ਏਕਤਾ ‘ਚ ਬਲ ! ਹੋਇਆ ਮਸਲਾ ਹੱਲ
ਕਿਸਾਨ ਆਗੂ ਨਿਰਮਲ ਸਿੰਘ ਹਮੀਦੀ ਦਾ ਕੱਲੵ ਸੰਸਕਾਰ ਕੀਤਾ ਜਾਵੇਗਾ-ਉੱਪਲੀ
ਪਰਦੀਪ ਕਸਬਾ , ਬਰਨਾਲਾ 17 ਅਗਸਤ 2021
ਸੰਯੁਕਤ ਕਿਸਾਨ ਮੋਰਚੇ ਦਾ ਅਹਿਮ ਅੰਗ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਦਾ ਸਹਾਇਕ ਖਜਾਨਚੀ ਨਿਰਮਲ ਸਿੰਘ ਸੋਹੀ ਹਮੀਦੀ ਕਿਸਾਨ ਮੋਰਚੇ ਵਿੱਚ 14 ਅਗਸਤ ਨੂੰ ਸ਼ਹੀਦ ਹੋ ਗਿਆ ਸੀ। ਕਿਸਾਨ ਆਗੂ ਨਿਰਮਲ ਸਿੰਘ ਸੋਹੀ ਨੇ ਆਪਣੇ ਆਖਰੀ ਸਾਹ ਗੁਰੂ ਗੋਬਿੰਦ ਮੈਡੀਕਲ ਕਾਲਜ ਫਰੀਦਕੋਟ ਲਏ ਸਨ। ਜਿੱਥੇ ਕੁੱਝ ਦਿਨ ਪਹਿਲਾਂ ਹੀ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਜੂਝਦਾ ਹੋਇਆ ਦਾਖਲ ਹੋਇਆ ਸੀ।
ਯਾਦ ਰਹੇ ਕਿਸਾਨ ਆਗੂ ਕੁੱਝ ਦਿਨ ਪਹਿਲਾਂ ਹੀ ਟਿੱਕਰੀ ਮੋਰਚੇ ਤੋਂ ਥੋੜਾ ਬਿਮਾਰ ਹੋਣ ਤੋਂ ਬਾਅਦ ਵਾਪਸ ਪਿੰਡ ਪਰਤਿਆ ਸੀ।ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਬਲਵੰਤ ਸਿੰਘ ਉੱਪਲੀ, ਜਗਰਾਜ ਸਿੰਘ ਹਰਦਾਸਪੁਰਾ, ਪਰਮਿੰਦਰ ਸਿੰਘ ਹੰਢਿਆਇਆ, ਬਾਬੂ ਸਿੰਘ ਖੁੱਡੀਕਲਾਂ, ਗੁਰਦੇਵ ਸਿੰਘ ਮਾਂਗੇਵਾਲ, ਮਲਕੀਤ ਸਿੰਘ ਈਨਾ ਨੇ ਕਿਸਾਨ ਆਗੂ ਨਿਰਮਲ ਸਿੰਘ ਸੋਹੀ ਦੇ ਬੇਵਕਤੀ ਵਿਛੋੜੇ ਨੂੰ ਪਰੀਵਾਰ ਅਤੇ ਜਥੇਬੰਦੀ ਲਈ ਵੱਡਾ ਨਾਂ ਪੂਰਿਆ ਜਾ ਸਕਣ ਵਾਲਾ ਘਾਟਾ ਦੱਸਿਆ ਹੈ। ਆਗੂਆਂ ਅੱਜ ਡੀਸੀ ਬਰਨਾਲਾ ਨੂੰ ਵੱਡੇ ਵਫਦ ਰਾਹੀਂ ਮਿਲਕੇ ਜੋਰਦਾਰ ਮੰਗ ਕੀਤੀ ਸੀ ਕਿ ਕਿਸਾਨ ਮੋਰਚੇ ਦੇ ਸ਼ਹੀਦ ਨਿਰਮਲ ਸਿੰਘ ਦੇ ਪ੍ਰੀਵਾਰ ਨੂੰ ਦਸ ਲੱਖ ਰੁ. ਦਾ ਮੁਆਵਜਾ, ਸਰਕਾਰੀ ਨੌਕਰੀ ਅਤੇ ਪ੍ਰੀਵਾਰ ਸਿਰ ਚੜ੍ਹਿਆ ਕਰਜਾ ਮੁਆਫ ਕੀਤਾ ਜਾਵੇ।
ਅਖੀਰ ਕਈ ਗੇੜ ਦੀ ਗੱਲਬਾਤ ਤੋਂ ਬਾਅਦ ਸ਼ਹੀਦ ਕਿਸਾਨ ਨਿਰਮਲ ਸਿੰਘ ਦੇ ਪਰੀਵਾਰ ਨੂੰ ਪੰਜ ਲੱਖ ਰੁਪਏ ਦਾ ਚੈਕ ਜਾਰੀ ਕਰ ਦਿੱਤਾ। ਸ਼ਹੀਦ ਕਿਸਾਨ ਨਿਰਮਲ ਸਿੰਘ ਦੀ ਮ੍ਰਿਤਕ ਦੇਹ 15 ਅਗਸਤ ਤੋਂ ਹੀ ਸਰਕਾਰੀ ਹਸਪਤਾਲ ਵਿੱਚ ਪਈ ਹੈ। ਆਗੂਆਂ ਪ੍ਰਸ਼ਾਸ਼ਨ ਨੂੰ ਚਿਤਾਵਨੀ ਦਿੰਦਿਆਂ ਕਿਹਾ ਸੀ ਕਿ ਅਗਰ ਜਥੇਬੰਦੀ ਦੀਆਂ ਇਹ ਮੰਗਾਂ ਪ੍ਰਵਾਨ ਨਹੀਂ ਕੀਤੀਆਂ ਜਾਂਦੀਆਂ ਤਾਂ ਕੱਲੵ ਤੋਂ ਪ੍ਰਸ਼ਾਸ਼ਨ ਖਿਲ਼ਾਫ ਸੰਘਰਸ਼ ਸ਼ੁਰੂ ਕਰ ਦਿੱਤਾ ਜਾਵੇਗਾ। ਯਾਦ ਰਹੇ ਕਿ ਸ਼ਹੀਦ ਕਿਸਾਨ ਨਿਰਮਲ ਸਿੰਘ ਕਿਸਾਨੀ ਘੋਲਾਂ ਦੇ ਨਾਲ ਦੋ ਦਹਾਕਿਆਂ ਤੋਂ ਜੁੜਿਆ ਹੋਇਆ ਸੀ।
ਮਹਿਲਕਲਾਂ ਲੋਕ ਘੋਲ ਦੇ ਤਿੰਨ ਆਗੂਆਂ ਦੀ ਰਿਹਾਈ ਅਤੇ ਮਨਜੀਤ ਧਨੇਰ ਦੀ ਸਜਾ ਰੱਦ ਕਰਾਉਣ ਲਈ ਚੱਲੇ ਸੰਘਰਸ਼ ਵਿੱਚ ਪੂਰਾ ਜੀਅ ਜਾਨ ਲਾਕੇ ਅਹਿਮ ਜਿੰਮੇਵਾਰੀ ਨਿਭਾਉਣ ਵਾਲਾ ਸੁਚੇਤ ਆਗੂ ਸੀ। ਔਰਤਾਂ ਨੂੰ ਜਥੇਬੰਦ ਕਰਕੇ , ਕਿਸਾਨ ਸੰਘਰਸ਼ ਵਿੱਚ ਸ਼ਾਮਿਲ ਕਰਾਉਣ ਵਾਲੇ ਆਗੂ ਦੇ ਸਰੀਰਕ ਤੌਰ`ਤੇ ਵਿਛੜ ਜਾਣ ਤੋਂ ਬਾਅਦ ਵੀ ਕਿਸਾਨ ਸੰਘਰਸ਼ ਲਈ ਪ੍ਰੇਰਨਾ ਸ੍ਰੋਤ ਬਣਿਆ ਰਹੇਗਾ।
ਇਸ ਸਮੇਂ ਡੀਸੀ ਦਫਤਰ ਬਰਨਾਲਾ ਵਿਖੇ ਬੀਕੇਯੂ ਏਕਤਾ ਡਕੌਂਦਾ ਦੇ ਆਗੂਆਂ ਹਰਚਰਨ ਸਿੰਘ ਸੁਖਪੁਰਾ, ਗੋਪਾਲ ਕਰਿਸ਼ਨ ਹਮੀਦੀ, ਰਾਜ ਸਿੰਘ ਹਮੀਦੀ, ਕੇਵਲ ਸਿੰਘ ਹਮੀਦੀ,ਨਾਨਕ ਸਿੰਘ, ਲਾਲ ਸਿੰਘ ਅਮਲਾਂ ਸਿੰਘ ਵਾਲਾ, ਜੱਗਾ ਸਿੰਘ ਮਹਿਲ ਕਲਾਂ,ਅਮਨਦੀਪ ਸਿੰਘ ਮਹਿਲਕਲਾਂ,ਗੁਰਨਾਮ ਸਿੰਘ,ਜਗਜੀਤ ਸਿੰਘ ਸੁਖਪੁਰਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਹਾਜਰ ਕਿਸਾਨਾਂ ਨੇ ਜਿਲ੍ਹਾ ਪ੍ਰਸ਼ਾਸ਼ਨ ਖਿਲਾਫ਼ ਜੋਰਦਾਰ ਨਾਅਰੇਬਾਜੀ ਕੀਤੀ।ਆਗੂਆਂ ਕਿਹਾ ਕਿ ਕਿਸਾਨ ਘੋਲ ਦੇ ਸ਼ਹੀਦ ਨਿਰਮਲ ਸਿੰਘ ਹਮੀਦੀ ਨੂੰ ਕੱਲੵ ਸਵੇਰ 10 ਵਜੇ ਪੂਰੇ ਸਨਮਾਨ ਨਾਲ ਅੰਤਿਮ ਵਿਦਾਇਗੀ ਦਿੱਤੀ ਜਾਵੇਗੀ।