ਸਿੱਖਿਆ ਮੰਤਰੀ ਸਿੰਗਲਾ ਦੇ ਪੀ ਏ ਨੂੰ ਨੌਕਰੀ ਦੇਣ ਖਿਲਾਫ ਆਪ ਦੇ ਯੂਥ ਵਿੰਗ ਵੱਲੋਂ ਰੋਸ ਪ੍ਰਦਰਸ਼ਨ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 13 ਅਗਸਤ 2021
ਬੀਤੇ ਦਿਨੀਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਪੀ ਏ ਨੂੰ ਸਰਕਾਰੀ ਨੌਕਰੀ ਦੇ ਕੇ ਜਿਲ੍ਹੇ ਦਾ ADM ਨਿਯੁਕਤ ਕੀਤੇ ਜਾਣ ਦਾ ਮੁੱਦਾ ਕਾਫੀ ਚਰਚਾ ਦਾ ਵਿਸ਼ਾ ਬਣ ਰਿਹਾ ਹੈ ਅਤੇ ਇਸ ਨੌਕਰੀ ਦੇਣ ਦੇ ਫੈਸਲੇ ਖਿਲਾਫ ਆਮ ਆਦਮੀ ਪਾਰਟੀ ਜਿਲ੍ਹਾ ਸੰਗਰੂਰ ਦੇ ਯੂਥ ਵਿੰਗ ਵੱਲੋਂ ਜਿਲ੍ਹਾ ਯੂਥ ਪ੍ਰਧਾਨ ਨਰਿੰਦਰ ਕੌਰ ਭਰਾਜ ਦੀ ਅਗਵਾਈ ਵਿਚ ਡੀ ਸੀ ਦਫਤਰ ਸੰਗਰੂਰ ਅੱਗੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਪੁਤਲਾ ਸਾੜਿਆ ਗਿਆ ਅਤੇ ਇਸ ਫੈਸਲੇ ਦੀ ਨਿਖੇਧੀ ਕਰਦਿਆਂ ਜੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਨਰਿੰਦਰ ਕੌਰ ਭਰਾਜ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨੂੰ ਆਪਣੇ ਪੀ ਏ ਨੂੰ ਨੌਕਰੀ ਦਵਾਉਣ ਤੋਂ ਪਹਿਲਾਂ ਉਨ੍ਹਾਂ ਦੇ ਘਰ ਅੱਗੇ ਲੰਬੇ ਸਮੇਂ ਤੋਂ ਧਰਨੇ ਤੇ ਬੈਠੇ ਬੇਰੁਜ਼ਗਾਰ ਨੌਜਵਾਨਾਂ ਵੱਲ ਧਿਆਨ ਕਰ ਲੈਣਾ ਚਾਹੀਦਾ ਸੀ ਜਿੰਨਾ ਨਾਲ ਉਨ੍ਹਾਂ ਨੇ 2017 ਵਿੱਚ ਘਰ ਘਰ ਨੌਕਰੀ ਦਾ ਵਾਅਦਾ ਕੀਤਾ ਸੀ। ਪਰ ਹੁਣ ਨੌਕਰੀਆਂ ਆਪਣੇ ਵਿਧਾਇਕਾਂ ਦੇ ਵਾਰਸਾਂ ਨੂੰ ਜਾ ਆਪਣੇ ਪੀ ਏ ਨੂੰ ਦੇ ਰਹੇ ਹਨ ਅਤੇ ਆਮ ਘਰਾਂ ਦੇ ਧੀਆਂ ਪੁੱਤਾਂ ਨੂੰ ਸਿਰਫ ਗਾਲਾਂ ਅਤੇ ਪੁਲਸ ਦੀਆਂ ਡਾਂਗਾਂ ਮਿਲ ਰਹੀਆਂ ਹਨ ਉਨ੍ਹਾਂ ਕਿਹਾ ਕਿ ਇਹ ਸਿਰਫ ਇੱਕ ਤਾਨਾਸ਼ਾਹੀ ਅਤੇ ਗਲਤ ਫੈਸਲਾ ਹੈ ਅਤੇ ਇਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ ਅਤੇ ਪੀ ਏ ਨੂੰ ਨੌਕਰੀ ਤੋਂ ਤੁਰੰਤ ਹਟਾ ਕੇ ਯੋਗਤਾ ਦੇ ਆਧਾਰ ਤੇ ਨੌਕਰੀ ਮਿਲਣੀ ਚਾਹੀਦੀ ਹੈ।
ਜਿਲ੍ਹਾ ਪ੍ਰਧਾਨ ਸੰਗਰੂਰ ਗੁਰਮੇਲ ਸਿੰਘ ਘਰਾਚੋਂ ਨੇ ਕਿਹਾ ਕਿ ਵਿਜੇਇੰਦਰ ਸਿੰਗਲਾ ਬੇਰੁਜ਼ਗਾਰ ਨੌਜਵਾਨਾਂ ਨੂੰ ਅੱਖੋ ਪਰੋਖੇ ਕਰਕੇ ਲਗਾਤਾਰ ਤਾਨਾਸ਼ਾਹੀ ਫੈਸਲੇ ਲੈ ਰਹੇ ਹਨ ਜਿਸ ਦਾ ਖਮਿਆਜ਼ਾ ਉਨ੍ਹਾਂ ਨੂੰ 2022 ਵਿੱਚ ਭੁਗਤਣਾ ਪਵੇਗਾ ਜਦੋਂ ਪੰਜਾਬ ਦੇ ਨੌਜਵਾਨ ਉਨ੍ਹਾਂ ਨੂੰ ਸੱਤਾ ਵਿੱਚੋਂ ਬਾਹਰ ਦਾ ਰਸਤਾ ਦਿਖਾਉਣਗੇ।
ਇਸ ਮੌਕੇ ਆਪ ਆਗੂ ਗੁਰਵਿੰਦਰ ਚੱਠਾ,ਗੁਨਿਦਰਜੀਤ ਸਿੰਘ,ਚਰਨਜੀਤ ਸਿੰਘ,ਅਵਤਾਰ ਈਲਵਾਲ,ਹਰਦੀਪ ਸਿੰਘ ਤੂਰ,ਕਰਮਜੀਤ ਨਾਗੀ,ਅਮਰੀਕ ਸਿੰਘ, ਹਰਿੰਦਰ ਸ਼ਰਮਾ,ਗੁਰਪ੍ਰੀਤ ਰਾਜਾ,ਜਸਨ,ਗੁਲਜਾਰ ਸਿੰਘ,ਸੁਖਵਿੰਦਰ ਬਾਬਾ,ਹਰਪ੍ਰੀਤ ਬੱਗੂਆਣਾ,ਲਖਵਿੰਦਰ ਸਿੰਘ,ਗਗਨਦੀਪ ਸਿੰਘ,ਨੋਨੀ ਸਿੰਘ,ਭੁਪਿੰਦਰ ਕਾਕੜਾ,ਵਿੱਕੀ ਆਦਿ ਪਾਰਟੀ ਆਗੂ ਅਤੇ ਵਰਕਰ ਹਾਜ਼ਰ ਰਹੇ।