‘ਮਾਂ ਦੇ ਦੁੱਧ ਦੀ ਮਹੱਤਤਾ’ ਸਬੰਧੀ ਸੈਮੀਨਾਰ ਕਰਵਾਇਆ
ਹਰਪ੍ਰੀਤ ਕੌਰ ਬਬਲੀ, ਸੰਗਰੂਰ, 2 ਅਗਸਤ 2021
ਮਾਂ ਦੇ ਦੁੱਧ ਦੀ ਮਹੱਤਤਾ ਨੂੰ ਦਰਸਾਉਣ ਲਈ ਹਰ ਸਾਲ ਇਕ ਤੋਂ ਸੱਤ ਅਗਸਤ ਤੱਕ ‘ਬੈ੍ਰਸਟ ਫੀਡਿੰਗ ਵੀਕ’ ਮਨਾਇਆ ਜਾਂਦਾ ਹੈ। ਇਸ ਦੇ ਮੱਦੇਨਜ਼ਰ ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਸਹਿਯੋਗ ਨਾਲ ਸਿਵਲ ਸਰਜਨ ਸੰਗਰੂਰ ਡਾ. ਅੰਜਨਾ ਗੁਪਤਾ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸਰਕਾਰੀ ਨਰਸਿੰਗ ਕਾਲਜ ਸੰਗਰੂਰ ਵਿਖੇ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਸਮਾਗਮ ਕਰਵਾਇਆ ਗਿਆ।
ਬੱਚਿਆਂ ਦੇ ਮਾਹਰ ਡਾ. ਵੀ.ਕੇ.ਆਹੂਜਾ ਨੇ ਕਿਹਾ ਕਿ ਬੱਚੇ ਲਈ ਮਾਂ ਦਾ ਦੁੱਧ ਵਰਦਾਨ ਹੈ ਤੇ ਪਹਿਲੇ ਛੇ ਮਹੀਨੇ ਸਿਰਫ਼ ਮਾਂ ਦਾ ਦੁੱਧ ਹੀ ਬੱਚੇ ਨੂੰ ਪਿਲਾਉਣਾ ਚਾਹੀਦਾ ਹੈ। ਸਮਾਗਮ ਵਿਚ ਮੌਜੂਦ ਐਲ.ਐਚ.ਵੀ., ਏ.ਐਨ.ਐਮ. ਅਤੇ ਜ਼ਿਲ੍ਹੇ ਦੀਆਂ ਸਮੂਹ ਆਸ਼ਾ ਫੈਸਲੀਟੇਟਰ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਮਾਂ ਦੇ ਦੁੱਧ ਦੀ ਘੱਟ ਵਰਤੋਂ ਹੋਣ ’ਤੇ ਚਿੰਤਾ ਜਾਹਿਰ ਕੀਤੀ। ਉਨ੍ਹਾਂ ਕਿਹਾ ਕਿ ਮਾਵਾਂ ਨੂੰ ਦੁੱਧ ਚੁੰਘਾਉਣ ਸਬੰਧੀ ਨਿਪੁੰਨਤਾ ਹਾਸਿਲ ਨਾ ਹੋਣੀ, ਸਜੇਰੀਅਨ ਡਲਿਵਰੀਆਂ ਵਿਚ ਵਾਧਾ, ਨਵ ਜੰਮੇ ਬੱਚੇ ਨੂੰ ਮਾਂ ਦਾ ਛਾਤੀ ਨਾਲ ਨਾ ਲਾਉਣਾ, ਕੰਮ ਕਰਨ ਦੀ ਥਾਂ ’ਤੇ ਸਹਾਇਤਾ ਨਾ ਮਿਲਣਾ ਆਦਿ ਕਾਰਨਾਂ ਕਾਰਨ ਬੱਚੇ ਮਾਂ ਦੇ ਦੁੱਧ ਤੋਂ ਵਾਂਝੇ ਰਹਿ ਜਾਂਦੇ ਹਨ।
ਐਨ.ਐਫ਼.ਐਚ.ਐਸ. 5 ਸਰਵੇ ਦਾ ਹਵਾਲਾ ਦਿੰਦਿਆਂ ਡਾ. ਆਹੂਜਾ ਨੇ ਕਿਹਾ ਕਿ 88 ਫ਼ੀ ਸਦੀ ਡਲਿਵਰੀਆਂ ਹਸਪਤਾਲਾਂ ਵਿਚ ਹੋਣ ਦੇ ਬਾਵਜੂਦ ਵੀ ਮਾਂ ਦੇ ਦੁੱਧ ਨੂੰ ਪਹਿਲੇ ਘੰਟੇ ਚ ਸ਼ੁਰੂ ਕਰਨ ਦੀ ਦਰ 51 ਫ਼ੀਸਦੀ, ਇਕਾਂਤਰ ਦੁੱਧ ਦੀ ਦਰ ਸਿਰਫ਼ 61.9 ਫ਼ੀ ਸਦੀ, ਕੰਪਲੀਮੈਂਟਰੀ ਫੀਡ ਦੀ ਦਰ 56 ਫ਼ੀ ਸਦੀ, 6 ਤੋਂ 8 ਮਹੀਨੇ ਦੀ ਉਮਰ ਵਿਚ ਉਪਯੁਕਤ ਖ਼ੁਰਾਕ ਦੀ ਦਰ ਸਿਰਫ਼ 16.9 ਫ਼ੀਸਦੀ ਹੀ ਹੈ। ਉਨ੍ਹਾਂ ਕਿਹਾ ਕਿ ਅਜੇ ਵੀ 26.9 ਫ਼ੀ ਸਦੀ ਬੱਚੇ ਲੋੜੀਂਦੇ ਵਜ਼ਨ ਨਾਲੋਂ ਘੱਟ ਵਜ਼ਨ ਦੇ ਹਨ।
ਇਸ ਮੌਕੇ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਇੰਦਰਜੀਤ ਸਿੰਗਲਾ ਨੇ ਦੱਸਿਆ ਕਿ ਮਾਂ ਦਾ ਦੁੱਧ ਬੱਚੇ ਲਈ ਇਕ ਸੰਪੂਰਨ ਖ਼ੁਰਾਕ ਹੈ। ਉਨ੍ਹਾਂ ਕਿਹਾ ਕਿ ਸਧਾਰਨ ਡਲਿਵਰੀ ਸਮੇਂ ਪਹਿਲੇ ਘੰਟੇ ਅੰਦਰ ਅਤੇ ਸਜੇਰੀਅਨ ਹੋਣ ’ਤੇ ਚਾਰ ਘੰਟਿਆਂ ਦੇ ਅੰਦਰ ਅੰਦਰ ਬੱਚੇ ਨੂੰ ਮਾਂ ਦਾ ਦੁੱਧ ਪਿਲਾਉਣਾ ਜਰੂਰੀ ਹੈ। ਮਾਸ ਮੀਡੀਆ ਅਫਸਰ ਵਿਜੇ ਕੁਮਾਰ ਨੇ ਸਿਹਤ ਮੁਲਾਜ਼ਮਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਇੱਕ ਤੋਂ ਸੱਤ ਅਗਸਤ ਤੱਕ ਸਮੂਹ ਮਾਵਾਂ ਨੂੰ ਦੁੱਧ ਦੀ ਮਹੱਤਤਾ ਅਤੇ ਦੁੱਧ ਪਿਲਾਉਣ ਦੇ ਢੰਗਾਂ ਬਾਰੇ ਜਾਣਕਾਰੀ ਦਿੱਤੀ ਜਾਵੇ। ਇਸ ਮੌਕੇ ਡੀ.ਐੱਮ. ਸੀ. ਡਾ. ਪਰਮਿੰਦਰ ਕੌਰ, ਡਿਪਟੀ ਮਾਸ ਮੀਡੀਆ ਅਫਸਰ ਲਖਵਿੰਦਰ ਵਿਰਕ ਅਤੇ ਸ੍ਰੀਮਤੀ ਸਰੋਜ ਰਾਣੀ, ਲਾਇਨਜ਼ ਕਲੱਬ ਸੰਗਰੂਰ ਗਰੇਟਰ ਦੇ ਪ੍ਰਧਾਨ ਵਿਨੋਦ ਦੀਵਾਨ, ਸੈਕਟਰੀ ਜਸਪਾਲ ਸਿੰਘ, ਚਮਨ ਸਿਧਾਨਾ, ਸੁਖਮਿੰਦਰ ਸਿੰਘ ਭੱਠਲ, ਪਿ੍ਰਤਪਾਲ ਸਿੰਘ, ਅਸ਼ੋਕ ਗੋਇਲ, ਸ਼ਿਵ ਜਿੰਦਲ ਆਦਿ ਹਾਜਰ ਸਨ।