ਪੰਜਾਬ ਦੇ ਹਿੱਸੇ ਆਏ ਦੋਵੇਂ ” ਗ੍ਰਹਿ ਮੰਤਰੀ ਮੈਡਲ” ਬਰਨਾਲਾ ਜਿਲ੍ਹੇ ਨੇ ਫੁੰਡੇ
-ਦੇਸ਼ ਭਰ ‘ਚੋਂ ਚੁਣੇ 152 ਪੁਲਿਸ ਅਫਸਰਾਂ ਵਿੱਚ ਐਸ.ਐਸ.ਪੀ ਗੋਇਲ ਅਤੇ ਸੀਆਈਏ ਇੰਚਾਰਜ ਬਲਜੀਤ ਸਿੰਘ ਨੂੰ ਚੁਣਿਆ
ਹਰਿੰਦਰ ਨਿੱਕਾ , ਬਰਨਾਲਾ, 12 ਅਗਸਤ 2021
ਐਸ.ਐਸ.ਪੀ. ਸੰਦੀਪ ਗੋਇਲ ਦੇ ਮਾਰਗ ਦਰਸ਼ਨ ‘ਚ ਸੀਆਈਏ ਦੇ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਟੀਮ ਵੱਲੋਂ ਡਰੱਗ ਤਸਕਰਾਂ ਖਿਲਾਫ ਬੜੇ ਹੀ ਜਨੂੰਨ, ਤਨਦੇਹੀ ਅਤੇ ਇਮਾਨਦਾਰੀ ਨਾਲ ਵਿੱਢੀ ਤਫਤੀਸ਼ ਨੂੰ ਅਣਕਿਆਸੇ ਅੰਜਾਮ ਤੱਕ ਲੈ ਜਾਣ ਦੀ ਸਫਲਤਾ ਨੇ ਜਿੱਥੇ ਦੋਵਾਂ ਅਧਿਕਾਰੀਆਂ ਦੀ ਮਾਣ ਨਾਲ ਝੋਲੀ ਭਰ ਦਿੱਤੀ ਹੈ। ਉੱਥੇ ਹੀ ਦੋਵਾਂ ਹੀ ਅਧਿਕਾਰੀਆਂ ਨੂੰ ਕੇ਼ਦਰੀ ਗ੍ਰਹਿ ਮੰਤਰਾਲੇ ਵੱਲੋਂ ਸਾਲ 2021 ਲਈ ‘ਵਧੀਆ ਤਫਤੀਸ਼ ਲਈ ਦਿੱਤੇ ਜਾਣ ਵਾਲੇ ਪੁਰਸਕਾਰ (ਗ੍ਰਹਿ ਮੰਤਰੀ ਮੈਡਲ ਫਾਰ ਐਕਸੀਲੈਂਸ ਇਨ ਇਨਵੈਸਟੀਗੇਸ਼ਨ) ਲਈ ਜ਼ਾਰੀ 152 ਅਧਿਕਾਰੀਆਂ ਦੀ ਸੂਚੀ ਵਿੱਚ ਸ਼ਾਮਿਲ ਕੀਤਾ ਗਿਆ ਹੈ। ਇਸ ਪੁਰਸਕਾਰ ਦੀ ਚੋਣ ਨੇ ਬਰਨਾਲਾ ਜਿਲ੍ਹੇ ਜਾਂ ਬਰਨਾਲਾ ਪੁਲਿਸ ਦਾ ਹੀ ਨਹੀਂ, ਬਲਕਿ ਦੇਸ਼ ਅੰਦਰ ਪੰਜਾਬ ਪੁਲਿਸ ਦਾ ਮਾਣ ਵੀ ਵਧਾਇਆ ਹੈ। ਪੰਜਾਬ ਸੂਬੇ ਦੇ ਦੋਵੇਂ ਮੈਡਲ ਬਰਨਾਲਾ ਜਿਲ੍ਹੇ ਦੇ ਹਿੱਸੇ ਆਉਣ ਨਾਲ ਬਰਨਾਲਾ ਪੁਲਿਸ ਦਾ ਸਿਰ ਵੀ ਮਾਣ ਨਾਲ ਉੱਚਾ ਹੋਇਆ। ਇਹ ਸੂਚੀ ਜ਼ਾਰੀ ਹੁੰਦਿਆਂ ਹੀ ਦੋਵਾਂ ਅਧਿਕਾਰੀਆਂ ਨੂੰ ਵਧਾਈਆਂ ਦੇਣ ਲਈ ਮੋਬਾਇਲ ਦੀਆਂ ਘੰਟੀਆਂ ਖੜ੍ਹਕਣੀਆਂ ਸ਼ੁਰੂ ਹੋ ਗਈਆਂ।
ਵਰਣਨਯੋਗ ਹੈ ਕਿ ਉਪਰੋਕਤ ਮੈਡਲ ਲਈ 15 ਅਧਿਕਾਰੀ ਸੀ. ਬੀ. ਆਈ. ਤੋਂ, 11 ਅਧਿਕਾਰੀ ਮੱਧ ਪ੍ਰਦੇਸ਼ ਅਤੇ ਮਹਾਰਾਸ਼ਟਰ ਤੋਂ, 10 ਅਧਿਕਾਰੀ ਉੱਤਰ ਪ੍ਰਦੇਸ਼ ਤੋਂ, 9 ਅਧਿਕਾਰੀ ਕੇਰਲਾ ਅਤੇ ਰਾਜਸਥਾਨ ਤੋਂ, 8 ਅਧਿਕਾਰੀ ਤਾਮਿਲਨਾਡੂ ਪੁਲਿਸ ਤੋਂ, 7 ਅਧਿਕਾਰੀ ਬਿਹਾਰ ਤੋਂ, 6 ਅਧਿਕਾਰੀ ਗੁਜਰਾਤ ਕਰਨਾਟਕਾ ਅਤੇ ਦਿੱਲੀ ਪੁਲਿਸ ਵਿੱਚੋਂ ਚੁਣੇ ਗਏ ਹਨ। ਪੰਜਾਬ ’ਚ ਸਿਰਫ 2 ਹੀ ਅਧਿਕਾਰੀਆਂ ਨੂੰ ਇਸ ਐਵਾਰਡ ਲਈ ਚੁਣਿਆ ਗਿਆ ਹੈ। ਜਿਕਰਯੋਗ ਹੈ ਕਿ ਇਹ ਪੁਰਸਕਾਰ ਸਾਲ 2018 ’ਚ ਅਪਰਾਧ ਦੀ ਜਾਂਚ ਦੇ ਉੱਚ ਪੇਸ਼ੇਵਰ ਮਾਪਦੰਡਾਂ ਨੂੰ ਬੜ੍ਹਾਵਾ ਦੇਣਾ ਅਤੇ ਜਾਂਚ ਅਧਿਕਾਰੀਆਂ ਵੱਲੋਂ ਜਾਂਚ ’ਚ ਅਜਿਹੀ ਉੱਤਮਤਾ ਨੂੰ ਮਾਨਤਾ ਦੇਣ ਦੇ ਉਦੇਸ਼ ਨਾਲ ਕਾਇਮ ਕੀਤਾ ਗਿਆ ਸੀ ।
ਇੱਥੇ ਇਹ ਜਿਕਰ ਕਰਨਾ ਕੁਥਾਂ ਨਹੀਂ ਹੋਵੇਗਾ ਕਿ ਐਸ.ਐਸ.ਪੀ ਸ਼੍ਰੀ ਸੰਦੀਪ ਗੋਇਲ ਦੀ ਵਿਲੱਖਣ ਕਾਰਜ਼ਸ਼ੈਲੀ ਅਤੇ ਦਿਲੇਰੀ ਦੀ ਬਦੌਲਤ ਹੀ ਬਰਨਾਲਾ ਪੁਲਿਸ ਨੂੰ ਡਰੱਗ ਤਸਕਰਾਂ ਦਾ ਲੱਕ ਤੋੜਨ ਅਤੇ ਇੱਕ ਛੋਟੇ ਜਿਹੇ ਕੇਸ ਦੀ ਤਫਤੀਸ਼ ਨੂੰ 1 ਮਾਮੂਲੀ ਡਰੱਗ ਤਸਕਰ ਤੋਂ ਸ਼ੁਰੂ ਕਰਕੇ ਦੇਸ਼ ਪੱਧਰ ਦੇ ਡਰੱਗ ਤਸਕਰਾਂ ਦੀ ਸੰਘੀ ਨੂੰ ਹੱਥ ਪਾਉਣ ਦਾ ਮੌਕਾ ਮਿਲਿਆ। ਜਿਸ ਤਫਤੀਸ਼ ਦੀ ਬਦੌਲਤ ਹੀ ਐਸ.ਐਸ.ਪੀ ਸੰਦੀਪ ਗੋਇਲ ਅਤੇ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਵੱਡਾ ਮਾਣ ਪ੍ਰਾਪਤ ਹੋਇਆ ਹੈ। ਜਿਕਰਯੋਗ ਹੈ ਕਿ ਸੀ. ਆਈ. ਏ. ਸਟਾਫ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਨੂੰ ਇਸ ਤੋਂ ਪਹਿਲਾਂ 6 ਵਾਰ ਡੀ. ਜੀ. ਪੀ. ਡਿਸਕ ਨਾਲ, 2015 ’ਚ ਐਵਾਰਡ ਫਾਰ ਮੈਰੀਟੋਰੀਅਸ ਸਰਵਿਸ ਅਤੇ 2020 ’ਚ ਮੁੱਖ ਮੰਤਰੀ ਵੱਲੋਂ ਸਨਮਾਨਿਤ ਕੀਤਾ ਜਾ ਚੁੱਕਿਆ ਹੈ। ਜਦੋਂਕਿ ਐਸ.ਐਸ.ਪੀ ਸੰਦੀਪ ਗੋਇਲ ਵੀ ਕਈ ਪੁਰਸਕਾਰਾਂ ਦੇ ਨਾਲ ਸਨਮਾਨਿਤ ਕੀਤੇ ਗਏ ਹਨ । ਸੱਭ ਤੋਂ ਵੱਡੀ ਗੱਲ ਇਹ ਵੀ ਕਿ ਸ਼੍ਰੀ ਗੋਇਲ ਨੇ ਆਪਣੇ ਕੰਮ ਕਰਨ ਦੇ ਵੱਖਰੇ ਅੰਦਾਜ਼ ਨਾਲ ਲੋਕਾਂ ਦੇ ਦਿਲਾਂ ਅੰਦਰ ਆਪਣੀ ਸਤਿਕਾਰਯੋਗ ਪਹਿਚਾਣ ਕਾਇਮ ਕੀਤੀ ਹੋਈ ਹੈ।