8 ਮਹੀਨਿਆਂ ਬਾਅਦ ਹੋਈ ਮੀਟਿੰਗ ਤੋਂ ਫਰਿਆਦੀ ਅਤੇ ਕਮੇਟੀ ਮੈਂਬਰ ਨਾਖੁਸ਼
ਕਮੇਟੀ ਮੈਂਬਰ ਬਲਦੇਵ ਸਿੰਘ ਭੁੱਚਰ ਨੇ ਕਿਹਾ ਖਾਨਾਪੂਰਤੀ ਤੱਕ ਸੀਮਿਤ ਹਨ ਅਧਿਕਾਰੀਆਂ ਦੀ ਰਿਪੋਰਟਾਂ
ਹਰਿੰਦਰ ਨਿੱਕਾ , ਬਰਨਾਲਾ 26 ਜੁਲਾਈ 2021
ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੀ 8 ਮਹੀਨੇ ਅਤੇ 3 ਦਿਨ ਬਾਅਦ ਹੋਈ ਮੀਟਿੰਗ ਅੱਜ ਪ੍ਰਬੰਧਕੀ ਕੰਪਲੈਕਸ ਵਿਖੇ ਕਮੇਟੀ ਦੇ ਚੇਅਰਮੈਨ ਅਤੇ ਸਿਹਤ ਤੇ ਪਰਿਵਾਰ ਭਲਾਈ ਅਤੇ ਕਿਰਤ ਵਿਭਾਗ ਦੇ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਦੀ ਪ੍ਰਧਾਨਗੀ ਵਿੱਚ ਬਾਅਦ ਦੁਪਹਿਰ ਕਰੀਬ 3:30 ਵਜੇ ਹੋਈ। ਸ਼ਕਾਇਤ ਨਿਵਾਰਣ ਲਈ ਰੱਖੀ ਮੀਟਿੰਗ ਵਿੱਚ ਆਪਣੀਆਂ ਸ਼ਕਾਇਤਾਂ ਲੈ ਕੇ ਪਹੁੰਚੇ ਸ਼ਕਾਇਤੀਆਂ ਨੂੰ ਪੁਲਿਸ ਦੇ ਕਰੜੇ ਸੁਰੱਖਿਆ ਪ੍ਰਬੰਧਾਂ ਨਾਲ ਰੋਕ ਦਿੱਤਾ ਗਿਆ। ਸੁਰੱਖਿਆ ਪ੍ਰਬੰਧ ਇੱਨ੍ਹੇ ਕਰੜੇ ਕਿ ਪਰਿੰਦਾ ਵੀ ਪੰਖ ਨਾ ਮਾਰ ਸਕੇ। ਨਿਸਚਿਤ ਸਮੇਂ ਤੋਂ ਕਰੀਬ ਅੱਧਾ ਘੰਟਾ ਬਾਅਦ ਸ਼ੁਰੂ ਹੋਈ ਮੀਟਿੰਗ ਵਿੱਚ ਕਮੇਟੀ ਮੈਂਬਰਾਂ ਦੇ ਰਾਹੀਂ ਕਰੀਬ 8 ਮਹੀਨੇ ਮਹੀਨੇ ਪਹਿਲਾਂ ਆਈਆਂ ਸ਼ਕਾਇਤਾਂ ਤੇ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਦੇ ਸ਼ੁਰੂ ਵਿੱਚ ਹੀ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦੇ ਸਮੇਂ ਹੀ ਮੈਂਬਰਾਂ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਗਿਆ ਕਿ ਕੋਈ ਵੀ ਆਈਟਮ ਆਊਟ ਆਫ ਏਜੰਡਾ ਨਹੀਂ ਰੱਖੀ ਜਾਵੇਗੀ। ਇਹ ਫੁਰਮਾਨ ਸੁਣਦਿਆਂ ਹੀ ਕਰੀਬ 8 ਮਹੀਨਿਆਂ ਤੋਂ ਆਪਣੇ ਢਿੱਡ ਵਿੱਚ ਉੱਠ ਰਹੇ ਬਲਬਲਿਆਂ ਨੂੰ ਕਮੇਟੀ ਮੈਂਬਰ ਦਿਲ ਵਿੱਚ ਹੀ ਰੱਖਣ ਨੂੰ ਮਜਬੂਰ ਹੋ ਗਏ। ਕਮੇਟੀ ਦੀ ਮੀਟਿੰਗ ਤੇ ਵੱਡੀਆਂ ਉਮੀਦਾਂ ਲਾ ਕੇ ਪਹੁੰਚੇ ਜਿਆਦਾ ਮੈਂਬਰ ਨਾਖੁਸ਼ ਹੀ ਨਜਰ ਆਏ। ਜਦੋਂਕਿ ਕੁੱਝ ਮੈਂਬਰ ਤਾਂ ਚਾਹ ਦੀਆਂ ਚੁਸਕੀਆਂ ਨਾਲ ਹੀ ਮੀਟਿੰਗ ਦਾ ਅਨੰਦ ਲੈਂਦੇ ਰਹੇ।
ਅੰਦਰ ਚੱਲਦੀ ਰਹੀ ਮੀਟਿੰਗ ਤੇ ਬਾਹਰ ਮੰਤਰੀ ਖਿਲਾਫ ਹੋਈ ਨਾਅਰੇਬਾਜੀ
ਪ੍ਰਬੰੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਕੈਬਨਿਟ ਮੰਤਰੀ ਬਲਵੀਰ ਸਿੰਘ ਸਿੱਧੂ ਮੀਟਿੰਗ ਵਿੱਚ ਪ੍ਰਾਪਤ ਹੋਈ ਪੁਰਾਣੀਆਂ ਸ਼ਕਾਇਤਾਂ ਸਬੰਧੀ ਸਬੰਧਿਤ ਅਧਿਕਾਰੀਆਂ ਤੋਂ ਰਿਪੋਰਟਾਂ ਮੰਗ ਕੇ ਜਲਦ ਸ਼ਕਾਇਤਾਂ ਦੂਰ ਕਰਨ ਦਾ ਰਾਗ ਅਲਾਪਦੇ ਰਹੇ। ਜਦੋਂਕਿ ਮੰਤਰੀ ਨੂੰ ਨਾ ਮਿਲਣ ਦੇਣ ਤੋਂ ਖਫਾ ਕੱਚੇ ਕਾਮੇ ਕੋਰਟ ਕੰਪਲੈਕਸ ਦੇ ਬੰਦ ਕੀਤੇ ਗੇਟ ਦੇ ਬਾਹਰ ਖੜ੍ਹਕੇ ਸਰਕਾਰ ਅਤੇ ਕੈਬਨਿਟ ਮੰਤਰੀ ਦੇ ਖਿਲਾਫ ਇੱਕੋ ਸਾਹ ਨਾਅਰੇਬਾਜੀ ਕਰਦੇ ਰਹੇ। ਪ੍ਰਦਰਸ਼ਨਕਾਰੀਆਂ ਨੂੰ ਮਨਾਉਣ ਲਈ ਐਸ.ਪੀ. ਪੀਬੀਆਈ ਜਗਵਿੰਦਰ ਸਿੰਘ ਚੀਮਾ, ਡੀਐਸਪੀ ਕਮਾਂਡ ਰਛਪਾਲ ਸਿੰਘ ਢੀਂਡਸਾ, ਡੀਐਸਪੀ ਬਲਜੀਤ ਸਿੰਘ ਬਰਾੜ, ਸੀਆਈਏ ਇੰਚਾਰਜ ਤੇ ਇੰਸਪੈਕਟਰ ਬਲਜੀਤ ਸਿੰਘ, ਇੰਸਪੈਕਟਰ ਜਸਵਿੰਦਰ ਕੌਰ, ਇੰਸਪੈਕਟਰ ਬਲਜੀਤ ਸਿੰਘ ਢਿੱਲੋਂ ਆਦਿ ਵੀ ਕਾਫੀ ਕੋਸ਼ਿਸ਼ਾਂ ਕਰਦੇ ਰਹੇ। ਪ੍ਰਦਰਸ਼ਨਕਾਰੀਆਂ ਦੇ ਕੁੱਝ ਨੁਮਾਇੰਦਿਆਂ ਦੀ ਮੰਤਰੀ ਨਾਲ ਮੀਟਿੰਗ ਵੀ ਕਰਵਾਈ, ਪਰੰਤੂ ਪੈਨਲ ਮੀਟਿੰਗ ਦਾ ਕੋਈ ਸੱਦਾ ਨਾ ਮਿਲਣ ਕਰਕੇ ਪ੍ਰਦਰਸ਼ਨਕਾਰੀ ਨਾਅਰੇਬਾਜੀ ਕਰਦੇ ਰਹੇ। ਆਖਿਰ ਪੁਲਿਸ ਪ੍ਰਸ਼ਾਸ਼ਨ ਨੇ ਪ੍ਰਦਰਸ਼ਨਕਾਰੀਆਂ ਦੇ ਰੋਹ ਨੂੰ ਦੇਖਦਿਆਂ ਰਾਸਤਾ ਬਦਲ ਕੇ ਮੰਤਰੀ ਨੂੰ ਉੱਥੋਂ ਬਾਹਰ ਕੱਢਿਆ। ਮੀਟਿੰਗ ਵਿੱਚ ਮੱਖਣ ਸ਼ਰਮਾ, ਜਤਿੰਦਰ ਜਿੰਮੀ ਆਦਿ ਕਮੇਟੀ ਮੈਂਬਰਾਂ ਤੋਂ ਇਲਾਵਾ ਕਾਂਗਰਸ, ਆਪ ,ਅਕਾਲੀ ਦਲ,ਸੀਪੀਆਈ ਅਤੇ ਸੀਪੀਐਮ ਸਹਿਤ ਹੋਰ ਪਾਰਟੀਆਂ ਦੇ ਨਾਮਜ਼ਦ ਮੈਂਬਰ ਵੀ ਹਾਜ਼ਿਰ ਰਹੇ।
ਪਰਦਾ ਪਾਉਣ ਲਈ ਪੇਸ਼ ਕੀਤੀਆਂ ਸ਼ਕਾਇਤਾਂ ਤੋਂ ਭੜਕੇ ਬਲਦੇਵ ਭੁੱਚਰ
ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਕਾਂਗਰਸੀ ਆਗੂ ਬਲਦੇਵ ਸਿੰਘ ਭੁੱਚਰ ਨੇ ਏਜੰਡੇ ਦੀ ਆਈਟਮ ਨੰਬਰ 13 ਦੇ ਸਬੰਧ ਵਿੱਚ ਨਰਾਇਣ ਨਗਰ ਵਾਲੀ ਗਲੀ ਨੂੰ ਪੱਕਾ ਕਰਵਾਉਣ ਸਬੰਧੀ ਪੇਸ਼ ਰਿਪੋਰਟ ਨੂੰ ਫਰਜ਼ੀ ਕਰਾਰ ਦਿੰਦਿਆਂ ਕਿਹਾ ਕਿ ਚਲੋ ਹੁਣੇ ਮੇਰੇ ਨਾਲ ਚੱਲੋਂ ਹਾਲੇ ਤੱਕ ਇਹ ਕੰਮ ਹੋਇਆ ਹੀ ਨਹੀਂ। ਸਿਰਫ ਪਰਦਾ ਪਾਉਣ ਲਈ ਹੀ ਝੂਠੀ ਰਿਪੋਰਟ ਪੇਸ਼ ਕੀਤੀ ਗਈ ਹੈ। ਅਜਿਹੀਆਂ ਹੀ ਕੁੱਝ ਹੋਰ ਸ਼ਕਾਇਤਾਂ ਤੋਂ ਬਾਅਦ ਮੰਤਰੀ ਨੇ ਨਗਰ ਕੌਂਸਲ ਦੇ ਸਬੰਧਿਤ ਕਾਰਜ ਸਾਧਕ ਅਫਸਰ ਨੂੰ ਕਾਫੀ ਝਾੜ ਵੀ ਪਾਈ।