ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਕੇਂਦਰੀ ਜੇਲ੍ਹ ‘ਚ ਆਟਾ ਗੁੰਨਣ ਵਾਲੀ ਮਸ਼ੀਨ ਸਥਾਪਤ
ਦਵਿੰਦਰ ਡੀਕੇ, ਲੁਧਿਆਣਾ, 27 ਜੁਲਾਈ 2021
ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਸਮੇਂ-ਸਮੇਂ ਸਿਰ ਕੀਤੇ ਗਏ ਲੁਧਿਆਣਾ ਕੇਂਦਰੀ ਜੇਲ ਦੇ ਦੌਰਿਆਂ ਦੌਰਾਨ ਇਹ ਮਹਿਸੂਸ ਕੀਤਾ ਕਿ ਜੇਲ੍ਹ ਵਿੱਚ ਹਵਾਲਾਤੀਆਂ ਅਤੇ ਕੈਦੀਆਂ ਦੀ ਰੋਟੀ ਬਣਾਉਣ ਲਈ ਆਟਾ ਗੁੰਨ੍ਹਣ ਦਾ ਕੰਮ ਸਾਫ-ਸੁਥਰੇ ਢੰਗ ਨਾਲ ਨਹੀਂ ਹੋ ਰਿਹਾ ਸੀ। ਜੇਲ੍ਹ ਸੁਪਰਡੈਂਟ ਦੀ ਬੇਨਤੀ ਅਤੇ ਜੇਲ੍ਹ ਦੇ ਬੰਦੀਆਂ ਲਈ ਸਾਫ-ਸੁਥਰੇ ਢੰਗ ਨਾਲ ਰੋਟੀ ਬਣਾਉਣਾ ਯਕੀਨੀ ਬਣਾਉਣ ਲਈ ਆਟਾ ਗੁੰਨਣ ਵਾਲੀ ਮਸ਼ੀਨ ਮੁਹੱਈਆ ਕਰਵਾਉਣ ਸਬੰਧੀ ਵਿਚਾਰ ਕੀਤਾ ਗਿਆ।
ਇਸ ਸਬੰਧ ਵਿੱਚ “ਸਰਬਤ ਦਾ ਭਲਾ ਟਰੱਸਟ” ਵੱਲੋਂ ਪਹਿਲ ਕਦਮੀ ਕਰਦਿਆਂ ਆਟਾ ਗੁੰਨ੍ਹਣ ਵਾਲੀ ਮਸ਼ੀਨ ਮੁਹੱਈਆ ਕਰਵਾਉਣ ਲਈ ਹਾਮੀ ਭਰੀ ਗਈ ਅਤੇ ਅੱਜ ਮਿਤੀ 27-07-2021 ਨੂੰ ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਕੇਂਦਰੀ ਜੇਲ੍ਹ, ਲੁਧਿਆਣਾ ਵਿੱਚ ‘ਸਰਬਤ ਦਾ ਭਲਾ’ ਟਰੱਸਟ ਦੇ ਸਹਿਯੋਗ ਨਾਲ ਆਟਾ ਗੁੰਨਣ ਵਾਲੀ ਮਸ਼ੀਨ ਸਥਾਪਤ ਕਰਕੇ ਉਸਦਾ ਉਦਘਾਟਨ ਕੀਤਾ ਗਿਆ ਤਾਂ ਜੋ ਜੇਲ੍ਹ ਦੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਸਾਫ-ਸੁਥਰਾ ਖਾਣਾ ਮੁਹੱਈਆ ਕਰਵਾਇਆ ਜਾ ਸਕੇ।
ਇਸ ਮੌਕੇ ਹਵਾਲਾਤੀਆਂ ਅਤੇ ਕੈਦੀਆਂ ਨੂੰ ਮੁਫਤ ਕਾਨੂੰਨੀ ਸਹਾਇਤਾ ਸਕੀਮ ਬਾਰੇ ਵੀ ਜਾਣਕਾਰੀ ਦਿੱਤੀ ਗਈ ਅਤੇੇ ਜੇਲ੍ਹ ਦੇ ਹਵਾਲਾਤੀਆਂ ਅਤੇ ਕੈਦੀਆਂ ਵੱਲੋਂ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਅਤੇ ‘ਸਰਬਤ ਦਾ ਭਲਾ’ ਟਰੱਸਟ’ ਦਾ ਜੇਲ੍ਹ ਵਿੱਚ ਆਟਾ ਗੁੰਨ੍ਹਣ ਵਾਲੀ ਮਸ਼ੀਨ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ ਗਿਆ ।
ਇਸਦੇ ਨਾਲ ਹੀ ਸ੍ਰੀ ਮੁਨੀਸ਼ ਸਿੰਗਲ, ਮਾਨਯੋਗ ਜਿਲ੍ਹਾ ਤੇ ਸੈਸ਼ਨ ਜੱਜ-ਕਮ-ਚੇਅਰਮੈਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅੱਜ ਸ੍ਰੀ ਪੀ.ਐਸ. ਕਾਲੇਕਾ, ਮਾਨਯੋਗ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਲੁਧਿਆਣਾ ਵੱਲੋਂ ਜਨਾਨਾ ਜੇਲ੍ਹ, ਲੁਧਿਆਣਾ ਦੇ ਬੰਦੀਆਂ ਵਿੱਚ ਜੇਲ੍ਹ ਦੀ ਡਾਕਟਰ ਮਨਪ੍ਰੀਤ ਕੌਰ ਦੀ ਹਾਜ਼ਰੀ ਵਿੱਚ ‘ਸਰਬਤ ਦਾ ਭਲਾ’ ਟਰੱਸਟ’ ਦੇ ਸਹਿਯੋਗ ਨਾਲ ਮਲਟੀ ਵਾਈਟਾਮਿੰਸ ਦੀਆਂ ਟੈਬਲੇਟਜ ਵੀ ਮੁਹੱਈਆ ਕਰਵਾਈਆਂ ਗਈਆਂ ।
ਇਸ ਮੌਕੇ ਤੇ ‘ਸਰਬਤ ਦਾ ਭਲਾ ਟਰੱਸਟ’ ਵੱਲੋਂ ਸ੍ਰੀ ਇਕਬਾਲ ਸਿੰਘ ਗਿੱਲ, ਆਈ.ਪੀ.ਐਸ. (ਰਿਟਾਇਰਡ), ਜਿਲ੍ਹਾ ਸਰਪ੍ਰਸਤ, ਸ੍ਰੀ ਜਸਵੰਤ ਸਿੰਘ, ਜਿਲ੍ਹਾ ਪ੍ਰਧਾਨ, ਡਾ. ਚੰਦਰ ਭਨੋਟ ਅਤੇ ਸ੍ਰੀ ਹਰਿੰਦਰ ਸਿੰਘ ਰਕਵਾ ਤੋਂ ਇਲਾਵਾ ਕੇਂਦਰੀ ਜੇਲ੍ਹ, ਲੁਧਿਆਣਾ ਵੱਲੋਂ ਸ੍ਰੀ ਬਲਕਾਰ ਸਿੰਘ ਭੁੱਲਰ, ਸੁਪਰਡੈਂਟ ਅਤੇ ਸ੍ਰੀ ਸਤਨਾਮ ਸਿੰਘ ਡਿਪਟੀ ਸੁਪਰਡੈਂਟ, ਕੇਂਦਰੀ ਜੇਲ੍ਹ, ਲੁਧਿਆਣਾ ਮੌਜ਼ੂਦ ਸਨ।