ਸਹਿਕਾਰਤਾ ਵਿਭਾਗ ਦੇ ਕੰਮ ਕਾਜ ਵਿੱਚ ਆਵੇਗੀ ਤੇਜ਼ੀ
ਬੀਟੀਐਨ, ਫ਼ਤਹਿਗੜ੍ਹ ਸਾਹਿਬ, 14 ਅਗਸਤ
ਸਹਿਕਾਰਤਾ ਵਿਭਾਗ ਪੇਂਡੂ ਅਰਥਚਾਰੇ ਵਿੱਚ ਅਹਿਮ ਭੂਮਿਕਾ ਨਿਭਾਉਂਦਾ ਹੈ, ਜਿਸ ਦੇ ਮੱਦੇਨਜ਼ਰ ਵਿਭਾਗ ਦੀ ਕਾਰਗੁਜ਼ਾਰੀ ਹੋਰ ਬਿਹਤਰ ਬਨਾਉਣ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਇਨ੍ਹਾਂ ਉਪਰਾਲਿਆਂ ਦੀ ਲੜੀ ਤਹਿਤ ਖਨਿਆਣ ਵਿਖੇ 40 ਲੱਖ ਰੁਪਏ ਦੀ ਲਾਗਤ ਸਹਿਕਾਰਤਾ ਭਵਨ ਬਣਾਇਆ ਜਾ ਰਿਹਾ ਹੈ, ਜੋ ਇਸ ਖੇਤਰ ਵਿੱਚ ਸਹਿਕਾਰਤਾ ਦੇ ਖੇਤਰ ਨੂੰ ਹੁਲਾਰਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਹਿਕਾਰਤਾ ਤੇ ਜੇਲ੍ਹਾਂ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਖਨਿਆਣ ਵਿਖੇ ਬਣਨ ਵਾਲੇ ਸਹਿਕਾਰਤਾ ਭਵਨ ਦਾ ਨੀਂਹ ਪੱਥਰ ਰੱਖਣ ਮੌਕੇ ਕੀਤਾ।
ਸ. ਰੰਧਾਵਾ ਨੇ ਕਿਹਾ ਕਿ ਸਹਿਕਾਰਤਾ ਵਿਭਾਗ ਵੱਖ ਵੱਖ ਸਹੂਲਤਾਂ ਮੁਹੱਈਆ ਕਰਵਾ ਕੇ ਪੇਂਡੂ ਅਰਥਚਾਰੇ ਦੀ ਰੀੜ੍ਹ ਦੀ ਹੱਡੀ ਬਣਿਆ ਹੋਇਆ ਹੈ ਤੇ ਆਉਣ ਵਾਲੇ ਸਮੇਂ ਵਿੱਚ ਪੇਂਡੂ ਖੇਤਰ ਦੇ ਲੋਕਾਂ ਦਾ ਜੀਵਨ ਪੱਧਰ ਹੋਰ ਉੱਚਾ ਚੁੱਕ ਕੇ ਸੂਬੇ ਤੇ ਦੇਸ਼ ਦੀ ਤਰੱਕੀ ਵਿੱਚ ਅਹਿਮ ਯੋਗਦਾਨ ਪਾਏਗਾ। ਦੀ ਖਨਿਆਣ ਬਹੁਮੰਤਵੀ ਸਹਿਕਾਰੀ ਖੇਤੀਬਾੜੀ ਸੇਵਾ ਸਭਾ ਮਿਤੀ 10-12-1957 ਨੂੰ ਰਜਿਸਟਰ ਹੋਈ ਤੇ ਹੁਣ ਸਭਾ ਦੇ 1116 ਮੈਂਬਰ ਹਨ, ਜਿਨ੍ਹਾਂ ਵਿੱਚ 426 ਇਸਤਰੀਆਂ ਵੀ ਮੈਂਬਰ ਹਨ। ਇਹਨਾਂ ਮੈਬਰਾਂ ਦੀ 08.74ਲੱਖ ਦੀ ਹਿੱਸੇਦਾਰੀ ਸਭਾ ਪਾਸ ਜਮ੍ਹਾਂ ਹੈ। ਸਭਾ ਵਿੱਚ 04 ਪਿੰਡ ਸ਼ਾਮਲ ਹਨ, ਜਿਨ੍ਹਾਂ ਵਿੱਚ ਖਨਿਆਣ ,ਰਾਮਗੜ੍ਹ, ਮਾਜਰਾ ਮੰਨਾ ਸਿੰਘ ਵਾਲਾ ਅਤੇ ਮਾਜਰੀ ਅਰਾਈਆਂ ਸ਼ਾਮਲ ਹਨ।
ਸਭਾ ਨੇ 50 ਇਸਤਰੀ ਮੈਂਬਰਾਂ ਨੂੰ ਖੇਤੀਬਾੜੀ ਅਤੇ ਹੋਰ ਕੰਮਾਂ ਲਈ 63.86 ਲੱਖ ਰੁਪਏ ਦਾ ਕਰਜ਼ਾ ਵੀ ਦਿੱਤਾ ਹੋਇਆ ਹੈ। ਸਭਾ ਵਿੱਚ 10.06.2005 ਨੂੰ ਡੀਜ਼ਲ ਪੰਪ ਚਾਲੂ ਕੀਤਾ ਗਿਆ ਤੇ ਸਭਾ ਹੁਣ ਤੱਕ 20.01 ਲੱਖ ਰੁਪਏ ਮੁਨਾਫਾ ਕਮਾ ਚੁੱਕੀ ਹੈ। ਸਭਾ ਵੱਲੋਂ ਮਾਈ ਭਾਗੋ ਇਸਤਰੀ ਸੁਸ਼ਕਤੀ ਸਕੀਮ ਅਧੀਨ ਇਸਤਰੀਆਂ ਨੂੰ ਆਰਥਿਕ ਤੌਰ ‘ਤੇ ਮਜ਼ਬੂਤ ਕਰਨ ਲਈ ਸਾਲ 2005 ਤੋਂ ਵਿਸ਼ੇਸ਼ ਤੌਰ ਤੇ ਪਿੰਡਾਂ ਦੀਆ ਲੜਕੀਆਂ ਅਤੇ ਇਸਤਰੀਆਂ ਨੂੰ ਕੱਪੜੇ ਦੀ ਸਿਲਾਈ ਕਢਾਈ ਦਾ ਕੰਮ ਸਿਖਾਉਣ ਲਈ ਕੋਚਿੰਗ ਸੈਂਟਰ ਖੋਲ੍ਹਿਆ ਹੋਇਆ ਹੈ।
ਹੁਣ ਤੱਕ ਸੈਂਟਰ ਤੋਂ 834 ਲੜਕੀਆਂ/ਇਸਤਰੀਆਂ ਟਰੇਨਿੰਗ ਲੈ ਕੇ ਆਪਣਾ ਰੁਜ਼ਗਾਰ ਬਹੁਤ ਵਧੀਆ ਢੰਗ ਨਾਲ ਚਲਾ ਰਹੀਆਂ ਹਨ। ਸਭਾ ਨੂੰ ਸਾਲ 2004 ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੁਆਰਾ ਪੰਜਾਬ ਸਰਕਾਰ ਵੱਲੋਂ ਚੰਗੀ ਕਾਰਗੁਜ਼ਾਰੀ ਦਿਖਾਉਣ ਬਦਲੇ ਇੱਕ ਲੱਖ ਰੁਪਏ ਦਾ ਪਹਿਲਾ ਇਨਾਮ ਪ੍ਰਦਾਨ ਕੀਤਾ ਗਿਆ ਸੀ। ਮਿਤੀ ਸਾਲ 2012 ਵਿੱਚ ਰਾਸ਼ਟਰਪਤੀ ਭਵਨ, ਨਵੀਂ ਦਿੱਲੀ ਵਿਖੇ ਭਾਰਤ ਦੇ ਰਾਸ਼ਟਰਪਤੀ ਵੱਲੋਂ ਸਭਾ ਨੂੰ ਐਨ.ਸੀ.ਡੀ.ਸੀ. ਐਵਾਰਡ ਕੋਆਪਰੇਟਿਵ ਐਕਸੀਲੈਂਸ 2012 ਜਿਸ ਵਿੱਚ ਸਨਮਾਨ ਪੱਤਰ, ਸਨਮਾਨ ਚਿੰਨ੍ਹ ਅਤੇ 50 ਹਜ਼ਾਰ ਰੁਪਏ ਨਕਦ ਇਨਾਮ ਪ੍ਰਦਾਨ ਕੀਤਾ ਗਿਆ ਸੀ। ਸਾਲ 2020 ਵਿੱਚ ਨਬਾਰਡ ਵੱਲੋਂ ਸਭਾ ਨੂੰ ਸੋਲਰ ਪੈਨਲ ਲਈ 03 ਲੱਖ ਰੁਪਏ ਦੀ ਗਰਾਂਟ ਜਾਰੀ ਕੀਤੀ ਗਈ। ਇਸ ਨਾਲ ਸਭਾ ਦੀ ਬਿਜਲੀ ਮੁਫਤ ਹੋ ਗਈ।
ਇਸ ਮੌਕੇ ਹਲਕਾ ਵਿਧਾਇਕ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਕਿਸਾਨੀ ਨੂੰ ਮੁੜ ਪੈਰਾਂ ‘ਤੇ ਖੜ੍ਹਾ ਕਰਨ ਵਿੱਚ ਸਹਿਕਾਰੀ ਸਭਾਵਾਂ ਅਹਿਮ ਭੂਮਿਕਾ ਨਿਭਾਅ ਰਹੀਆਂ ਹਨ ਤੇ ਸਹਿਕਾਰਤਾ ਨੂੰ ਆਧਾਰ ਬਣਾ ਕੇ ਕਿਸਾਨਾਂ ਦੀ ਆਰਥਿਕਤਾ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਸੂਬੇ ਦੀ ਤਰੱਕੀ ਤੇ ਅਰਥਚਾਰੇ ਵਿੱਚ ਸਹਿਕਾਰੀ ਸੰਸਥਾਵਾਂ ਦਾ ਅਹਿਮ ਰੋਲ ਹੈ ਤੇ ਪੰਜਾਬ ਸਰਕਾਰ ਸਹਿਕਾਰੀ ਸੰਸਥਾਵਾਂ ਦੇ ਵਿਕਾਸ ਵੱਲ ਉਚੇਚਾ ਧਿਆਨ ਦੇ ਰਹੀ ਹੈ। ਸਹਿਕਾਰੀ ਖੇਤਰ ਦੀਆਂ ਸੰਸਥਾਵਾਂ ਨੂੰ ਲਗਾਤਾਰ ਅਪਗਰੇਡ ਕੀਤਾ ਜਾ ਰਿਹਾ ਤਾਂ ਜੋ ਇਨ੍ਹਾਂ ਸਾਰੀਆਂ ਸੰਸਥਾਵਾਂ ਨੂੰ ਸਮੇਂ ਦਾ ਹਾਣੀ ਬਣਾਇਆ ਜਾ ਸਕੇ ਤੇ ਇਹ ਸੰਸਥਾਵਾਂ ਸੂਬੇ ਦੇ ਵਿਕਾਸ ਵਿੱਚ ਹੋਰ ਯੋਗਦਾਨ ਪਾ ਸਕਣ। ਵੱਖ-ਵੱਖ ਸਹਿਕਾਰੀ ਸੰਸਥਾਵਾਂ ਵਿਚਲੀਆਂ ਖਾਲੀ ਅਸਾਮੀਆਂ ਵੀ ਲਗਾਤਾਰ ਭਰੀਆਂ ਜਾ ਰਹੀਆਂ ਹਨ ਤਾਂ ਜੋ ਇਨ੍ਹਾਂ ਸੰਸਥਾਵਾਂ ਨੂੰ ਚਲਾਉਣ ਸਬੰਧੀ ਕੋਈ ਦਿੱਕਤ ਪੇਸ਼ ਨਾ ਆਵੇ ਤੇ ਨਾਲ ਹੀ ਨੌਜਵਾਨਾਂ ਨੂੰ ਰੁਜ਼ਗਾਰ ਮਿਲੇ।