*ਦਹਿਕਦੇ ਅੰਗਾਰਾਂ ‘ਤੇ ਸੌਂਦੇ ਰਹੇ ਲੋਕ : ਜਿੱਤ ਤੱਕ ਜੰਗ ਜਾਰੀ ਰੱਖਣ ਦੇ ਅਹਿਦ ਨਾਲ ਯੁੱਗ-ਕਵੀ ਪਾਸ਼ ਨੂੰ,ਜਨਮ ਦਿਨ ਮੌਕੇ,ਸਿਜਦਾ ਕੀਤਾ।
* ਐਮਐਸਪੀ ‘ਵਧਾਉਣ’ ਦੀ ਸਾਲਾਨਾ ਰਸਮ ਨਿਭਾਈ : ਨਿਗੂਣਾ ਵਾਧਾ ਕਰਕੇ ਕਿਸਾਨਾਂ ਦੇ ਜਖਮਾਂ ‘ਤੇ ਨਮਕ ਛਿੜਕਿਆ: ਕਿਸਾਨ ਆਗੂ
ਪਰਦੀਪ ਕਸਬਾ , ਬਰਨਾਲਾ: 09 ਸਤੰਬਰ, 2021
ਬੱਤੀ ਜਥੇਬੰਦੀਆਂ ‘ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 344ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਦੇ ਦਿਨ ਸੰਨ 1950 ਵਿੱਚ,ਸਾਡੇ ਸਮਿਆਂ ਦੇ ਮਹਾਨ ਕਵੀ ਅਵਤਾਰ ਸਿੰਘ ਪਾਸ਼ ਦਾ ਜਨਮ ਹੋਇਆ ਸੀ। ਉਨਾਂ ਦੀ ਇਨਕਲਾਬੀ ਕਵਿਤਾ ਨੇ ਸਿਰਫ ਪੰਜਾਬ ਦੇ ਹੀ ਨਹੀਂ ਸਗੋਂ ਪੂਰੀ ਦੁਨੀਆ ਦੇ ਲੋਕਾਂ ਨੂੰ ਹਰ ਤਰ੍ਹਾਂ ਦੀ ਗੁਲਾਮੀ ਦੀਆਂ ਜੰਜੀਰਾਂ ਤੋੜਨ ਲਈ ਪ੍ਰੇਰਿਆ। ਕਿਸਾਨ ਅੰਦੋਲਨ ਨੂੰ ਜਿੱਤ ਤੱਕ ਜਾਰੀ ਰੱਖਣ ਦੇ ਅਹਿਦ ਨੂੰ ਦ੍ਰਿੜਾ ਕੇ ,ਅੱਜ ਧਰਨੇ ਵਿੱਚ ਉਸ ਯੁੱਗਕਵੀ ਨੂੰ ਸਿਜਦਾ ਕੀਤਾ ਗਿਆ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਰਣਧੀਰ ਸਿੰਘ ਰਾਜਗੜ੍ਹ, ਗੋਰਾ ਸਿੰਘ ਢਿੱਲਵਾਂ, ਬੂਟਾ ਸਿੰਘ ਬਰਨਾਲਾ, ਪਰਮਜੀਤ ਕੌਰ, ਜਸਵੀਰ ਸਿੰਘ ਖੇੜੀ, ਬਲਜੀਤ ਸਿੰਘ ਚੌਹਾਨਕੇ, ਹਰਚਰਨ ਚੰਨਾ, ਬਾਬੂ ਸਿੰਘ ਖੁੱਡੀ ਕਲਾਂ, ਮਨਜੀਤ ਰਾਜ, ਗੁਰਜੰਟ ਸਿੰਘ ਟੀਐਸਯੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਕੇਂਦਰ ਸਰਕਾਰ ਨੇ ਅਗਲੇ ਸ਼ੀਜਨ ਦੀਆਂ ਹਾੜ੍ਹੀ ਫਸਲਾਂ ਦੀ ਐਮਐਸਪੀ ਦਾ ਐਲਾਨ ‘ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ’ ਕਹਿ ਕੇ ਕੀਤਾ। ਦਰਅਸਲ ਜੇਕਰ 6% ਦੀ ਔਸਤ ਪ੍ਰਚੂਨ ਮਹਿੰਗਾਈ ਦਰ ਨਾਲ ਇਨ੍ਹਾਂ ਰੇਟਾਂ ਨੂੰ ਘਟਾ ਦਿੱਤਾ ਜਾਵੇ ਤਾਂ ਹਕੀਕੀ ਅਰਥਾਂ ਵਿੱਚ ਐਮਐਸਪੀ ਪਿਛਲੇ ਸਾਲ ਨਾਲੋਂ ਘੱਟ ਹੈ। ਕਣਕ ਦੇ ਰੇਟ ਵਿੱਚ ਮਹਿਜ਼ 2% ਤੇ ਛੋਲਿਆਂ ਲਈ ਸਿਰਫ 2.5% ਵਾਧਾ ਕੀਤਾ ਹੈ। ਡੀਜਲ, ਪੈਟਰੌਲ, ਬੀਜਾਂ ਤੇ ਹੋਰ ਖੇਤੀ ਲਾਗਤਾਂ ਵਿੱਚ ਹੋਇਆ ਬੇਤਹਾਸ਼ਾ ਵਾਧਾ ਔਸਤ ਪ੍ਰਚੂਨ ਮਹਿੰਗਾਈ ਦਰ ਤੋਂ ਕਿਤੇ ਵਧੇਰੇ ਹੋਇਆ ਹੈ।ਪੰਜਾਬ ਸਰਕਾਰ ਨੇ ਭਾਵੇਂ ਕਣਕ ਦੀ ਫਸਲ ਦੇ ਸਮੁੱਚੇ ( ਸੀ- ਟੂ) ਖਰਚੇ ਨਹੀਂ ਜੋੜ੍ਹੇ, ਫਿਰ ਵੀ ਇਸ ਨੇ 2830 ਰੁਪਏ ਪ੍ਰਤੀ ਕੁਵਿੰਟਲ ਦੀ ਸਿਫਾਰਸ਼ ਕੀਤੀ ਸੀ। ਕੇਂਦਰ ਸਰਕਾਰ ਸਵਾਮੀਨਾਥਨ ਕਮਿਸ਼ਨ ਵੱਲੋਂ ਸੁਝਾਏ ‘ਸੀ-ਟੂ ਪਲੱਸ 50%’ ਦੀ ਬਜਾਏ ‘ਏ.ਐਲ ਪਲੱਸ 50%’ ਦਾ ਫਾਰਮੂਲਾ ਵਰਤ ਕੇ ਕਿਸਾਨਾਂ ਨੂੰ ਧੋਖਾ ਦੇ ਰਹੀ ਹੈ।
ਇਸ ਤੋਂ ਵੀ ਵੱਡਾ ਧੋਖਾ ਇਹ ਹੈ ਕਿ ਐਲਾਨ 23 ਫਸਲਾਂ ਲਈ ਕੀਤਾ ਜਾਂਦਾ ਹੈ ਪਰ ਖਰੀਦੀਆਂ ਸਿਰਫ ਦੋ ਫਸਲਾਂ ਜਾਂਦੀਆਂ ਹਨ, ਉਹ ਵੀ ਦੋ- ਢਾਈ ਸੂਬਿਆਂ ‘ਚ। ਕਿਸਾਨ ਮੋਰਚਾ ਇਸ ਐਮਐਸਪੀ ਨੂੰ ਰੱਦ ਕਰਦਾ ਹੈ ਅਤੇ ‘ਸੀ-ਟੂ ਪਲੱਸ’ ਫਾਰਮੂਲੇ ਨੂੰ ਸਹੀ ਅਰਥਾਂ ਵਿੱਚ ਲਾਗੂ ਕਰਨ ਦੀ ਮੰਗ ਕਰਦਾ ਹੈ।
ਅੱਜ ਗੁਰਮੇਲ ਸਿੰਘ ਕਾਲੇਕੇ ਦੇ ਕਵੀਸ਼ਰੀ ਜਥੇ ਨੇ ਬੀਰਰਸੀ ਕਵੀਸ਼ਰੀ ਦੇ ਗਾਇਣ ਰਾਹੀਂ ਪੰਡਾਲ ‘ਚ ਜੋਸ਼ ਭਰਿਆ।