ਫਸਲੀ ਵਿਭਿੰਨਤਾ ਅਤੇ ਸਹਾਇਕ ਧੰਦੇ ਅਪਣਾ ਕੇ ਚੌਖਾ ਮੁਨਾਫਾ ਕਮਾ ਰਿਹੈ ਅਗਾਂਹਵਧੂ ਕਿਸਾਨ ਕੁਲਜੀਤ ਸਿੰਘ
*ਮੁੱਖ ਖੇਤੀਬਾੜੀ ਅਫ਼ਸਰ ਵੱਲੋਂ ਕਿਸਾਨਾਂ ਨੂੰ ਖੇਤੀ ਦੇ ਨਾਲ-ਨਾਲ ਸਹਾਇਕ ਧੰਦੇ ਅਪਨਾਉਣ ਦਾ ਸੱਦਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 8 ਸਤੰਬਰ 2021
ਪੰਜਾਬ ਸਰਕਾਰ ਦੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਸੰਗਰੂਰ ਵੱਲੋਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲਾਂ ਦੀ ਰਹਿੰਦ-ਖੂੰਹਦ ਨੂੰ ਸਾੜਨ ਤੋਂ ਰੋਕਣ ਲਈ ਜਿੱਥੇ ਲਗਾਤਾਰ ਜਾਗਰੂਕ ਕੀਤਾ ਜਾ ਰਿਹੈ ਹੈ, ਉਥੇ ਇਨ੍ਹਾਂ ਉਦੇਸ਼ਾਂ ਨੂੰ ਪੂਰਾ ਕਰਨ ਲਈ ਪਿੰਡ ਫਤਹਿਗੜ੍ਹ ਛੰਨਾ ਬਲਾਕ ਸੰਗਰੂਰ ਦਾ ਅਗਾਂਹਵਧੂ ਕਿਸਾਨ ਕੁਲਜੀਤ ਸਿੰਘ ਅਹਿਮ ਭੂਮਿਕਾ ਨਿਭਾ ਰਿਹਾ ਹੈ।
ਸਫ਼ਲ ਕਿਸਾਨ ਕੁਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਪਰਾਲੀ ਦੀ ਸਾਂਭ ਸੰਭਾਲ ਲਈ ਚਲਾਈ ਗਈ ਸਕੀਮ ਕਰਾਪ ਰਿਜ਼ਿਡਿਊ ਮੈਨੇਜ਼ਮੈਂਟ ਰਾਹੀ ਪਿਛਲੇ ਚਾਰ ਸਾਲਾਂ ਤੋਂ ਆਪਣੀ ਤਿੰਨ ਏਕੜ ਜ਼ਮੀਨ ’ਚ ਪਰਾਲੀ ਨੂੰ ਬਿਨ੍ਹਾਂ ਅੱਗ ਲਾਗਏ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕਰ ਰਿਹਾ ਹੈ। ਸਫ਼ਲ ਕਿਸਾਨ ਦਾ ਕਹਿਣਾ ਹੈ ਕਿ ਉਸਦੀ ਪਤਨੀ ਮਨਜਿੰਦਰ ਕੌਰ ਜੋ ਖੁਦ ਇਕ ਕਿਸਾਨ ਹੈ, ਜਿਸਦੇ ਵੱਲੋਂ 2020-21 ਦੌਰਾਨ ਰਿਜ਼ਿਡਿਊ ਮੈਨੇਜ਼ਮੈਂਟ ਤਹਿਤ 50 ਫੀਸਦੀ ਉਪਦਾਨ ’ਤੇ ਇਕ ਸੁਪਰਸੀਡਰ ਵੀ ਲਿਆ ਗਿਆ ਹੈ।
ਕੁਲਜੀਤ ਸਿੰਘ ਦੇ ਦੱਸਣ ਅਨੁਸਾਰ ਉਸ ਵੱਲੋਂ ਸਾਲ 2015 ’ਚ ਇਹ ਫੈਸਲਾ ਕੀਤਾ ਗਿਆ ਕਿ ਉਹ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਨਹੀ ਲਗਾਏਗਾ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪ੍ਰੇਰਿਤ ਕਰੇਗਾ। ਕਿਸਾਨ ਨੇ ਦੱਸਿਆ ਕਿ ਪਿਛਲੇ ਸਾਲ ਉਸ ਵੱਲੋਂ 8 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਝੋਨੇ ਦੇ ਖੜ੍ਹੇ ਕਰਚਿਆਂ ਵਿੱਚ ਹੈਪੀ ਸੀਡਰ ਅਤੇ ਰੋਟਾਵੇਟਰ ਮਸੀਨ ਨਾਲ ਕੀਤੀ ਗਈ ਅਤੇ ਉਸ ਵੱਲੋਂ ਪ੍ਰਤੀ ਏਕੜ ਔਸਤਮ ਝਾੜ ਵਿੱਚ ਇਕ ਤੋਂ ਡੇਢ ਕੁਇੰਟਲ ਵਾਧਾ ਪ੍ਰਾਪਤ ਕੀਤਾ, ਇਸ ਨਾਲ ਉਸਦੇ ਖੇਤੀ ਨਾਲ ਸਬੰਧਤ ਖਰਚਿਆਂ ਵਿੱਚ ਬਹੁਤ ਕਮੀ ਆਈ ਹੈ।
ਅਗਾਂਹਵਧੂ ਕਿਸਾਨ ਨੇ ਦੱਸਿਆ ਕਿ ਹੈਪੀ ਸੀਡਰ ਨਾਲ ਬਿਜਾਈ ਕਰਨ ਤੋਂ ਪਹਿਲਾ ਉਸਦੇ ਖੇਤ ਵਿੱਚ ਕਲੱਰ ਦੀ ਮਾਤਰਾ ਬਹੁਤ ਜ਼ਿਆਦਾ ਸੀ ਪਰ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਖੇਤ ਵਿੱਚ ਵਾਹੁਣ ਨਾਲ ਹਰ ਸਾਲ ਜੈਵਿਕ ਮਾਦੇ ਦੀ ਮਾਤਰਾ ਵੱਧ ਰਹੀ ਹੈ। ਕੁਲਜੀਤ ਸਿੰਘ ਨੇ ਕਿਹਾ ਕਿ ਇਸ ਸਾਲ ਉਸ ਵੱਲੋਂ ਇਕ ਏਕੜ ਵਿੱਚ ਪਕਾਵੀਂ ਮੱਕੀ ਦੀ ਖੇਤੀ ਕਰਨ ਦਾ ਤਜ਼ਰਬਾ ਵੀ ਕੀਤਾ ਗਿਆ ਹੈ ਜਿਸ ਤੋਂ ਉਹ ਕਾਫ਼ੀ ਸੰਤੁਸ਼ਟ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਉਹ ਇਸ ਰਕਬੇ ਨੂੰ ਹੋਰ ਵਧਾਏਗਾ।
ਸਫ਼ਲ ਕਿਸਾਲ ਕੁਲਜੀਤ ਸਿੰਘ ਨੇ ਦੱਸਿਆ ਕਿ ਉਸ ਕੋਲ ਕਰੀਬ ਮੱਝਾਂ ਅਤੇ ਗਾਵਾਂ ਸਮੇਤ 9 ਪਸ਼ੂ ਹਨ। ਉਸਨੇ ਅੱਗੇ ਦੱਸਿਆ ਕਿਂ ਆਪਣੀ ਘਰੇਲੂ ਵਰਤੋਂ ਲਈ ਬਾਈਓਗੈਸ ਪਲਾਂਟ ਲਗਾਇਆ ਹੋਇਆ ਹੈ ਜਿਸ ਰਾਹੀ ਪਸ਼ੂ ਧੰਨ ਤੋਂ ਪ੍ਰਾਪਤ ਗੋਬਰ ਦਾ ਇਸਤੇਮਾਲ ਬਾਈਓਗੈਸ ਤਿਆਰ ਕਰਕੇ ਆਪਣੀ ਘਰ ਦੀ ਰਸੋਈ ਵਿੱਚ ਅਤੇ ਗੈਸ ਗੀਜ਼ਰ ਵਿੱਚ ਪਾਈਪ ਲਾਈਨ ਰਾਹੀ ਇਸਦਾ ਇਸਤੇਮਾਲ ਕਰਦਾ ਹੈ। ਕੁਲਜੀਤ ਸਿੰਘ ਮੁਤਾਬਿਕ ਉਹ ਰਸੋਈ ਵਿੱਚ ਸਿਲੰਡਰ ਇਸਤੇਮਾਲ ਨਹੀ ਕਰਦਾ, ਕਿਉਂਕਿ ਉਸਦੀਆਂ ਸਾਰੀਆਂ ਲੋੜਾਂ ਬਾਈਓਗੈਸ ਰਾਹੀ ਹੱਲ ਹੋ ਜਾਂਦੀਆਂ ਹਨ ਅਤੇ ਬਚੇ ਹੋਏ ਗੋਬਰ ਨਾਲ ਰੂੜੀ ਖਾਦ ਤਿਆਰ ਕਰਕੇ ਖੇਤਾਂ ਵਿੱਚ ਵਰਤਦਾ ਹੈ।
ਕਿਸਾਨ ਨੇ ਦੱਸਿਆ ਕਿ ਪਸ਼ੂਆਂ ਤੋਂ ਪ੍ਰਾਪਤ ਦੁੱਧ ਦਾ ਸਵੈ ਮੰਡੀਕਰਨ ਕਰਕੇ ਵਧੀਆਂ ਮੁਨਾਫਾ ਕਮਾ ਰਿਹਾ ਹੈ ਅਤੇ ਆਪਣੀ ਘਰੇਲੂ ਵਰਤੋਂ ਲਈ ਜੈਵਿਕ ਸਬਜੀਆਂ ਦਾ ਉਤਪਾਦਨ ਵੀ ਕਰਦਾ ਹੈ। ਕਿਸਾਨ ਨੇ ਦੱਸਿਆ ਕਿ ਕੋਈ ਵੀ ਕਿਸਾਨ ਕਿਸੇ ਪ੍ਰਕਾਰ ਦੀ ਸਲਾਹ ਲਈ ਉਸਦੇ ਮੋਬਾਇਲ ਨੰਬਰ 90236-65236 ’ਤੇ ਸੰਪਰਕ ਕਰ ਸਕਦਾ ਹੈ।
ਮੁੱਖ ਖੇਤੀਬਾੜੀ ਅਫਸ਼ਰ ਡਾ. ਜਸਵਿੰਦਰ ਸਿੰਘ ਗਰੇਵਾਲ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਝੋਨੇ ਦੀ ਪਰਾਲੀ ਅਤੇ ਕਣਕ ਦੇ ਨਾੜ ਨੂੰ ਖੇਤਾਂ ਵਿੱਚ ਅੱਗ ਲਾਉਣ ਨਾਲ ਜਿਥੇ ਜ਼ਮੀਨ ਦੀ ਉਪਜਾਊ ਸਕਤੀ ਅਤੇ ਲਾਭਕਾਰੀ ਜੀਵਾਣੂਆਂ ਦਾ ਨੁਕਸਾਨ ਹੁੰਦਾ ਹੈ ਉਥੇ ਵਾਤਾਵਰਣ ਪਲੀਤ ਹੁੰਦਾ ਹੈ ਅਤੇ ਮਨੁੱਖੀ ਅਤੇ ਪਸ਼ੂਆਂ ਦੀ ਸਿਹਤ ਤੇ ਵੀ ਮਾੜਾ ਅਸਰ ਪੈਦਾ ਹੈ।
ਉਨ੍ਹਾਂ ਕਿਹਾ ਕਿ ਪਰਾਲੀ ਦੇ ਧੂੰਏ ਕਾਰਣ ਕਈ ਵਾਰ ਕੀਮਤੀ ਜਾਨਾਂ ਵੀ ਜਾਂਦੀਆਂ ਹਨ, ਹੈਪੀਸੀਡਰ ਜਾਂ ਸੁਪਰਸੀਡਰ ਨਾਲ ਜ਼ਮੀਨ ਦੀ ਬਣਤਰ ਵਿੱਚ ਸੁਧਾਰ ਕਰਕੇ ਚੰਗੀ ਪੈਦਾਵਾਰ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਵਾਤਵਾਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਵੀ ਬਚਾਇਆ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਕੁਲਜੀਤ ਸਿੰਘ ਇਕ ਅਗਾਂਹਵਧੂ ਕਿਸਾਨ ਤੇ ਇਕ ਵਾਤਾਵਰਣ ਪ੍ਰੇਮੀ ਵੀ ਹੈ ਜੋ ਆਪਦੇ ਇਲਾਕੇ ਦੇ ਨੌਜਵਾਨਾਂ ਅਤੇ ਹੋਰਨਾਂ ਕਿਸਾਨਾਂ ਲਈ ਮਿਸਾਲ ਦੇ ਤੌਰ ਤੇ ਉਭਰਿਆ ਹੈ ਅਤੇ ਅੱਜ ਦੇ ਦੌਰ ਵਿੱਚ ਪੰਜਾਬ ਦੇ ਨੌਜਵਾਨ ਵੀਰਾਂ ਲਈ ਪ੍ਰੇਰਣਾ ਸਰੋਤ ਵੀ ਹੈ।