ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ, ਉਸਾਰੂ ਮਸਲੇ ਉਠਾਉਣ ’ਤੇ ਜ਼ੋਰ
ਅਧਿਕਾਰੀਆਂ ਨੂੰ ਪਹਿਲ ਦੇ ਆਧਾਰ ਅਤੇ ਸੰਜੀਦਗੀ ਨਾਲ ਵਿਕਾਸ ਕੰਮ ਕਰਾਉਣ ਦੀ ਹਦਾਇਤ
ਹਰਿੰਦਰ ਨਿੱਕਾ , ਬਰਨਾਲਾ, 26 ਜੁਲਾਈ 2021
ਲੋਕ ਮਸਲਿਆਂ ਦਾ ਹੱਲ ਸਰਕਾਰ ਦੀ ਪਹਿਲੀ ਤਰਜੀਹ ਹੈ। ਇਸ ਵਾਸਤੇ ਜਿੱਥੇ ਵੱਖ ਵੱਖ ਵਿਭਾਗ ਸੰਜੀਦਗੀ ਨਾਲ ਕੰਮ ਕਰਨ, ਉਥੇ ਮੈਂਬਰ ਵੀ ਉਸਾਰੂ ਮਸਲੇ ਉਭਾਰਨ ਤਾਂ ਜੋ ਪ੍ਰਮੁੱਖ ਵਿਕਾਸ ਕੰਮਾਂ ਨੂੰ ਪਹਿਲ ਦੇ ਆਧਾਰ ਉਤੇ ਸਿਰੇ ਚੜਾਇਆ ਜਾ ਸਕੇ।
ਇਹ ਪ੍ਰਗਟਾਵਾ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਪੰਜਾਬ ਅਤੇ ਚੇਅਰਮੈਨ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਵੱਲੋਂ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਦੀ ਪ੍ਰਧਾਨਗੀ ਦੌਰਾਨ ਕੀਤਾ ਗਿਆ। ਇਸ ਮੌਕੇ ਉਨਾਂ ਜ਼ਿਲਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰਾਂ ਵੱਲੋਂ ਉਠਾਏ ਗਏ ਲੋਕ ਮਸਲੇ ਸੁਣੇ ਅਤੇ ਸਬੰਧਤ ਮਸਲਿਆਂ ਤੇ ਬਕਾਇਆ ਕੰਮਾਂ ਦੇ ਸਮਾਂਬੱਧ ਨਿਬੇੜੇ ਲਈ ਅਧਿਕਾਰੀਆਂ ਨੂੰ ਹਦਾਇਤ ਕੀਤੀ। ਇਸ ਮੌਕੇ ਸੀਨੀਅਰ ਆਗੂ ਸ. ਕੇਵਲ ਸਿੰਘ ਢਿੱਲੋਂ ਨੇ ਆਖਿਆ ਕਿ ਬਰਨਾਲਾ ਜ਼ਿਲੇ ਦੇ ਚਹੁੰਪੱਖੀ ਵਿਕਾਸ ਵਿਚ ਕੋਈ ਅੜਿੱਕਾ ਨਹੀਂ ਆਉਣ ਦਿੱਤਾ ਜਾਵੇਗਾ। ਉਨਾਂ ਆਖਿਆ ਕਿ ਬਰਨਾਲਾ ਲਈ ਮਨਜ਼ੂਰ ਸੁਪਰ ਸਪੈਸ਼ੈਲਿਟੀ ਹਸਪਤਾਲ ਲਈ ਅਗਲੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਗਈ ਹੈ। ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਐਸਐਸਪੀ ਸ੍ਰੀ ਸੰਦੀਪ ਗੋਇਲ ਵੀ ਹਾਜ਼ਰ ਰਹੇ। ਇਸ ਮੌਕੇ 9 ਪੁਰਾਣੀਆਂ ਅਤੇ 13 ਨਵੀਆਂ ਸ਼ਿਕਾਇਤਾਂ ਵਿਚਾਰੀਆਂ ਗਈਆਂ। ਇਸ ਮੌਕੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਚੇਅਰਮੈਨ ਮੱਖਣ ਸ਼ਰਮਾ, ਸ੍ਰੀ ਜਤਿੰਦਰ ਜਿੰਮੀ, ਉਜਾਗਰ ਸਿੰਘ ਬੀਹਲਾ, ਗੁਰਦੀਪ ਦਾਸ ਬਾਵਾ, ਬਲਦੇਵ ਸਿੰਘ ਭੁੱਚਰ, ਜਸਮੇਲ ਸਿੰਘ, ਨਵਤੇਜ ਸਿੰਘ, ਚੰਦ ਸਿੰਘ ਚੋਪੜਾ, ਕੈਪਟਨ ਸਾਧੂ ਸਿੰਘ, ਰਾਜੂ ਪਾਸਟਰ, ਨਰਿੰਦਰ ਸ਼ਰਮਾ, ਗੁਰਮੀਤ ਸਿੰਘ, ਦਰਸ਼ਨ ਸਿੰਘ, ਗੁਰਕੀਮਤ ਸਿੰਘ ਸਿੱਧੂ, ਸੁਰੇਸ਼ ਡਿੰਪਲ, ਨਵਤੇਜ ਚੀਮਾ, ਖੁਸ਼ੀ ਮੁਹੰਮਦ, ਜਗਜੀਤ ਸਿੰਘ ਪਨੇਸਰ, ਵਿਜੈ ਕੁਮਾਰ ਭਦੌੜ, ਗੁਰਵਿੰਦਰ ਸਿੰਘ ਨੰਬਰਦਾਰ, ਮਲਕੀਤ ਕੌਰ ਸਹੋਤਾ, ਸੁਖਵਿੰਦਰ ਸਿੰਘ ਧਾਲੀਵਾਲ, ਮਹਿੰੰਦਲਰਪਾਲ ਸਿੰਘ, ਜਸਵੀਰ ਸਿੰਘ ਵੱਲੋਂ ਵੱਖ ਵੱਖ ਮਸਲੇ ਉਠਾਏ ਗਏ।
ਇਸ ਮੌਕੇ ਖੁੱਡੀ ਰੋਡ ’ਤੇ ਬਣੇ ਫਲਾਈਓਵਰ ਦੇ ਰਸਤੇ ਸਬੰਧੀ, ਧਨੌਲਾ ਤੋਂ ਭੱਠਲਾਂ ਨੂੰ ਜਾਂਦੀ ਸੜਕ ’ਤੇ ਹਾਦਸੇ, ਜਨ ਔਸ਼ਧੀ ਕੇਂਦਰਾਂ ਅਤੇ ਪੰਘੂੜੇ ’ਚ ਬੱਚੀ ਦੀ ਮੌਤ, ਆਰਟੀਏ ਦਫਤਰ ਸਬੰਧੀ, ਸੜਕਾਂ ਨੂੰ ਚੌੜਾ ਕਰਵਾਉਣ, ਮਹਿਲ ਕਲਾਂ ਦੀ ਮੇਨ ਮਾਰਕੀਟ ਵਿਚ ਪਾਣੀ ਦੀ ਸਪਲਾਈ, ਬਰਨਾਲਾ-ਹੰਡਿਆਇਆ ਮੇਨ ਰੋਡ ਦੀਆਂ ਸਾਈਡਾਂ ’ਤੇ ਟਾਈਲਾਂ ਲਗਾਉਣ ਸਣੇ ਹੋਰ ਕੰਮਾਂ ’ਤੇ ਵਿਚਾਰਾਂ ਕੀਤੀਆਂ ਗਈਆਂ।
ਇਸ ਮੌਕੇ ਅਧਿਕਾਰੀਆਂ ਨੇ ਦੱਸਿਆ ਕਿ ਬਰਨਾਲਾ ’ਚ ਗਰੀਨ ਕਲੋਨੀ ਨੇੜੇ ਟਰੱਕਾਂ ਵਾਲੀ ਗਲੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਨਰਾਇਣ ਨਗਰ ਵਾਲੀ ਗਲੀ ਪੱਕੀ ਕਰਵਾ ਦਿੱਤੀ ਗਈ ਹੈ ਤੇ ਪੀਆਰਟੀਸੀ ਦਫਤਰ ਅੱਗੇ ਸੜਕ ਦਾ ਕੰਮ ਕਰਵਾ ਦਿੱਤਾ ਹੈ। ਪੰਘੂੜੇ ਵਿਚ ਨਵਜੰਮੀ ਬੱਚੀ ਦੀ ਮੌਤ ਦੇ ਮਾਮਲੇ ਵਿਚ ਸ੍ਰੀ ਬਲਬੀਰ ਸਿੰਘ ਸਿੱੱਧੂ ਵੱਲੋਂ ਡਿਪਟੀ ਕਮਿਸ਼ਨਰ ਨੂੰ ਜਾਂਚ ਕਰਵਾਉਣ ਲਈ ਆਖਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਸ. ਫੂਲਕਾ ਨੇ ਭਰੋਸਾ ਦਿਵਾਇਆ ਕਿ ਬਕਾਇਆ ਮਾਮਲੇ ਪਹਿਲ ਦੇ ਆਧਾਰ ’ਤੇ ਨਿਬੇੜੇ ਜਾਣਗੇ।
ਇਸ ਮੌਕੇ ਇਸ ਮੌਕੇ ਵਿਧਾਇਕ ਪਿਰਮਲ ਸਿੰਘ ਖਾਲਸਾ, ਚੇਅਰਪਰਸਨ ਜ਼ਿਲਾ ਪ੍ਰੀਸ਼ਦ ਸਰਬਜੀਤ ਕੌਰ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਅਮਿਤ ਬੈਂਬੀ, ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ੍ਰੀ ਦੇਵਦਰਸ਼ ਸਿੰਘ, ਸਹਾਇਕ ਕਮਿਸ਼ਨਰ (ਜ) ਸ੍ਰੀ ਅਸ਼ੋਕ ਕੁਮਾਰ, ਸਿਵਲ ਸਰਜਨ ਜਸਬੀਰ ਸਿੰਘ ਔਲਖ ਤੇ ਹੋਰ ਅਧਿਕਾਰੀ ਹਾਜ਼ਰ ਸਨ।
ਸਿਹਤ ਮੰਤਰੀ ਵੱਲੋਂ ਸੀਵਰੇਜ ਟਰੀਟਮੈਂਟ ਪਲਾਂਟ ਤੇ ਰਾਈਜ਼ਿੰਗ ਪਾਈਪਲਾਈਨ ਦਾ ਉਦਘਾਟਨਤਪਾ: ਇਸ ਮੌਕੇ ਸਿਹਤ ਮੰਤਰੀ ਬਲਬੀਰ ਸਿੰਘ ਸਿੰਧੂ ਵੱਲੋਂ ਤਪਾ ਵਿਖੇ ਲਸਾੜਾ ਡਰੇਨ ’ਤੇ 1.62 ਕਰੋੜ ਰੁਪਏ ਦੀ ਲਾਗਤ ਵਾਲੀ ਰਾਈਜ਼ਿੰਗ ਪਾਈਪਲਾਈਨ (2100 ਮੀਟਰ) ਪ੍ਰਾਜੈਕਟ ਅਤੇ 8.20 ਕਰੋੜ ਦੀ ਲਾਗਤ ਵਾਲੇ ਸੀਵਰੇਜ ਟਰੀਟਮੈਂਟ ਪਲਾਂਟ (5 ਐਮਐਲਡੀ) ਦਾ ਉਦਘਾਟਨ ਕੀਤਾ ਗਿਆ। ਉਨਾਂ ਆਖਿਆ ਕਿ ਇਨਾਂ ਪ੍ਰਾਜੈਕਟਾਂ ਨਾਲ ਤਪਾ ਸ਼ਹਿਰ ਵਿਚ ਮੀਂਹ ਦੇ ਪਾਣੀ ਦੀ ਸਮੱਸਿਆ ਖਤਮ ਹੋਣ ਦੇ ਨਾਲ ਨਾਲ ਸੋਧੇ ਹੋਏ ਪਾਣੀ ਦੀ ਸੁਚੱਜੀ ਵਰਤੋਂ ਹੋ ਸਕੇਗੀ।