C J M ਦੀ ਅਦਾਲਤ ਨੇ ਵੀ ਆਪਣੇ ਹੁਕਮ ਵਿੱਚ ਲਿਖਿਆ FOR Awaiting Challan
ਹਰਿੰਦਰ ਨਿੱਕਾ , ਬਰਨਾਲਾ 7 ਅਗਸਤ 2021
ਪੰਜਾਬ ਪੁਲਿਸ ਆਪਣੇ ਵੱਖ ਵੱਖ ਕਾਰਨਾਮਿਆਂ ਕਰਕੇ ,ਹਮੇਸ਼ਾ ਹੀ ਸੁਰਖੀਆਂ ਬਟੋਰਦੀ ਰਹੀ ਹੈ। ਪੁਲਿਸ ਦੀ ਢਿੱਲੀ ਅਤੇ ਮਸਤ ਚਾਲ ਨੂੰ ਦਰਸਾਉਂਦਾ ਇੱਕ ਹੋਰ ਕਾਰਨਾਮਾ , ਥਾਣਾ ਸਿਟੀ ਬਰਨਾਲਾ ਦੀ ਪੁਲਿਸ ਦਾ ਨਿੱਕਲ ਕੇ ਸਾਹਮਣੇ ਆਇਆ ਹੈ। ਪੁਲਿਸ ਵੱਲੋਂ ਵਿਦੇਸ਼ ਭੇਜਣ ਦੇ ਨਾਂ ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ, ਨਵੇਂ ਨਟਵਰ ਲਾਲ ਦੇ ਤੌਰ ਤੇ ਉੱਭਰੇ ਸੂਬਾਈ ਕਾਂਗਰਸੀ ਆਗੂ ਦੇ ਬੇਟੇ ਸੁਖਦੇਵ ਰਾਮ ਭੁਟਾਰਾ ਵਾਸੀ ਸੰਧੂ ਪੱਤੀ ਬਰਨਾਲਾ ਦੇ ਖਿਲਾਫ ਦਰਜ ਕੇਸ ਤੋਂ 3 ਸਾਲ 3 ਮਹੀਨੇ ਅਤੇ 19 ਦਿਨ ਬਾਅਦ ਵੀ ਦੋਸ਼ੀ ਖਿਲਾਫ ਚਲਾਨ ਅਦਾਲਤ ਵਿੱਚ ਪੇਸ਼ ਨਹੀਂ ਕੀਤਾ ਗਿਆ । ਜਦੋਂਕਿ ਐਫ.ਆਈਆਰ ਦਰਜ਼ ਹੋਣ ਤੋਂ 3 ਮਹੀਨਿਆਂ ਵਿੱਚ ਤਫਤੀਸ਼ ਮੁਕੰਮਲ ਕਰਕੇ ਕੇਸ ਚਲਾਨ ਅਦਾਲਤ ਕਰਨਾ ਬਣਦਾ ਹੈ। ਪਰੰਤੂ ਕੇਸ ਦਰਜ਼ ਹੋਣ ਤੋਂ ਲੈ ਕੇ ਹੁਣ ਤੱਕ ਇੱਕ ਨਹੀਂ 10-12 ਐਸਐਚਉ ਵੀ ਬਦਲ ਚੁੱਕੇ ਹਨ, ਤਫਤੀਸ਼ ਅਧਿਕਾਰੀਆਂ ਦੇ ਬਦਲਣ ਦੀ ਗਿਣਤੀ ਵੀ ਇਸ ਤੋਂ ਘੱਟ ਨਹੀਂ ਹੋਵੇਗਾ ।
ਐਫ.ਆਈ.ਆਰ. ਬੋਲਦੀ ਐ , ਕਿਵੇਂ ਅਤੇ ਕਦੋਂ ਸੁਖਦੇਵ ਭੁਟਾਰਾ ਨੇ ਮਾਰੀ ਠੱਗੀ
ਸੋਨੀ ਪੁੱਤਰ ਖਲੀਲ ਮਹੁੰਮਦ ਵਾਸੀ ਪਿੰਡ ਫਰਵਾਹੀ, ਤਹਿਸੀਲ ਧੂਰੀ, ਜਿਲ੍ਹਾ ਸੰਗਰੂਰ ਨੇ 20 ਨਵੰਬਰ 2017 ਨੂੰ ਐਸ ਐਸ ਪੀ ਸੰਗਰੂਰ ਨੂੰ ਦਿੱਤੀ ਦੁਰਖਾਸਤ ਵਿੱਚ ਦੱਸਿਆ ਕਿ ਸੁਖਦੇਵ ਰਾਮ ਵਾਸੀ ਸੰਧੂ ਪੱਤੀ ਬਰਨਾਲਾ ਦੀ ਮੂੰਹਬੋਲੀ ਭੈਣ ਕਰਸੂਮ ਨਾਲ ਐਮਬੇ ਨੈਟਵਰਕਿੰਗ ਕੰਪਨੀ ਵਿੱਚ ਬਰਨਾਲਾ ਵਿਖੇ ਕੰਮ ਕਰਦਾ ਸੀ। ਜਿਸ ਨਾਲ ਸਾਡੀ ਇੱਕੋ ਕੰਪਨੀ ਵਿੱਚ ਕੰਮ ਕਰਦੇ ਹੋਣ ਕਰਕੇ ਜਾਣ ਪਹਿਚਾਣ ਹੋ ਗਈ । ਜਿਸ ਨੇ ਗੱਲਾ ਗੱਲਾ ਵਿੱਚ ਮੇਰੀ ਭੈਣ ਨੂੰ ਕਿਹਾ ਕਿ ਉਹ ਯਾਨੀ ਸੁਖਦੇਵ ਭੁਟਾਰਾ ,ਲੜਕੇ-ਲੜਕੀਆਂ ਵਿਦੇਸ਼ ਭੇਜਣ ਦਾ ਕਾਰੋਬਾਰ ਕਰਦਾ ਹਾਂ ਅਤੇ ਮੈਂ ਪਹਿਲਾਂ ਵੀ ਕਈ ਲੜਕੇ-ਲੜਕੀਆਂ ਵਿਦੇਸ਼ ਭੇਜ ਚੁੱਕਾ ਹਾਂ ਅਤੇ ਮੇਰੀ ਬਾਹਰਲੇ ਦੇਸ਼ਾਂ ਵਿੱਚ ਕਾਫੀ ਜਾਣ ਪਹਿਚਾਣ ਹੈ। ਉਸ ਨੇ ਮੇਰੀ ਭੈਣ ਨੂੰ ਕਿਹਾ ਕਿ ਉਹ ਤੇਰੇ ਭਰਾ ਯਾਨੀ ਮੁਦਈ ਸੋਨੀ ਨੂੰ ਵੀ ਵਿਦੇਸ਼ ਭੇਜ ਸਕਦਾ ਹੈ । ਸੁਖਦੇਵ ਭੁਟਾਰਾ ਨੇ ਹੋਰ ਵੀ ਕਈ ਲੜਕੇ ਲੜਕੀਆਂ ਦੇ ਵਿਦੇਸ਼ ਵਿੱਚ ਵੀਜ਼ੇ ਲੱਗੇ ਪਾਸਪੋਰਟ ਵੀ ਦਿਖਾਏ । ਜਿਸ ਪਰ ਸਾਨੂੰ ਉਸ ਦੀਆ ਗੱਲਾ ਪਰ ਵਿਸਵਾਸ ਹੋ ਗਿਆ ।
ਮੁਦਈ ਨੇ ਦੱਸਿਆ ਕਿ ਅਪ੍ਰੈਲ 2016 ਦੇ ਪਹਿਲੇ ਹਫਤੇ ਸੁਖਦੇਵ ਭੁਟਾਰਾ ਸਾਡੇ ਘਰ ਆਇਆ ਅਤੇ ਸਾਡੇ ਨਾਲ ਗੱਲਬਾਤ ਕਰਨ ਲੱਗਾ ਕਿ ਉੱਥੇ ਵਧੀਆ ਆਮਦਨ ਹੋ ਸਕਦੀ ਹੈ। ਜਿਸ ਪਰ ਅਸੀਂ ਵਿਸ਼ਵਾਸ ਕਰ ਲਿਆ ਅਤੇ ਸਾਡੀ ਆਪਸ ਵਿੱਚ ਮੈਨੂੰ ਕਨੇਡਾ ਭੇਜਣ ਲਈ 18,00,000/- ਰੁਪਏ ਵਿੱਚ ਗੱਲਬਾਤ ਤਹਿ ਹੋ ਗਈ । ਦੋਸੀ ਨੇ ਕਿਹਾ ਕਿ ਤੁਸੀਂ ਪੈਸਿਆ ਦਾ ਇੰਤਜ਼ਾਮ ਕਰੋ ਅਤੇ ਮੈਨੂੰ ਕੰਮ ਸ਼ੁਰੂ ਕਰ ਲਈ 50,000/ ਰੁਪਏ ਅਤੇ ਮੇਰੇ ਅਸਲ ਡਾਕੂਮੈਟ ਪਾਸਪੋਰਟ, ਫੋਟੋਆ ਦੇ ਦਿਉ । ਜਿਸ ਪਰ ਅਸੀ ਅਪ੍ਰੈਲ 2016 ਦੇ ਪਹਿਲੇ ਹਫਤੇ ਹੀ ਉਕਤ ਦੋਸ਼ੀ ਨੂੰ 50,000/ ਰੁਪਏ ਅਤੇ ਅਸਲ ਦਸਤਾਵੇਜ ਦੇ ਦਿੱਤੇ ਅਤੇ ਦੋਸ਼ੀ ਨੇ ਵਿਸਵਾਸ ਦਿਵਾਇਆ ਸੀ ਕਿ ਜਲਦ ਹੀ ਤੈਨੂੰ ਵਿਦੇਸ਼ ਭੇਜ ਦੇਵਾਗਾ। ਮੁਦਈ ਅਨੁਸਾਰ ਕੁੱਝ ਸਮੇਂ ਬਾਅਦ ਦੋਸ਼ੀ ਨੇ ਫਿਰ ਕਿਹਾ ਕਿ ਮੈਨੂੰ 18,00000/- ਰੁਪਏ ਵਿੱਚੋਂ ਹੁਣ 16,00,000/- ਰੁਪਏ ਪੂਰਾ ਕਰ ਦੇਵੋ ਤੁਹਾਡਾ ਕੰਮ ਸ਼ੁਰੂ ਹੋ ਚੁੱਕਾ ਹੈ ਅਤੇ ਜਲਦ ਹੀ ਤੁਹਾਡਾ ਵੀਜਾ ਲੱਗ ਜਾਵੇਗਾ ਤਾਂ ਅਸੀ ਵੱਖ ਵੱਖ ਤਾਰੀਖਾਂ ਨੂੰ 16,00,000 ਰੁਪਏ ਦੋਸੀਆਂ ਨੂੰ ਦੇ ਦਿੱਤੇ ।
ਕਿੱਥੋਂ ਕਿੱਥੋਂ ਉਧਾਰ ਲੈ ਕੇ ਦਿੱਤੇ ਲੱਖਾਂ ਰੁਪਏ
ਸੋਨੀ ਨੇ ਦੱਸਿਆ ਕਿ ਅਸੀਂ ਮਹੁੰਮਦ ਰਫੀਕ ਪੁੱਤਰ ਨੂਰ ਹੁਸੈਨ ਵਾਸੀ ਪਿੰਡ ਲੋਟ, ਜਿਲਾ ਫਤਿਹਗੜ ਸਾਹਿਬ ਪਾਸੋਂ 4,00,000/- ਰੁਪਏ , ਸੁਖਦੇਵ ਸਿੰਘ ਪੁੱਤਰ ਹਮੀਰ ਸਿੰਘ ਵਾਸੀ ਪਿੰਡ ਫਰਵਾਹੀ, ਜਿਲਾ ਸੰਗਰੂਰ ਪਾਸੋਂ 2,50,000/ ਰੁਪਏ ਅਤੇ 2,50,000 /- ਰੁਪਏ ਮੇਰੀ ਮਾਤਾ ਬੰਸੋ ਪਤਨੀ ਖਲੀਲ ਮਹੁੰਮਦ ਵੱਲੋ ਜਮੀਨ ਦਾ ਬਿਆਨਾ ਕਰਕੇ ਦਿੱਤੇ ਸਨ। ਇਸੇ ਤਰਾਂ 4,00,000/ ਰੁਪਏ ਸਹਿਜਪਾਲ ਸਿੰਘ ਪੁੱਤਰ ਕੇਸਰ ਸਿੰਘ ਵਾਸੀ ਪਿੰਡ ਫਰਵਾਹੀ, ਤਹਿਸੀਲ, ਧੂਰੀ ਅਤੇ ਬਾਕੀ ਰਕਮ ਘਰੋਂ ਫੜ੍ਹਕੇ ਕੁੱਲ ਰਕਮ 16,00,000/ ਰੁਪਏ ਪੂਰਾ ਕਰ ਦਿੱਤਾ ਸੀ ।
ਸੋਨੀ ਨੇ ਕਿਹਾ ਕਿ ਇੱਥੇ ਹੀ ਬੱਸ ਨਹੀਂ , ਦੋਸ਼ੀ ਸੁਖਦੇਵ ਭੁਟਾਰਾ ਸਾਡਾ ਬੁਲਿਟ ਮੋਟਰਸਾਇਕਲ ਜਿਸ ਦਾ ਰਜਿਸਟਰੇਸ਼ਨ ਨੰਬਰ ਪੀ.ਬੀ 19 ਵਜੇ 3379 ਜੋ ਕਿ ਮੇਰੇ ਭਰਾ ਸ਼ਮਸਾਦ ਦੇ ਨਾਮ ਪਰ ਹੈ ਵੀ ਲੈ ਗਿਆ ਸੀ । ਮੁਦਈ ਅਨੁਸਾਰ ਕਾਫੀ ਸਮਾਂ ਬੀਤਣ ਤੋਂ ਬਾਅਦ ਵੀ ਦੋਸ਼ੀ ਨੇ ਉਸ ਨੂੰ ਵਿਦੇਸ਼ ਨਹੀਂ ਭੇਜਿਆ ਅਤੇ ਨਾ ਹੀ ਵੀਜ਼ਾ ਲਗਵਾਇਆ ਅਤੇ ਲਾਰੇ ਲੱਪੇ ਲਗਾਉਂਦਾ ਰਿਹਾ | ਜਿਸ ਪਰ ਅੱਕਕੇ ਅਸੀਂ ਉਸ ਤੋਂ ਆਪਣੇ ਸਾਰੇ ਪੈਸੇ ਅਤੇ ਬੁਲਿਟ ਮੋਟਰਸਾਕਲ ਵਾਪਿਸ ਕਰਨ ਦੀ ਮੰਗ ਕੀਤੀ । ਦੋਸੀਆਨ ਲਾਰੇ ਲੱਪੇ ਲਗਾਉਂਦੇ ਰਹੇ । ਆਖਿਰ ਦੋਸ਼ੀ ਨੇ ਬਾਅਦ ਵਿੱਚ ਸਾਡੇ ਨਾਲ ਮਿਤੀ 17-03-2017 ਨੂੰ ਇੱਕ ਲਿਖਤ ਇਕਰਾਰਨਾਮਾ/ਯਾਦਦਾਸਤਨਾਮਾ ਲਿਖ ਕੇ ਦਿੱਤਾ ਅਤੇ ਜਿਸ ਪਰ 8,00,000/ ਰੁਪਏ ਵਾਪਿਸ ਕਰਨ ਲਈ ਲੱਗਭਗ 1 ਮਹੀਨੇ ਦੀ ਮੋਹਲਤ ਮੰਗੀ । ਇਹ ਇਕਰਾਰਨਾਮਾ ਮੇਰੇ ਅਤੇ ਦੋਸ਼ੀ ਦੇ ਦਰਮਿਆਨ ਗਵਾਹਨ ਦੀ ਮੌਜੂਦਗੀ ਵਿੱਚ ਲਿਖਿਆ ਗਿਆ ਸੀ । ਉਨਾਂ ਦੱਸਿਆ ਕਿ ਦੋਸੀ ਨੰਬਰ ਨੇ ਦੋ ਖਾਲੀ ਚੈਕ ਨੰਬਰਾਨ 000557 ਅਤੇ 000558 ਵੀ ਮੈਨੂੰ ਦੇ ਦਿੱਤੇ। ਜਦੋਂਕਿ ਬਾਕੀ ਦੇ 8,00,000/ ਰੁਪਏ ਦੇਣ ਦੇ ਸਬੰਧ ਵਿੱਚ ਮੈਨੂੰ 2 ਪਰਨੋਟ ਰਕਮ ਮੁਬਲਿਗ 4-4 ਲੱਖ ਰੁਪਏ ਮਿਤੀ 17-03-2017 ਨੂੰ ਹੀ ਭਰ ਕੇ ਮੇਰੇ ਹੱਕ ਵਿੱਚ ਤਹਿਰੀਰ ਕਰਵਾ ਕੇ ਦੇ ਦਿੱਤੇ ਸਨ । ਇਹ ਕਿ ਦੋਸੀਆਨ ਵੱਲੋਂ ਰਕਮ ਦੇਣ ਲਈ ਨਿਸ਼ਚਿਤ ਤਾਰੀਖ 15-04-2017 ਬੀਤ ਜਾਣ ਤੋਂ ਬਾਅਦ ਵੀ ਕੋਈ ਰਕਮ ਵਾਪਿਸ ਨਹੀਂ ਕੀਤੀ ਨਾ ਹੀ ਦੋਸੀਆਨ ਨੇ ਬੁਲਿਟ ਮੋਟਰਸਾਇਕਲ ਵਾਪਿਸ ਕੀਤਾ ਹੈ ਅਤੇ ਨਾ ਹੀ ਦੋਸੀਆਂ ਨੇ ਮੈਨੂੰ ਕੈਨੇਡਾ ਭੇਜਿਆ। ਦੋਸੀਆਨ ਨੇ ਸਾਨੂੰ ਝਾਂਸੇ ਵਿੱਚ ਰੱਖ ਕੇ ਸਾਡੇ ਨਾਲ ਠੱਗੀ ਮਾਰੀ ਹੈ।
ਕੀ ਕਹਿੰਦੀ ਹੈ ਪੜਤਾਲੀਆ ਅਫਸਰ ਦੀ ਰਿਪੋਰਟ
ਦੁਰਖਾਸਤ ਦੀ ਪੜਤਾਲ ਕਪਤਾਨ ਪੁਲਿਸ (ਸਥਾਨਕ) ਪਟਿਆਲਾ ਨੇ ਕੀਤੀ । ਪੜਤਾਲ ਦੀ ਸਿੱਟਾ ਰਿਪੋਰਟ ਇਸ ਤਰਾਂ ਹੈ। ਪੜਤਾਲ ਦੌਰਾਨ ਸੁਖਦੇਵ ਰਾਮ ਵੱਲੋ ਸੋਨੀ ਨੂੰ ਵਿਦੇਸ਼ ਕੈਨੇਡਾ ਭੇਜਣ ਲਈ ਪੈਸੇ ਲੈ ਕੇ ਉਸ ਨੂੰ ਕੀਤੇ ਵਾਅਦੇ ਅਨੁਸਾਰ ਵਿਦੇਸ਼ ਕੈਨੇਡਾ ਨਾ ਭੇਜ ਕੇ, ਸੋਨੀ ਦੇ ਪੈਸੇ ਵਾਪਸ ਨਾ ਕਰਕੇ ਸੁਖਦੇਵ ਰਾਮ ਨੇ ਸੋਨੀ ਉਕਤ ਨਾਲ ਉਸ ਨੂੰ ਵਿਦੇਸ਼ ਭੇਜਣ ਦੇ ਨਾਮ ਪਰ ਪੈਸੇ ਲੈ ਕੇ ਠੱਗੀ ਮਾਰਨ ਬਾਰੇ ਗੱਲ ਸਾਹਮਣੇ ਆਈ ਹੈ। ਜਿਸ ਕਰਕੇ ਸੁਖਦੇਵ ਰਾਮ ਦੇ ਖਿਲਾਫ ਜੁਰਮ 420,406 ਆਈ.ਪੀ.ਸੀ ਦੇ ਤਹਿਤ ਮੁਕੱਦਮਾ ਦਰਜ ਰਜਿਸਟਰ ਕੀਤਾ ਜਾਣਾ ਬਣਦਾ ਹੈ। ਦਰਖਾਸਤ ਦੇ ਅਧਾਰ ਪਰ ਮੁੱਖ ਅਫਸਰ ਥਾਣਾ ਸਿਟੀ ਬਰਨਾਲਾ ਨੂੰ ਹਦਾਇਤ ਕੀਤੀ ਜਾਵੇ ਕਿ ਸੁਖਵੇਦ ਰਾਮ ਖਿਲਾਫ ਜੁਰਮ ਯੁੱਧ 420,406 ਆਈ.ਪੀ.ਸੀ ਦੇ ਤਹਿਤ ਮੁਕੱਦਮਾ ਦਰਜ ਕਰਕੇ ਤਫਤੀਸ ਅਮਲ ਵਿੱਚ ਲਿਆਂਦੀ ਜਾਵੇ। ਐਸਪੀਐਚ ਦੀ ਉਕਤ ਰਿਪੋਰਟ ਤੇ ਐਸਐਸਪੀ ਪਟਿਆਲਾ ਰਾਹੀਂ ਡਿਪਟੀ ਇੰਸਪੈਕਟਰ ਜਨਰਲ ਪਟਿਆਲਾ ਰੇਂਜ ਪਟਿਆਲਾ ਨੇ ਐਸਐਸਪੀ ਬਰਨਾਲਾ ਨੂੰ ਅਗਲੀ ਕਾਨੂੰਨੀ ਕਾਰਵਾਈ ਲਈ ਭੇਜੀ। ਆਖਿਰ 8 ਅਪ੍ਰੈਲ 2018 ਨੂੰ ਸੀਨੀਅਰ ਕਪਤਾਨ ਪੁਲਿਸ ਬਰਨਾਲਾ ਦੇ ਹੁਕਮਾਂ ਪਰ SHO City Barnala ਵੱਲੋਂ ਦੋਸ਼ੀ ਸੁਖਦੇਵ ਰਾਮ ਭੁਟਾਰਾ ਦੇ ਖਿਲਾਫ ਕੇਸ ਦਰਜ ਕੀਤਾ ਗਿਆ ਸੀ।