ਆਉਣ ਵਾਲੀ ਟ੍ਰੈਫਿਕ ਲਈ ਵੀ ਬਦਲਵਾਂ ਰਸਤਾ ਬਣਾਇਆ ਗਿਆ ਹੈ। ਸ. ਚੀਮਾ ਨੇ ਦੱਸਿਆ ਕਿ ਹੈਵੀ ਟਰੈਫਿਕ ਲਈ ਅਰਬਨ ਅਸਟੇਟ ਚੌਂਕ ਤੋਂ ਦੱਖਣੀ ਬਾਈਪਾਸ ਤੋਂ ਦੇਵੀਗੜ੍ਹ ਰੋਡ ਕੱਟ ਤੋਂ ਸਨੌਰੀ ਅੱਡਾ ਹੋ ਕੇ ਟਰੱਕ ਯੂਨੀਅਨ ਪਟਿਆਲਾ/ ਲੱਕੜ ਮੰਡੀ ਹੁੰਦੇ ਹੋਏ ਪਟਿਆਲਾ ਸ਼ਹਿਰ ‘ਚ ਦਾਖਲ ਹੋ ਸਕਿਆ ਜਾ ਸਕੇਗਾ। ਜਦੋਂਕਿ ਹਲਕੇ ਵਾਹਨਾਂ ਅਰਬਨ ਅਸਟੇਟ ਚੌਂਕ ਤੋਂ ਨਾਰਦਨ (ਸਰਹਿੰਦ ਬਾਈਪਾਸ ਰੋਡ) ਬਾਈਪਾਸ ਪਟਿਆਲਾ ਹੋ ਕੇ ਵੱਡੀ ਨਦੀ ਰੋਡ/ ਡੀ.ਐਮ.ਡਬਲਿਯੂ ਰੋਡ ਜਾਂ ਫਿਰ ਸਰਹਿੰਦ ਪਟਿਆਲਾ ਰੋਡ ਹੋ ਕੇ ਪਟਿਆਲਾ ਸ਼ਹਿਰ ਅੰਦਰ ਦਾਖਲ ਹੋਣ ਦੇ ਬਦਲਵੇਂ ਪ੍ਰਬੰਧ ਕੀਤੇ ਗਏ ਹਨ।