ਮੰਤਰੀ ਤੋ ਪਹਿਲਾਂ ਪਹੁੰਚੇ ਬੇਰੁਜ਼ਗਾਰਾਂ ਨੇ ਕੀਤਾ ਰੋਸ ਪ੍ਰਦਰਸ਼ਨ, ਥਾਣੇ ਚ ਡੱਕੇ ਪ੍ਰਦਰਸ਼ਨਕਾਰ
ਰੋਸ਼ਨ ਵਾਲਾ ਵਿਖੇ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਆਮਦ ਤੋ ਪਹਿਲਾਂ ਹੀ ਬੇਰੁਜ਼ਗਾਰ ਆ ਧਮਕੇ
ਹਰਪ੍ਰੀਤ ਕੌਰ ਬਬਲੀ ਸੰਗਰੂਰ , 14 ਅਗਸਤ 2021
ਸਿੱਖਿਆ ਮੰਤਰੀ ਦੀ ਕੋਠੀ ਦੇ ਗੇਟ ਉੱਤੇ ਪਿਛਲੇ ਕਰੀਬ ਸਾਢੇ ਸੱਤ ਮਹੀਨੇ ਤੋਂ ਪੱਕਾ ਮੋਰਚਾ ਲਗਾ ਕੇ ਬੈਠੇ ਬੇਰੁਜ਼ਗਾਰ ਸਾਂਝੇ ਮੋਰਚੇ ਦੇ ਬੇਰੁਜ਼ਗਾਰ ਲਗਾਤਾਰ ਸਿੱਖਿਆ ਮੰਤਰੀ ਦੀ ਪੈੜ ਨੱਪਦੇ ਆ ਰਹੇ ਹਨ ਅਨੇਕਾਂ ਵਾਰ ਵਾਂਗ ਅੱਜ ਫੇਰ ਸਥਾਨਕ ਨੇੜਲੇ ਪਿੰਡ ਰੋਸ਼ਨ ਵਾਲਾ ਵਿਖੇ ਡਿਗਰੀ ਕਾਲਜ ਦਾ ਉਦਘਾਟਨ ਕਰਨ ਪਹੁੰਚੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੀ ਆਮਦ ਤੋ ਪਹਿਲਾਂ ਹੀ ਬੇਰੁਜ਼ਗਾਰ ਆ ਧਮਕੇ।
ਪੁਲਿਸ ਪ੍ਰਸ਼ਾਸ਼ਨ ਨੂੰ ਭਿਣਕ ਲੱਗਣ ਤੇ ਹੱਥਾਂ ਪੈਰਾਂ ਦੀ ਪੈ ਗਈ। ਉਧਰ ਉਸੇ ਵਕਤ ਹੀ ਸਿੱਖਿਆ ਮੰਤਰੀ ਆ ਪਹੁੰਚੇ ।ਬੇਰੁਜ਼ਗਾਰਾਂ ਨੇ ਮੰਤਰੀ ਅਤੇ ਸਰਕਾਰ ਖਿਲਾਫ ਜ਼ੋਰਦਾਰ ਨਾਹਰੇਬਾਜੀ ਸ਼ੁਰੂ ਕਰ ਦਿੱਤੀ।ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਬੇਰੁਜ਼ਗਾਰ ਗਗਨਦੀਪ ਕੌਰ,ਅਮਨ ਸੇਖਾ,ਪ੍ਰੀਤ ਇੰਦਰ ਕੌਰ,ਪ੍ਰਿਤਪਾਲ ਕੌਰ,ਕੁਲਵੰਤ ਸਿੰਘ ਲੌਂਗੋਵਾਲ,ਮਨਪ੍ਰੀਤ ਕੌਰ ਅਤੇ ਲਖਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਪੁਲਿਸ ਥਾਣਾ ਭਵਾਨੀਗੜ੍ਹ ਵਿਖੇ ਡੱਕ ਦਿੱਤਾ।
ਬੇਰੁਜ਼ਗਾਰ ਸਾਂਝਾ ਮੋਰਚਾ ਦੇ ਆਗੂ ਸੁਖਵਿੰਦਰ ਸਿੰਘ ਢਿੱਲਵਾਂ ਨੇ ਕਿਹਾ ਕਿ ਜਦੋਂ ਤੱਕ ਕਾਂਗਰਸ ਸਰਕਾਰ ਬੇਰੁਜ਼ਗਾਰਾਂ ਨਾਲ ਕੀਤਾ ਘਰ ਘਰ ਨੌਕਰੀ ਦਾ ਵਾਅਦਾ ਪੂਰਾ ਨਹੀਂ ਕਰਦੀ।ਉਦੋ ਤੱਕ ਰੋਸ ਪ੍ਰਦਰਸ਼ਨ ਜਾਰੀ ਰਹੇਗਾ। ਉਹਨਾਂ ਕਿਹਾ ਕਿ ਪੰਜਾਬ ਦੇ ਮਾਪਿਆਂ ਅੰਦਰ ਆਪਣੇ ਬੱਚਿਆਂ ਦੇ ਰੁਜ਼ਗਾਰ ਲਈ ਲਾਵਾ ਉਬਾਲੇ ਮਾਰਨ ਲੱਗ ਪਿਆ ਹੈ।ਜਿਸਦਾ ਸੇਕ ਕਾਂਗਰਸ ਨੂੰ ਆਉਂਦੀਆਂ ਚੋਣਾਂ ਵਿੱਚ ਲਾਜ਼ਮੀ ਲੱਗੇਗਾ।