ਭਲਕੇ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ‘ਚ ਪਊ ਬਹੁਕਰੋੜੀ ਕਣਕ ਘੋਟਾਲੇ ਦੀ ਗੂੰਜ
ਵਿਵਾਦਾਂ ‘ਚ ਘਿਰੇ ਫਰੈਂਡਜ ਉਪਨ ਪਲੰਥ, ਲਕਸ਼ਮੀ ਰਾਈਸ ਮਿਲ ਅਤੇ ਸੁਮਨ ਫਲੋਰ ਮਿੱਲ ਤੇ ਪਹੁੰਚ ਕੇ ਕੀਤੀ ਜਾਂਂਚ
ਦੋਵੇਂ ਜਾਂਚ ਟੀਮਾਂ ਨੇ ਮੀਡੀਆ ਤੋਂ ਬਣਾਈ ਦੂਰੀ, ਅਧਿਕਾਰੀਆਂ ਨੇ ਕਿਹਾ, ਅਸੀਂ ਹਾਲੇ ਕੁੱਝ ਨਹੀਂ ਕਹਿ ਸਕਦੇ
ਕੱਲ੍ਹ ਹੋਈ ਸ਼ਕਾਇਤ ਤੋਂ ਬਾਅਦ ਜਾਂਚ ਕਰਨ ਲਈ ਪਹੁੰਚੀਆਂ ਦੋਵੇਂ ਟੀਮਾਂ- ਡੀ.ਐਫ.ਸੀ. ਅਤਿੰਦਰ ਕੌਰ
ਹਰਿੰਦਰ ਨਿੱਕਾ , ਬਰਨਾਲਾ 25 ਜੁਲਾਈ 2021
ਜਿਲ੍ਹੇ ਦੇ ਬਹੁਕਰੋੜੀ ਕਣਕ ਘੋਟਾਲੇ ਦਾ ਮਾਮਲਾ ਮੀਡੀਆ ਵਿੱਚ ਆ ਜਾਣ ਤੋਂ ਬਾਅਦ ਹਰਕਤ ਵਿੱਚ ਆਈਆਂ ਦੋ ਵੱਖ ਵੱਖ ਟੀਮਾਂ ਵਿਵਾਦਾਂ ਵਿੱਚ ਘਿਰੇ ਨਾਈਵਾਲਾ ਰੋਡ ਦੇ ਸਥਿਤ ਫਰੈਂਡਰ ੳਪਨ ਪਲੰਥ, ਲਕਸ਼ਮੀ ਰਾਈਸ ਮਿੱਲ ਅਤੇ ਸੁਮਨ ਫਲੋਰ ਮਿੱਲ ਵਿਖੇ ਜਾਂਚ ਲਈ ਪਹੁੰਚ ਗਈਆਂ। 6/7 ਗੱਡੀਆਂ ਵਿੱਚ ਸਵਾਰ ਹੋ ਕੇ ਆਏ ਜਾਂਚ ਟੀਮਾਂ ਦੇ ਮੈਂਬਰਾਂ ਨੇ ਮੀਡੀਆ ਤੋਂ ਦੂਰੀ ਬਣਾਈ ਰੱਖੀ, ਪੁੱਛਣ ਤੇ ਅਧਿਕਾਰੀਆਂ ਨੇ ਦੋ ਟੁੱਕ ਸ਼ਬਦਾਂ ਵਿੱਚ ਕਿਹਾ ਕਿ ਜਾਂਚ ਜਾਰੀ ਹੈ, ਜਾਂਚ ਮੁਕੰਮਲ ਹੋਣ ਤੋਂ ਬਾਅਦ ਉਹ ਆਪਣੀ ਆਪਣੀ ਰਿਪੋਰਟ ਆਲ੍ਹਾ ਅਧਿਕਾਰੀਆਂ ਨੂੰ ਅਗਲੀ ਯੋਗ ਕਾਰਵਾਈ ਲਈ ਸੌਂਪ ਦੇਣਗੇ। ਉਨਾਂ ਕਿਹਾ ਕਿ ਜਦੋਂ ਤੱਕ ਜਾਂਚ ਪੂਰੀ ਨਹੀਂ ਹੁੰਦੀ, ਉਦੋਂ ਤੱਕ ਕੁੱਝ ਵੀ ਕਹਿਣਾ ਸਮੇਂ ਤੋਂ ਪਹਿਲਾਂ ਦੀ ਗੱਲ ਹੈ। ਮੀਡੀਆ ਕਰਮੀਆਂ ਦੇ ਪੁੱਛਣ ਤੇ ਜਾਂਚ ਟੀਮ ਦੇ ਅਧਿਕਾਰੀਆਂ ਨੇ ਆਪਣਾ ਨਾਮ ਦੱਸਣ ਤੋਂ ਵੀ ਟਾਲਾ ਵੱਟ ਲਿਆ।
ਫੂਡ ਸਪਲਾਈ ਵਿਭਾਗ ਦੇ ਵਿਜੀਲੈਂਸ ਵਿੰਗ ਨੇ ਵੀ ਸੰਭਾਲੀ ਪੜਤਾਲ
ਜਾਣਕਾਰੀ ਅਨੁਸਾਰ ਬਰਨਾਲਾ ਦੇ ਬਹੁਕਰੋੜੀ ਕਣਕ ਘੁਟਾਲੇ ਦੀ ਜਾਂਚ ਲਈ ਜਿਹੜੀਆਂ ਦੋ ਟੀਮਾਂ ਪਹੁੰਚੀਆਂ, ਉਨ੍ਹਾਂ ਵਿੱਚ ਇੱਕ ਫੂਡ ਸਪਲਾਈ ਵਿਭਾਗ ਦੇ ਵਿਜੀਲੈਂਸ ਦੀ ਟੀਮ , ਜਦੋਂਕਿ ਦੂਜੀ ਟੀਮ ਐਫਸੀਆਈ ਦੇ ਅਧਿਕਾਰੀਆਂ ਦੀ ਸੀ । ਜਾਂਚ ਟੀਮਾਂ ਦੇ ਅਧਿਕਾਰੀ ਸਫੈਦ ਰੰਗ ਦੀ ਗੱਡੀ ਨੰਬਰ CH-02-AA- 2854 , HR 68 B-0054 ਅਤੇ 3 ਹੋਰ ਗੱਡੀਆਂ ਵੀ ਸਵਾਰ ਹੋ ਕੇ ਪਹੁੰਚੇ ਸਨ। ਜਿਲ੍ਹਾ ਫੂਡ ਕੰਟਰੋਲਰ ਅਤਿੰਦਰ ਕੌਰ ਨੇ ਪੁੱਛਣ ਤੇ ਇਸਦੀ ਪੁਸ਼ਟੀ ਕੀਤੀ। ਉਨਾਂ ਕਿਹਾ ਕਿ ਲੰਘੀ ਕੱਲ੍ਹ ਫਰੈਂਡਜ ਉਪਨ ਪਲੰਥ ਨਾਈਵਾਲਾ ਰੋਡ ਤੇ ਕੁੱਝ ਟਰੰੱਕਾਂ ਵਿੱਚ ਕਣਕ ਭਰ ਕੇ ਲਿਜਾਣ ਸਬੰਧੀ ਆਲ੍ਹਾ ਅਧਿਕਾਰੀਆਂ ਨੂੰ ਕੀਤੀ ਸ਼ਕਾਇਤ ਤੋਂ ਬਾਅਦ ਵਿਭਾਗ ਦੇ ਵਿਜੀਲੈਂਸ ਸੈਲ ਅਤੇ ਐਫਸੀਆਈ ਦੀਆਂ ਟੀਮਾਂ ਬਰਨਾਲਾ ਪੂਰੇ ਮਾਮਲੇ ਦੀ ਜਾਂਚ ਲਈ ਆਈਆਂ ਸਨ। ਜਾਂਚ ਟੀਮਾਂ ਵਿੱਚ ਕੌਣ ਕੌਣ ਅਧਿਕਾਰੀ ਸ਼ਾਮਿਲ ਸਨ, ਇਸ ਸਬੰਧੀ ਉਹ ਕੁੱਝ ਵੀ ਕਹਿਣ ਦੇ ਸਮਰੱਥ ਨਹੀਂ ਹਨ। ਵਰਨਣਯੋਗ ਹੈ ਕਿ ਫਰੈਂਡਜ ਉਪਨ ਪਲੰਥ ਵਿੱਚ ਪਨਗ੍ਰੇਨ ਖਰੀਦ ਏਜੰਸੀ ਦੀ ਕਸਟੱਡੀ ਵਿੱਚ ਕੇਂਦਰੀ ਖਰੀਦ ਏਜੰਸੀ ਦੀ ਕਣਕ ਰੱਖੀ ਹੋਈ ਹੈ। 23 ਜੁਲਾਈ ਨੂੰ ਇਸ ਕਣਕ ਸਬੰਧੀ ਇਹ ਮੁੱਦਾ, ਉਠਿਆ ਸੀ ਕਿ ਆਰੳ ਕਿਸੇ ਹੋਰ ਗੋਦਾਮ ਦਾ ਸੀ ਗੇਟਪਾਸ ਵੀ ਕਟਿੰਗ ਕਰਕੇ ਬਦਦੇ ਹੋਏ ਸਨ। ਇਹ ਰੌਲਾ ਪੈ ਜਾਣ ਤੋਂ ਬਾਅਦ ਕੁੱਲ 7 ਟਰੱੱਕਾਂ ਵਿੱਚੋਂ 4 ਟਰੱਕ ਫਰੈਂਡਜ ਪਲੰਥ ਤੋਂ ਰਵਾਨਾ ਕਰ ਦਿੱਤੇ ਗਏ ਸਨ। ਜਦੋਂਕਿ 3 ਟਰੱਕ ਉੱਥੇ ਹੀ ਰੋਕ ਲਏ ਗਏ ਸਨ।
ਭਲਕੇ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ‘ਚ ਪਊ ਬਹੁਕਰੋੜੀ ਘੋਟਾਲੇ ਦੀ ਗੂੰਜ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਅਤੇ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾ ਨੇ ਕਿਹਾ ਕਿ ਉਹ ਕਰੋੜਾਂ ਰੁਪਏ ਦੇ ਉਕਤ ਕਣਕ ਘੋਟਾਲੇ ਦਾ ਮੁੱਦਾ 26 ਜੁਲਾਈ ਨੂੰ ਹੋਣ ਵਾਲੀ ਜਿਲ੍ਹਾ ਸ਼ਕਾਇਤ ਨਿਵਾਰਣ ਕਮੇਟੀ ਦੀ ਮੀਟਿੰਗ ਵਿੱਚ ਜੋਰਦਾਰ ਢੰਗ ਨਾਲ ਉਠਾਉਣਗੇ। ਸ਼ਰਮਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਦੀ ਭ੍ਰਿਸ਼ਟਾਚਾਰ ਲਈ ਜੀਰੋ ਟੌਲਰੈਂਸ ਨੀਤੀ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਕਣਕ ਘੋਟਾਲੇ ਦੇ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਲਈ ਅੱਡੀ ਚੋਟੀ ਦਾ ਜੋਰ ਲਾਉਣਗੇ ਤਾਂਕਿ ਹੋਰ ਭ੍ਰਿਸ਼ਟ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਕੰਨ ਹੋ ਜਾਣ।
ਸ਼ਕਾਇਤ ਕਰਤਾ ਨੇ ਕਿਹਾ, ਇਹ ਕਿਹੋ ਜਿਹੀ ਜਾਂਚ, ਮੈਨੂੰ ਮੌਕੇ ਤੇ ਬੁਲਾਇਆ ਹੀ ਨਹੀਂ
ਕਰੋੜਾਂ ਰੁਪਏ ਦੇ ਕਣਕ ਘੋਟਾਲੇ ਦਾ ਪਰਦਾਫਾਸ਼ ਕਰਕੇ, ਕਥਿਤ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਵਾਉਣ ਲਈ ਲੱਗੇ ਹੋਏ ਪ੍ਰਸਿੱਧ ਸਮਾਜ ਸੇਵੀ ਰਜਿੰਦਰ ਕੁਮਾਰ ਗੁਪਤਾ ਨੇ ਜਾਂਚ ਟੀਮਾਂ ਤੇ ਸਵਾਲੀਆਂ ਨਿਸ਼ਾਨ ਲਗਾਉਂਦੇ ਕਿਹਾ ਕਿ ਕਿੰਨੀ ਹੈਰਾਨੀ ਦੀ ਗੱਲ ਹੈ ਕਿ ਜਾਂਚ ਟੀਮਾਂ ਨੇ ਮੈਂਨੂੰ ਮੌਕੇ ਤੇ ਨਹੀ ਬੁਲਾਇਆ, ਜਦੋਂਕਿ ਪੜਤਾਲ ਲਈ ਆਏ ਅਫਸਰ, ਘੋਟਾਲੇ ਵਿੱਚ ਸ਼ਾਮਿਲ ਅਧਿਕਾਰੀਆਂ ਨਾਲ ਹੋਟਲ ਵਿੱਚ ਬਹਿਕੇ ਲੰਚ ਕਰਦੇ ਰਹੇ ਅਤੇ ਉਸ ਨੂੰ ਆਪਣੇ ਨਾਲ ਹਰ ਥਾਂ ਤੇ ਵੀ ਲੈ ਕੇ ਵੀ ਗਏ। ਗੁਪਤਾ ਨੇ ਕਿਹਾ ਕਿ ਕਿੰਨ੍ਹਾ ਚੰਗਾ ਹੁੰਦਾ ਕਿ ਜੇਕਰ ਜਾਂਚ ਅਧਿਕਾਰੀਆਂ ਮੈਨੂੰ ਸ਼ਕਾਇਤਕਰਤਾ ਦੇ ਤੌਰ ਤੇ ਮੌਕੇ ਤੇ ਬਲਾਉਂਦੇ ਅਤੇ ਮੈਂ ਉਨਾਂ ਨੂੰ ਘੱਟ ਵਜਨ ਅਤੇ ਘਟੀਆਂ ਕਵਾਲਿਟੀ ਦੀ ਕਣਕ ਨਾਲ ਭਰੇ ਗੱਟੇ ਦਿਖਾਉਂਦਾ। ਉਨਾਂ ਕਿਹਾ ਕਿ ਜੇਕਰ ਮੈਨੂੰ ਮੌਕੇ ਤੇ ਬੁਲਾਇਆ ਜਾਂਦਾ ਤਾਂ ਮੈਂ ਮੌਕੇ ਤੇ ਹੀ ਦੁੱਧੋਂ ਪਾਣੀ ਨਿਤਾਰ ਦਿੰਦਾ। ਗੁਪਤਾ ਨੇ ਕਿਹਾ ਕਿ ਕੋਈ ਗੱਲ ਨਹੀਂ, ਜੇਕਰ ਜਾਂਚ ਅਧਿਕਾਰੀਆਂ ਨੇ ਦੋਸ਼ੀਆਂ ਨੂੰ ਬਚਾਉਣ ਲਈ ਗੰਢਤੁੱਪ ਕਰਕੇ ਕੋਈ ਗੜਬੜ ਕੀਤੀ ਤਾਂ ਮੈਂ ਇਹ ਮਾਮਲੇ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ ਵੀ ਲੈ ਕੇ ਜਾਵਾਂਗਾ। ਗੁਪਤਾ ਨੇ ਕਿਹਾ ਕਿ ਦੋਸ਼ੀ ਤਾਕਤਵਰ ਅਤੇ ਪੈਸੇ ਵਾਲੇ ਹੋਣ ਦੇ ਬਾਵਜੂਦ ਜਿੱਥੇ ਮਰਜੀ ਭੱਜ ਲੈਣ ਅਤੇ ਆਪਣੇ ਬਚਾਅ ਲਈ ਪੈਸਾ ਪਾਣੀ ਵਾਂਗ ਵਹਾ ਦੇਣ, ਮੈਂ ਉਨਾਂ ਨੂੰ ਕਟਿਹਰੇ ਵਿੱਚ ਖੜ੍ਹਾ ਕਰਨ ਤੱਕ ਦਮ ਨਹੀਂ ਲਵਾਂਗਾ।