ਦਸਵੀਂ ਤੋਂ ਬਾਰਵੀਂ ਦੀਆਂ ਜਮਾਤਾਂ ਲਈ 26 ਜੁਲਾਈ ਤੋਂ ਸ਼ਰਤਾਂ ਸਮੇਤ ਸਕੂਲ ਖੋਲ੍ਹਣ ਦੀ ਆਗਿਆ: ਡੀ.ਸੀ. ਰਾਮਵੀਰ
ਇਨਡੋਰ ਸਮਾਗਮਾਂ ‘ਚ 150 ਤੇ ਆਊਟਡੋਰ ‘ਚ300 ਵਿਅਕਤੀਆਂ ਤੋਂ ਵਧੇਰੇ ਇਕੱਠ ਨਾ ਹੋਵੇ
ਹਰਪ੍ਹੀਤ ਕੌਰ ਬਬਲੀ, ਸੰਗਰੂਰ, 23 ਜੁਲਾਈ 2021
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਤਹਿਤ ਜ਼ਿਲਾ ਮੈਜ਼ਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦਸਵੀਂ, ਗਿਆਰਵੀਂ ਅਤੇ ਬਾਰਵੀਂ ਦੀਆਂ ਜਮਾਤਾਂ ਲਈ 26 ਜੁਲਾਈ 2021 ਤੋਂ ਸਮੂਹ ਸਕੂਲ ਖੁੱਲਣ ਦੀ ਆਗਿਆ ਦਿੱਤੀ ਹੈ। ਸਕੂਲ ਵਿੱਚ ਸਿਰਫ਼ ਉਨਾਂ ਅਧਿਆਪਕਾਂ/ਸਟਾਫ਼ ਨੂੰ ਆਉਣ ਦੀ ਆਗਿਆ ਹੋਵੇਗੀ ਜਿਨਾਂ ਦੇ ਕੋਵਿਡ-19 ਵੈਕਸੀਨੇਸ਼ਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣ। ਸਕੂਲ ਵਿੱਚ ਸਿਰਫ਼ ਉਹੀ ਵਿਦਿਆਰਥੀ ਆ ਸਕਦੇ ਹਨ ਜਿਨਾਂ ਵਿਦਿਆਰੀਆਂ ਦੇ ਮਾਤਾ-ਪਿਤਾ ਵੱਲੋਂ ਆਪਣੇ ਬੱਚੇ ਨੂੰ ਸਕੂਲ ਵਿੱਚ ਭੇਜਣ ਦੀ ਇੱਛਾ ਹੋਵੇਗੀ ਅਤੇ ਕੋਈ ਵੀ ਵਿਦਿਆਰਥੀ ਆਪਣੀ ਇੱਛਾ ਅਨੁਸਾਰ ਆਨ-ਲਾਈਨ ਕਲਾਸਾਂ ਵੀ ਲਗਾ ਸਕਦਾ ਹੈ। ਇਸ ਸਬੰਧੀ ਵਿਦਿਆਰਥੀਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਇੱਕ ਅੰਡਰਟੇਕਿੰਗ ਜ਼ਿਲਾਂ ਮੈਜ਼ਿਸਟਰੇਟ ਦਫ਼ਤਰ ਨੂੰ ਭੇਜੀ ਜਾਵੇ। ਜੇਕਰ ਸਥਿਤੀ ਕਾਬੂ ਹੇਠ ਰਹਿੰਦੀ ਹੈ ਤਾਂ ਇਸੇ ਤਰ੍ਹਾਂ ਬਾਕੀ ਕਲਾਸਾਂ ਨੂੰ ਵੀ 2 ਅਗਸਤ 2021 ਤੋਂ ਖੋਲਣ ਦੀ ਮਨਜ਼ੂਰੀ ਦੇ ਦਿੱਤੀ ਜਾਵੇਗੀ। ਸਮੂਹ ਸਕੂਲਾਂ ਵਿੱਚ ਕੋਵਿਡ-19 ਦੇ ਬਚਾਅ ਸਬੰਧੀ ਜਾਰੀ ਹਦਾਇਤਾਂ ਅਤੇ ਸਿੱਖਿਆ ਵਿਭਾਗ ਵੱਲੋਂ ਜਾਰੀ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਯਕੀਨੀ ਬਣਾਉਣੀ ਲਾਜ਼ਮੀ ਹੋਵੇਗੀ।
ਪੰਜਾਬ ਸਰਕਾਰ ਦੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ ਵੱਲੋਂ ਕੋਵਿਡ-19 ਦੇ ਮੱਦੇਨਜ਼ਰ ਲਗਾਈਆਂ ਗਈਆਂ ਪਾਬੰਦੀਆਂ ਤਹਿਤ ਜ਼ਿਲਾ ਮੈਜ਼ਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਵੱਲੋਂ ਜ਼ਿਲੇ ਅੰਦਰ ਕਰੋਨਾ ਦੇ ਘੱਟ ਰਹੇ ਪ੍ਰਭਾਵ ਦੇ ਮੱਦੇਨਜ਼ਰ ਕੁਝ ਛੋਟਾਂ ਦੇ ਨਾਲ ਪਾਬੰਦੀਆਂ 31 ਜੁਲਾਈ 2021 ਤੱਕ ਵਧਾਉਣ ਦੇ ਹੁਕਮ ਜਾਰੀ ਕੀਤੇ ਗਏ ਹਨ। ਜਾਰੀ ਹੁਕਮਾਂ ਅਨੁਸਾਰ ਕਿਸੇ ਵੀ ਤਰਾਂ ਦੇ ਇਕੱਠ ਕਰਨ ਲਈ ਇਨਡੋਰ ਪ੍ਰੋਗਰਾਮਾਂ/ਸਮਾਗਮਾਂ ਵਿੱਚ 150 ਵਿਅਕਤੀਆਂ ਅਤੇ ਆਊਟਡੋਰ ਪ੍ਰੋਗਰਾਮਾਂ/ਸਮਾਗਮਾਂ ਵਿੱਚ 300 ਵਿਅਕਤੀਆਂ ਤੋਂ ਵੱਧ ਇਕੱਠ ਨਹੀਂ ਹੋਣਾ ਚਾਹੀਦਾ। ਕਲਾਕਾਰ/ਸੰਗੀਤਕਾਰ ਕੋਵਿਡ-19 ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਇਨ੍ਹਾਂ ਸਮਾਗਮਾਂ ‘ਚ ਆਪਣੇ ਫ਼ਨ ਦਾ ਮੁਜ਼ਾਹਰਾ ਕਰ ਸਕਦੇ ਹਨ । ਸਮੂਹ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾ, ਸਵਿਮਿੰਗ ਪੂਲ, ਕੋਚਿੰਗ ਸੈਂਟਰ, ਸਪੋਰਟਸ ਕੰਪਲੈਕਸ, ਜਿੰਮ, ਮਾਲਜ਼, ਅਜਾਇਬ ਘਰ, ਚਿੜੀਆ ਘਰ ਆਦਿ 50% ਜਗਾ ਦੀ ਸਮਰੱਥਾ ਨਾਲ ਖੁੱਲਣ ਦੀ ਆਗਿਆ ਹੋਵੇਗੀ ਅਤੇ ਸਟਾਫ਼/ਕਰਮਚਾਰੀਆਂ ਦੇ ਕੋਵਿਡ-19 ਵੈਕਸੀਨੇਸ਼ਨ ਦੀ ਘੱਟੋ -ਘੱਟ ਇੱਕ ਖੁਰਾਕ ਲਾਜ਼ਮੀ ਲੱਗੀ ਹੋਣੀ ਚਾਹੀਦੀ ਹੈ । ਇਸ ਤੋਂ ਇਲਾਵਾ ਸਵਿਮਿੰਗ ਪੂਲ, ਜਿੰਮ ਅਤੇ ਖੇਡਾਂ ਨਾਲ ਸਬੰਧਤ ਸਹੂਲਤਾਂ ਨੂੰ ਵਰਤਣ ਵਾਲੇ 18 ਸਾਲ ਤੋਂ ਜ਼ਿਆਦਾ ਉਮਰ ਦੇ ਹਰੇਕ ਵਿਅਕਤੀ ਦੇ ਕੋਵਿਡ-19 ਦੀ ਘੱਟੋ-ਘੱਟ ਇੱਕ ਡੋਜ਼ ਲੱਗੀ ਹੋਣੀ ਲਾਜ਼ਮੀ ਹੋਵੇਗੀ ਅਤੇ ਕੋਵਿਡ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਜ਼ਰੂਰੀ ਹੋਵੇਗੀ ।
ਸਮੂਹ ਕਾਲਜ਼, ਕੋਚਿੰਗ ਸੈਂਟਰ ਅਤੇ ਹੋਰ ਉੱਚ ਵਿੱਦਿਅਕ ਅਦਾਰਿਆਂ ਨੂੰ ਇਸ ਸ਼ਰਤ ਤੇ ਖੁੱਲਣ ਦੀ ਆਗਿਆ ਹੋਵੇਗੀ ਕਿ ਸਮੂਹ ਟੀਚਿੰਗ ਅਤੇ ਨਾਨ ਟੀਚਿੰਗ ਸਟਾਫ, ਵਿਦਿਆਰਥੀਆਂ ਦੇ ਕੋਵਿਡ-19 ਵੈਕਸੀਨੇਸਨ ਦੀਆਂ ਦੋਵੇਂ ਡੋਜ਼ ਲੱਗੀਆਂ ਹੋਣੀਆਂ ਚਾਹੀਦੀਆਂ ਹਨ। ਉਕਤ ਤੋਂ ਇਲਾਵਾ ਜ਼ਿਲਾ ਮੈਜਿਸਟ੍ਰੇਟ ਵੱਲੋਂ ਜਾਰੀ ਹਦਾਇਤਾਂ ਵਿੱਚ ਕੋਵਿਡ-19 ਸਬੰਧੀ ਐਮ.ਐਚ.ਏ. ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਅਨੁਸਾਰ 6 ਫੁੱਟ ਦੀ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ, ਬਜ਼ਾਰਾਂ ਅਤੇ ਪਬਲਿਕ ਟਰਾਂਸਪੋਰਟ ਵਿੱਚ ਭੀੜ ਨੂੰ ਸੀਮਿਤ ਰੱਖਣਾ, ਮਾਸਕ ਪਹਿਨਣਾ, ਵਾਰ-ਵਾਰ ਹੱਥ ਧੋਣਾ ਅਤੇ ਜਨਤਕ ਥਾਵਾਂ ਤੇ ਥੁੱਕਣ ਦੀ ਮਨਾਹੀ ਆਦਿ ਸਬੰਧੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣੀ ਲਾਜ਼ਮੀ ਹੋਵੇਗੀ।