ਸਰਕਾਰ ਯੂਰੀਆ ਖਾਦ ਦੀ ਕਿੱਲਤ ਤੁਰੰਤ ਦੂਰ ਕਰੇ: ਕਿਸਾਨ ਆਗੂ
ਚੈਕਾਂ ਰਾਹੀਂ ਬੁਢਾਪਾ ਪੈਨਸ਼ਨ ਦੇ ਭੁਗਤਾਨ ਕਾਰਨ ਬਜ਼ੁਰਗਾਂ ਦੀ ਖੱਜਲ-ਖੁਆਰੀ ਹੋਵੇਗੀ; ਅਹਿਸਾਨ ਜਤਾਉਣ ਦਾ ਕੋਝਾ ਹੱਥਕੰਡਾ: ਕਿਸਾਨ ਆਗੂ
ਸ਼ਹੀਦੀ ਦਿਵਸ ਮੌਕੇ ਮਰਹੂਮ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਡਾਬੋਲਕਰ ਨੂੰ ਸ਼ਰਧਾਂਜਲੀ ਭੇਟ ਕੀਤੀ; ਤਰਕਸ਼ੀਲ ਸਾਹਿਤ ਵੰਡਿਆ।
ਪਰਦੀਪ ਕਸਬਾ , ਬਰਨਾਲਾ: 20 ਅਗਸਤ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 324ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਧਰਨੇ ਵਿੱਚ ਕੇਂਦਰ ਸਰਕਾਰ ਵੱਲੋਂ ਆਉਂਦੇ ਸ਼ੀਜਨ ‘ਚ ਝੋਨੇ ਦੀ ਖਰੀਦ ਸਬੰਧੀ ਪੰਜਾਬ ਸਰਕਾਰ ਨੂੰ ਭੇਜੀ ਚਿੱਠੀ ਦਾ ਮੁੱਦਾ ਭਾਰੂ ਰਿਹਾ। ਕੇਂਦਰ ਸਰਕਾਰ ਨੇ ਝੋਨਾ ਖਰੀਦ ਲਈ ਤੈਅ ਮਾਪਦੰਡ ਹੋਰ ਸਖਤ ਕਰ ਦਿੱਤੇ ਹਨ।
ਕੰਕਰ/ਰੋਡ ਆਦਿ ਦੀ ਮਾਤਰਾ 2 ਤੋਂ ਘਟਾ ਕੇ 1 %; ਬਦਰੰਗ ਤੇ ਟੋਟੇ ਦੀ ਮਾਤਰਾ 5 ਤੋਂ ਘਟਾ ਕੇ 3% ਅਤੇ ਨਮੀ ਦੀ ਮਾਤਰਾ 17 ਤੋਂ ਘਟਾ ਕੇ 16 ਫੀ ਸਦੀ ਕਰ ਦਿੱਤੀ ਹੈ।
ਇਸੇ ਤਰ੍ਹਾਂ ਝੋਨੇ ਦੀ ਸ਼ੈਲਿੰਗ ਬਾਅਦ ਸ਼ੈਲਰਾਂ ਵਾਲੇ ਜਿਹੜੇ ਚੌਲ ਸਰਕਾਰ ਨੂੰ ਵਾਪਸ ਕਰਦੇ ਹਨ, ਉਸ ਦੇ ਮਾਪਦੰਡ ਵੀ ਬਹੁਤ ਸਖਤ ਕਰ ਦਿੱਤੇ ਹਨ।ਬੁਲਾਰਿਆਂ ਨੇ ਕਿਹਾ ਕਿ ਝੋਨੇ ਦੀ ਖਰੀਦ ਲਈ ਤੈਅ ਮਾਪਦੰਡ ਪਹਿਲਾਂ ਹੀ ਬਹੁਤ ਸਖਤ ਹਨ। ਸਰਦੀ ਦਾ ਮੌਸਮ ਸ਼ੁਰੂ ਹੋ ਝਾਣ ਕਾਰਨ ਝੋਨੇ ‘ਚ ਨਮੀ ਦੀ ਦਰ ਉਚੀ ਰਹਿੰਦੀ ਹੈ। ਕਿਸਾਨ ਕੋਲ ਝੋਨਾ ਸੁਕਾਉਣ ਲਈ ਕੋਈ ਸਾਧਨ ਤੇ ਸਮਾਂ ਨਹੀਂ ਹੁੰਦਾ। ਕੰਕਰ/ਰੋਡ ਤੇ ਬਦਰੰਗ/ ਟੋਟੇ ਆਦਿ ਦੀਆਂ ਸ਼ਰਤਾਂ ਪਹਿਲਾਂ ਹੀ ਸਖਤ ਹਨ, ਹੋਰ ਸਖਤੀ ਕਾਰਨ ਝੋਨਾ ਵੇਚਣਾ ਬਹੁਤ ਮੁਸ਼ਕਲ ਹੋ ਜਾਵੇਗਾ। ਦਰਅਸਲ ਅਜਿਹੇ ਹੱਥਕੰਡੇ ਅਪਣਾ ਕੇ ਸਰਕਾਰ ਫਸਲਾਂ ਦੀ ਖਰੀਦ ਬੰਦ ਕਰਨ ਵਲ ਵਧ ਰਹੀ ਹੈ। ਪਰ ਕਿਸਾਨ ਸਰਕਾਰ ਦੀਆਂ ਇਹ ਕੋਝੀਆਂ ਚਾਲਾਂ ਨੂੰ ਸਫਲ ਨਹੀਂ ਹੋਣ ਦੇਣਗੇ।
ਅੱਜ ਦੇ ਦਿਨ ਸੰਨ 2013 ਵਿੱਚ ਕਾਲੀਆਂ ਤਾਕਤਾਂ ਨੇ ਤਰਕਸ਼ੀਲ ਆਗੂ ਡਾਕਟਰ ਨਰਿੰਦਰ ਡਾਬੋਲਕਰ ਨੂੰ ਗੋਲੀਆਂ ਮਾਰ ਕੇ ਸ਼ਹੀਦ ਕਰ ਦਿੱਤਾ ਸੀ। ਅੱਜ ਧਰਨੇ ਵਿੱਚ ਡਾਕਟਰ ਸਾਹਿਬ ਨੂੰ ਭਾਵਭਿੰਨੀ
ਸ਼ਰਧਾਂਜਲੀ ਭੇਟ ਕੀਤੀ ਅਤੇ ਉਨ੍ਹਾਂ ਦੀ ਯਾਦ ‘ਚ ਬਹੁਤ ਨਿਗੂਣੀ ਕੀਮਤ ‘ਤੇ ਤਰਕਸ਼ੀਲ ਸਾਹਿਤ ਵੰਡਿਆ।
ਅੱਜ ਧਰਨੇ ਨੂੰ ਬਾਬੂ ਸਿੰਘ ਖੁੱਡੀ ਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਨਛੱਤਰ ਸਿੰਘ ਸਹੌਰ, ਬਲਵੀਰ ਕੌਰ ਕਰਮਗੜ੍ਹ, ਮੁਖਤਿਆਰ ਕੌਰ, ਹਰਚਰਨ ਸਿੰਘ ਚੰਨਾ, ਗੁਰਨਾਮ ਸਿੰਘ ਠੀਕਰੀਵਾਲਾ, ਪ੍ਰੇਮਪਾਲ ਕੌਰ, ਸੋਹਨ ਸਿੰਘ ਮਾਝੂ,ਬਲਜੀਤ ਸਿੰਘ ਚੌਹਾਨਕੇ, ਪ੍ਰਮਿੰਦਰ ਹੰਢਿਆਇਆ, ਸੁਰਜੀਤ ਸਿੰਘ ਕਰਮਗੜ੍ਹ, ਚਰਨਜੀਤ ਕੌਰ, ਗੁਰਜੰਟ ਸਿੰਘ ਟੀਐਸਯੂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਯੂਰੀਆ ਖਾਦ ਦੀ ਬਹੁਤ ਕਿੱਲਤ ਪਾਈ ਜਾ ਰਹੀ ਹੈ। ਯੂਰੀਆ ਖਾਦ ਦੀ ਘਾਟ ਕਾਰਨ ਫਸਲਾਂ ਦੇ ਝਾੜ ‘ਤੇ ਬੁਰਾ ਅਸਰ ਪੈ ਸਕਦਾ ਹੈ। ਸਰਕਾਰ ਤੁਰੰਤ ਯੂਰੀਆ ਖਾਦ ਦੀ ਕਿੱਲਤ ਦੂਰ ਕਰੇ। ਕਿਸਾਨ ਆਗੂਆਂ ਨੇ ਇਨ੍ਹਾਂ ਅਖਬਾਰੀ ਰਿਪੋਰਟਾਂ ਦਾ ਵੀ ਗੰਭੀਰ ਨੋਟਿਸ ਲਿਆ ਕਿ ਅੱਗੇ ਤੋਂ ਬੁਢਾਪਾ ਪੈਨਸ਼ਨ ਦਾ ਭੁਗਤਾਨ ਚੈਕਾਂ ਰਾਹੀਂ ਕੀਤਾ ਜਾਵੇਗਾ। ਪਹਿਲਾਂ ਇਹ ਸਿੱਧੀ ਬੈਂਕ ਖਾਤੇ ਵਿੱਚ ਪਾਈ ਜਾਂਦੀ ਸੀ। ਬੁਲਾਰਿਆਂ ਨੇ ਕਿਹਾ ਇਸ ਕਰਨ ਨਾਲ ਬਜ਼ੁਰਗਾਂ ਦੀ ਖੱਜਲ-ਖੁਆਰੀ ਵਧੇਗੀ। ਸਰਕਾਰ ਬਜ਼ੁਰਗਾਂ ਨੂੰ ਭਿਖਾਰੀ ਹੋਣ ਦਾ ਅਤੇ ਖੁਦ ਨੂੰ ਦਾਤਾ ਹੋਣ ਦਾ ਅਹਿਸਾਸ ਕਰਵਾ ਅਹਿਸਾਨ ਜਤਾਉਣਾ ਚਾਹੁੰਦੀ ਹੈ। ਇਹ ਬਹੁਤ ਘਟੀਆ ਮਾਨਸਿਕਤਾ ਦਾ ਪ੍ਰਗਟਾਵਾ ਹੈ। ਸਰਕਾਰ ਨੂੰ ਇਹ ਫਰਮਾਨ ਤੁਰੰਤ ਵਾਪਸ ਲੈਣਾ ਚਾਹੀਦਾ ਹੈ।