ਢਿੱਲੋਂ ਸਾਬ੍ਹ ! ਥੋੜ੍ਹਾ ਗੋਲ ਕਰ ਲਉ ,ਚੌਰਸ ਹੀ ਛੱਡੀ ਜਾਣੇ ਉਂ

Advertisement
Spread information

ਢਿੱਲੋਂ ਨੇ ਕਿਹਾ! ਤੁਸੀਂ ਕਹੋਂ ਤਾਂ ਬਰਨਾਲੇ ‘ਚ ਚਲਾ ਦਿਆਂ ਮੈਟਰੋ ਟ੍ਰੇਨ ,,,

ਹਮੇਸ਼ਾ ਸੁਰਖੀਆਂ ਵਿੱਚ ਰਹਿਣ ਦੇ ਸ਼ੌਕੀਨ ਢਿੱਲੋਂ ਨੇ ਅੱਜ ਬਣਾਈ ਮੀਡੀਆ ਤੋਂ ਦੂਰੀ,,, 

ਬਰਨਾਲਾ ਕਲੱਬ ਵਿੱਚ ਰੱਖੇ ਪ੍ਰੋਗਰਾਮ ‘ਚ ਢਿੱਲੋਂ 20 ਮਿੰਟ ਲੇਟ ਪਹੁੰਚਿਆ ਤੇ ਥੋੜ੍ਹੇ ਸਮੇਂ ਵਿੱਚ ਕੰਮ ਨਿਬੇੜ ਕੇ ਔਹ ਔਹ ਗਿਆ ,,,


ਹਰਿੰਦਰ ਨਿੱਕਾ, ਬਰਨਾਲਾ 14 ਅਗਸਤ 2021 

       ਸ਼ਹਿਰ ਅੰਦਰ ਸ਼ਾਹੂਕਾਰਾਂ ਦੇ ਕਲੱਬ ਦੇ ਤੌਰ ਤੇ ਮਸ਼ਹੂਰ ਬਰਨਾਲਾ ਕਲੱਬ ‘ਚ ”ਅੱਜ” ਸ਼ਾਮ ਕਲੱਬ ਦੇ ਸੈਕਟਰੀ ਰਾਜੀਵ ਲੂਬੀ ਵੱਲੋਂ ਰੱਖੇ ਪ੍ਰੋਗਰਾਮ ਵਿੱਚ ਉਚੇਚੇ ਤੌਰ ਤੇ ਪਹੁੰਚੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਮੀਤ ਪ੍ਰਧਾਨ ਅਤੇ ਬਰਨਾਲਾ ਹਲਕੇ ਦੇ ਸਾਬਕਾ ਵਿਧਾਇਕ ਕੇਵਲ ਸਿੰਘ ਢਿੱਲੋਂ ਦੀ ਮਾਰੀ ਫੜ੍ਹ ਨੇ , ਉੱਥੇ ਮੌਜੂਦ ਲੋਕਾਂ ਨੂੰ ਹੱਸਾ-ਹੱਸਾ ਕੇ ਢਿੱਡੀਂ ਪੀੜਾਂ ਪੁਆ ਦਿੱਤੀਆਂ । ਹੋਇਆ ਇਉਂ ਹਲਕੇ ਵਿੱਚੋਂ ਅਕਸਰ ਗੈਰ ਹਾਜ਼ਿਰ ਰਹਿਣ ਵਾਲੇ ਕੇਵਲ ਸਿੰਘ ਢਿੱਲੋਂ ਜਿਲ੍ਹਾ ਪੱਧਰੀ ਅਜਾਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਲਈ 13 ਅਗਸਤ ਦੀ ਸ਼ਾਮ ਨੂੰ ਆਪਣੀ ਕੋਠੀ ਪਹੁੰਚੇ । ਜਿੰਨਾਂ ਦੀ ਜੀ ਹਜੂਰੀ ਕਰਦਿਆਂ ਕਲੱਬ ਦੇ ਸੈਕਟਰੀ ਅਤੇ ਸੀਨੀਅਰ ਕਾਂਗਰਸੀ ਆਗੂ ਰਾਜੀਵ ਲੂਬੀ ਨੇ ਆਪਣੇ ਚਹੇਤੇ ਕਲੱਬ ਮੈਂਬਰਾਂ ਨੂੰ ਮਿਲਾਉਣ ਲਈ ਕੌਫੀ ਵਿਦ ਕੇਵਲ ਢਿੱਲੋਂ ਪ੍ਰੋਗਰਾਮ ਅੱਜ ਸ਼ਾਮ ਕਲੱਬ ਦੇ ਰੈਸਟੋਰੈਂਟ ਵਿੱਚ ਰੱਖਿਆ । ਮੇਜਬਾਨ ਲੂਬੀ ਵੱਲੋਂ ਮਹਿਮਾਨਾਂ ਨੂੰ ਪ੍ਰੋਗਰਾਮ ਦਾ ਸਮਾਂ ਸ਼ਾਮ 5 ਵਜੇ ਦਾ ਦਿੱਤਾ ਗਿਆ। ਪ੍ਰੋਗਰਾਮ ਵਿੱਚ 100 ਦੇ ਕਰੀਬ ਮਹਿਮਾਨ ਸ਼ਾਮਿਲ ਹੋਏ, ਜਿੰਨਾਂ ਵਿੱਚ 40 ਦੇ ਕਰੀਬ ਕਲੱਬ ਮੈਂਬਰ, ਲੂਬੀ ਦੇ ਦੋਸਤ ਅਤੇ ਕੁੱਝ ਕਾਂਗਰਸੀ ਆਗੂ ਪਹੁੰਚੇ ਹੋਏ ਸਨ।

Advertisement

ਕਹੋਂ ਤਾਂ ਚਲਾ ਦਿਆਂ ਸ਼ਹਿਰ ਵਿੱਚ ਮੈਟਰੋ,,,

       ਬੇਸ਼ੱਕ ਕਲੱਬ ਵਿੱਚ ਰੱਖੇ ਕੌਫੀ ਵਿਦ ਕੇਵਲ ਢਿੱਲੋਂ ਪ੍ਰੋਗਰਾਮ ਨੂੰ ਸ਼ਹਿਰੀਆਂ ਦੀਆਂ ਸਮੱਸਿਆਵਾਂ ਤੇ ਸ਼ਕਾਇਤਾਂ ਸੁਣਨ ਲਈ ਰੱਖਿਆ ਕਿਹਾ ਗਿਆ। ਪਰੰਤੂ ਢਿੱਲੋਂ ਨਿਸਚਿਤ ਸਮੇਂ ਤੋਂ ਕਰੀਬ 20 ਮਿੰਟ ਲੇਟ ਪਹੁੰਚੇ ਅਤੇ ਥੋੜ੍ਹੇ ਜਿਹੇ ਸਮੇਂ ਅੰਦਰ ਹੀ ਕੌਫੀ ਦਾ ਕੱਪ ਸਾਂਝਾ ਕਰਕੇ ਔਹ ਗਏ ਔਹ ਗਏ ਹੋ ਗਈ। ਢਿੱਲੋਂ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਪਹਿਲਾਂ ਸ਼ਕਾਇਤਾਂ ਤੇ ਸਮੱਸਿਆਵਾਂ ਬਾਰੇ ਪੁੱਛਿਆਂ, ਪਰੰਤੂ ਉੱਥੇ ਮੌਜੂਦ ਕੁੱਝ ਵਿਅਕਤੀਆਂ ਨੇ ਸ਼ਹਿਰ ਅੰਦਰ ਅਵਾਰਾ ਪਸ਼ੂਆਂ ਦੀ ਅਤੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣ ਦੀ ਗੱਲ ਦੱਬੀ ਜਿਹੀ ਅਵਾਜ ਵਿੱਚ ਕਹੀ, ਪਰੰਤੂ ਉੰਥੇ ਬੈਠੇ ਕਾਂਗਰਸੀ ਆਗੂਆਂ ਨੇ ਢਿੱਲੋਂ ਦੇ ਜੁਆਬ ਤੋਂ ਪਹਿਲਾਂ ਹੀ ਕਹਿਣਾ ਸ਼ੁਰੂ ਕਰ ਦਿੱਤਾ, ਬੱਸ ਇਹ ਤਾਂ ਹੋ ਗਿਆ ਜੀ , ਇਹ ਤਾਂ ਹੋ ਗਿਆ ਸਮਝੋ। ਲੱਗਭੱਗ ਬਹੁਤੇ ਮੈਂਬਰ ਸੁੱਚੇ ਮੂੰਹ ਹੀ, ਬਿਨਾਂ ਕੋਈ ਸ਼ਹਿਰ ਦੀ ਸਮੱਸਿਆ ਦੀ ਚਰਚਾ ਕੀਤਿਆਂ ਕੌਫੀ ਨਾਲ ਸਨੈਕਸ ਖਾ ਕੇ ਚਲ ਪਏ । ਕੁੱਝ ਲੋਕਾਂ ਨੇ ਕੇਵਲ ਸਿੰਘ ਢਿੱਲੋਂ ਦੀਆਂ ਤਾਰੀਫਾਂ ਦੇ ਕਾਫੀ ਪੁਲ ਵੀ ਬੰਨ੍ਹੇ।     ਜਦੋਂ ਕੇਵਲ ਸਿੰਘ ਢਿੱਲੋਂ ਨੇ ਖੁਦ ਬੋਲਣਾ ਸ਼ੁਰੂ ਕੀਤਾ, ਤਾਂ ਉਨਾਂ ਕਿਹਾ, ਤੁਸੀਂ ਜੋ ਕਹੇ ਮੈਂ ਉਹ ਕਰਵਾ ਸਕਦਾ ਹਾਂ। ਲੋਕਾਂ ਨੇ ਤਾੜੀਆਂ ਵਜਾ ਕੇ ਹੋ ਹੋ ਕੀਤਾ ਤਾਂ ਢਿੱਲੋਂ ਸਾਬ੍ਹ ਨੇ ਹੋਰ ਜੋਸ਼ ‘ਚ ਆਉਂਦਿਆਂ ਕਿਹਾ, ਤੁਸੀਂ ਜੋ ਵੀ ਮਰਜੀ ਸੋਚ ਲਉ, ਉਹੀ ਹੋ ਸਕਦਾ ਹੈ। ਇੱਥੋਂ ਤੱਕ ਜੇ ਤੁਸੀਂ ਕਹੋਂ ਤਾਂ ਮੈਂ ਸ਼ਹਿਰ ਵਿੱਚ ਮੈਟਰੋ ਟਰੇਨ ਵੀ ਚਲਾ ਸਕਦਾ ਹਾਂ। ਢਿੱਲੋਂ ਇਹ ਭੁੱਲ ਗਏ ਕਿ ਬਰਨਾਲਾ ਤਾਂ ਕੀ ਪੰਜਾਬ ਦੇ ਵੱਡੇ ਸ਼ਹਿਰਾਂ ਅਤੇ ਦੋ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ਹਾਲੇ ਮੈਟਰੋ ਟ੍ਰੇਨ ਲੋਕਾਂ ਲਈ ਸੁਪਨਾ ਬਣੀ ਹੋਈ ਹੈ। ਇਨੀਂ ਵੱਡੀ ਫੜ੍ਹ ਸੁਣ ਕੇ ਮਹਿਮਾਨਾਂ ਅੰਦਰ  ਘੁਸਰ ਮੁਸਰ ਸ਼ੁਰੂ ਹੋ ਗਈ। ਇੱਕ ਕਲੱਬ ਮੈਂਬਰ ਨੇ ਤਾਂ ਵਿਅੰਗ ਕਰਦਿਆਂ ਇੱਥੋਂ ਤੱਕ ਕਿਹਾ, ਢਿੱਲੋਂ ਸਾਬ੍ਹ, ਥੋੜ੍ਹਾ ਗੋਲ ਕਰ ਲਉ, ਚੌਰਸ ਹੀ ਛੱਡੀ ਜਾਣੇ, ਉਂ,,,।  

ਜਿੰਨਾਂ ਖਿਲਾਫ ਸ਼ਕਾਇਤਾਂ ਸੀ, ਉਹ ਪਰਛਾਵੇਂ ਤਰਾਂ ਢਿੱਲੋਂ ਨਾਲ ਚਿਪਕੇ ਰਹੇ,,,

     ਕਲੱਬ ਵਿੱਚ ਪਹੁੰਚੇ ਵੱਖ ਵੱਖ ਵਿਅਕਤੀਆਂ ਨੇ ਕਿਹਾ, ਕਿ ਜਿੰਨ੍ਹਾਂ ਖਿਲਾਫ ਲੋਕਾਂ ਨੇ ਕੇਵਲ ਸਿੰਘ ਢਿੱਲੋਂ ਕੋਲ ਦੁੱਖ ਫੋਲ ਕੇ ਉਨਾਂ ਦੀਆਂ ਸ਼ਕਾਇਤਾਂ ਕਰਕੇ ਆਪਣਾ ਗੁੱਭਗੁਭਾਟ ਕੱਢਣਾ ਸੀ, ਉਹ ਤਾਂ ਢਿੱਲੋਂ ਦੇ ਨਾਲ ਪਰਛਾਵੇਂ ਵਾਂਗ ਹੀ ਚਿੰਬੜੇ ਰਹੇ। ਯਾਨੀ ਢਿੱਲੋਂ ਨੂੰ ਘੇਰਾ ਪਾ ਕੇ ਕਲੱਬ ਵਿੱਚ ਲੈ ਕੇ ਪਹੁੰਚੇ ਤੇ ਘੇਰਾ ਵਲ ਕੇ ਹੀ ਗੱਡੀਆਂ ਵਿੱਚ ਬਿਠਾ ਕੇ ਚਲੇ ਗਏ। ਇੱਕ ਗੱਲ ਹੋਰ ਇਹ ਵੀ ਸਾਹਮਣੇ ਆਈ ਕਿ ਹਮੇਸ਼ਾਂ ਖਬਰਾਂ ਵਿੱਚ ਰਹਿਣ ਲਈ ਮਸ਼ਹੂਰ ਕੇਵਲ ਸਿੰਘ ਢਿੱਲੋਂ ਨੇ ਅੱਜ ਦੇ ਪ੍ਰੋਗਰਾਮ ਵਿੱਚ ਮੀਡੀਆ ਤੋਂ ਦੂਰੀ ਬਣਾਈ ਰੱਖੀ। ਜੋ ਇੱਕਾ-ਦੁੱਕਾ ਪੱਤਰਕਾਰ ਉੱਥੇ ਪਹੁੰਚੇ, ਉਹ ਕਲੱਬ ਦੇ ਮੈਂਬਰ ਦੇ ਤੌਰ ਤੇ ਹੀ ਸ਼ਾਮਿਲ ਹੋਏ। ਹਾਲਤ ਇਹ ਵੀ ਰਹੀ ਕਿ ਕਿਸੇ ਨੂੰ ਵੀਡੀਉ ਤਾਂ ਦੂਰ ਦੀ ਗੱਲ ਉੰਥੇ ਫੋਟੋ ਤੱਕ ਵੀ ਖਿੱਚਣ ਨਹੀਂ ਦਿੱਤੀ ਗਈ। ਫਿਰ ਵੀ ਬਰਨਾਲਾ ਟੂਡੇ ਦੀ ਟੀਮ ਕੋਲ ਗੱਲਾਂ ਬਾਤਾਂ ਦੀ ਆਡੀਓ ਅਤੇ ਕੁੱਝ ਫੋਟੋਆਂ ਜਰੂਰ ਪਹੁੰਚ ਗਈਆਂ। ਉੱਧਰ ਢਿੱਲੋਂ ਸਾਬ੍ਹ ਨਾਲ ਆਈ ਆਪਣੀ ਟੀਮ ਹੀ ਫੋਟੋਆਂ ਖਿੱਚਦੀ ਤੇ ਵੀਡੀਉ ਬਣਾਉਣ ਵਿੱਚ ਮਸ਼ਰੂਫ ਰਹੀ। ਇੱਥੇ ਹੀ ਬੱਸ ਨਹੀਂ, ਬਰਨਾਲਾ ਕਲੱਬ ਦੀਆਂ ਸਰਗਰਮੀਆਂ ਦੀਆਂ ਫੋਟੋਆਂ ਗਰੁੱਪਾਂ ਵਿੱਚ ਪਾਉਣ ਵਾਲਿਆਂ ਨੇ ਕਲੱਬ ਦੇ ਗਰੁੱਪ ਵਿੱਚ ਵੀ ਅੱਜ ਕੋਈ ਫੋਟੋ ਨਹੀਂ ਪਾਈ। ਉਲਟਾ ਕੁੱਝ ਕਲੱਬ ਮੈਂਬਰ ਉੱਥੇ ਫੋਟੋਆਂ ਖਿੱਚ ਰਹੀ ਟੀਮ ਤੋਂ ਆਪੋ ਆਪਣੀਆਂ ਫੋਟੋਆਂ ਮੰਗਦੇ ਦਿਖੇ।

ਕਲੱਬ ਦੇ ਮੈਂਬਰਾਂ ਨੇ ਵੀ ਬਣਾਈ ਪ੍ਰੋਗਰਾਮ ਤੋਂ ਦੂਰੀ,,,

     ਪ੍ਰਾਪਤ ਜਾਣਕਾਰੀ ਅਨੁਸਾਰ ਬਰਨਾਲਾ ਕਲੱਬ ਦੇ 1000 ਮੈਂਬਰ ਹਨ, ਪਰੰਤੂ ਅੱਜ ਦੇ ਪ੍ਰੋਗਰਾਮ ਵਿੱਚ ਸਿਰਫ 40 ਦੇ ਕਰੀਬ ਮੈਂਬਰ ਹੀ ਮੌਜੂਦ ਰਹੇ। ਕਲੱਬ ਦੇ ਇੱਕ ਅਹੁਦੇਦਾਰ ਨੇ ਕਿਹਾ ਕਿ ਕੇਵਲ ਢਿੱਲੋਂ ਦਾ ਪ੍ਰੋਗਰਾਮ ਕਲੱਬ ਦਾ ਨਹੀਂ, ਬਲਕਿ ਰਾਜੀਵ ਲੂਬੀ ਦਾ ਨਿੱਜੀ ਪ੍ਰੋਗਰਾਮ ਹੀ ਸੀ। ਜਿਸ ਵਿੱਚ ਉਨਾਂ ਦੀ ਪਾਰਟੀ ਦੇ ਆਗੂ ਜਾਂ ਵਰਕਰ ਹੀ ਬੁਲਾਏ ਗਏ ਸਨ। ਕੁੱਲ ਮਿਲਾ ਕਿ ਅੱਜ ਦੇ ਪ੍ਰੋਗਰਾਮ ਨਾਲ, ਢਿੱਲੋਂ ਜਾਂ ਮੇਜਬਾਨ ਦੀ ਟੌਹਰ ਦੀ ਥਾਂ ਕਿਰਕਿਰੀ ਹੀ ਹੋਈ। ਜਿਸਨੇ ਤਰਾਂ ਤਰਾਂ ਦੀਆਂ ਨਵੀਆਂ ਚਰਚਾਵਾਂ ਨੂੰ ਜਨਮ ਦੇ ਦਿੱਤਾ ਹੈ। 

Advertisement
Advertisement
Advertisement
Advertisement
Advertisement
error: Content is protected !!