ਕਿਸਾਨਾਂ ਵਲੋਂ ਨਵਜੋਤ ਸਿੰਘ ਸਿੱਧੂ ਦਾ ਕਾਲੇ ਝੰਡਿਆਂ ਨਾਲ ਵਿਰੋਧ

Advertisement
Spread information

 

ਸੜਕ ਤੇ ਲਾਇਆ ਅੱਧਾ ਘੰਟਾ ਜਾਮ, ਕਾਂਗਰਸ ਸਰਕਾਰ ਖਿਲਾਫ ਕੀਤੀ ਨਾਅਰੇਬਾਜ਼ੀ  

ਪਰਦੀਪ ਕਸਬਾ  , ਖਟਕੜ ਕਲਾਂ , 20 ਜੁਲਾਈ 2021

ਅੱਜ ਕਿਰਤੀ ਕਿਸਾਨ ਯੂਨੀਅਨ ਅਤੇ ਦੋਆਬਾ ਕਿਸਾਨ ਯੂਨੀਅਨ ਵਲੋਂ ਖਟਕੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਤਾਜਾ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਕਾਲੇ ਝੰਡਿਆਂ ਨਾਲ ਤਿੱਖਾ ਵਿਰੋਧ ਕੀਤਾ ਗਿਆ ਅਤੇ ਸੜਕ ਤੇ ਜਾਮ ਲਾਇਆ ਗਿਆ।ਕਿਸਾਨਾਂ ਨੇ ਭਾਰੀ ਮੀਂਹ ਵਰਨ ਦੇ ਬਾਵਜੂਦ ਚਾਰ ਘੰਟੇ ਦੇ ਕਰੀਬ ਇਹ ਵਿਰੋਧ ਜਾਰੀ ਰੱਖਿਆ।ਕਾਂਗਰਸ ਪਾਰਟੀ ਦੇ ਹਲਕਾ ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਨਵਜੋਤ ਸਿੰਘ ਸਿੱਧੂ ਦੇ ਸਵੇਰੇ 9:30 ਵਜੇ ਖਟਕੜ ਕਲਾਂ ਪਹੁੰਚਣ ਦੀ ਜਾਣਕਾਰੀ ਸਾਂਝੀ ਕੀਤੀ ਸੀ ਜਿਸ ਕਾਰਨ ਕਿਸਾਨ ਨਵਜੋਤ ਸਿੰਘ ਸਿੱਧੂ ਦਾ ਵਿਰੋਧ ਕਰਨ ਲਈ ਐਲਾਨੇ ਸਮੇਂ ਤੋਂ ਪਹਿਲਾਂ ਹੀ ਇੱਥੇ ਪਹੁੰਚ ਗਏ ਪਰ ਕਾਂਗਰਸ ਦੇ ਸੂਬਾ ਪ੍ਰਧਾਨ ਪੌਣੇ ਬਾਰਾਂ ਵਜੇ ਇੱਥੇ ਪਹੁੰਚੇ।

Advertisement

      ਪ੍ਰਸ਼ਾਸਨ ਪੰਜ ਕਿਸਾਨ ਆਗੂਆਂ ਦੀ ਸਿੱਧੂ ਨਾਲ ਗੱਲਬਾਤ ਕਰਾਉਣ ਲਈ ਕਿਸਾਨਾਂ ਨੂੰ ਭਰੋਸਾ ਦੇ ਰਿਹਾ ਸੀ ਪਰ ਕਿਰਤੀ ਕਿਸਾਨ ਯੂਨੀਅਨ ਦੇ ਆਗੂਆਂ ਦੀ ਮੰਗ ਸੀ ਕਿ ਸਿੱਧੂ ਕਿਸਾਨਾਂ ਦੇ ਕੋਲ ਆਕੇ ਉਹਨਾਂ ਦੇ ਸਵਾਲਾਂ ਦੇ ਜਵਾਬ ਦੇਣ।ਕਿਸਾਨਾਂ ਦੇ ਸਬਰ ਦਾ ਪਿਆਲਾ ਉਸ ਵੇਲੇ ਟੁੱਟ ਗਿਆ ਜਦੋਂ ਨਵਜੋਤ ਸਿੰਘ ਸਿੱਧੂ ਸ਼ਹੀਦ ਭਗਤ ਸਿੰਘ ਦੇ ਬੁੱਤ ਤੇ ਸ਼ਰਧਾ ਦੇ ਫੁੱਲ ਭੇਂਟ ਕਰਕੇ ਕਿਸਾਨਾਂ ਨੂੰ ਬਿਨਾਂ ਮਿਲਿਆਂ ਹੀ ਵਾਪਸ ਪਰਤ ਗਏ।

        ਜਿਸ ਉਪਰੰਤ ਕਿਸਾਨਾਂ ਨੇ ਪੁਲਸ ਵਲੋਂ ਲਗਾਈਆਂ ਰੋਕਾਂ ਹਟਾਕੇ ਮੁੱਖ ਮਾਰਗ ਜਾਮ ਕਰ ਦਿੱਤਾ ਜੋ ਅੱਧਾ ਘੰਟਾ ਤੱਕ ਜਾਰੀ ਰਿਹਾ।ਕਿਰਤੀ ਕਿਸਾਨ ਯੂਨੀਅਨ ਦੇ ਜਿਲਾ ਆਗੂਆਂ ਸੋਹਣ ਸਿੰਘ ਅਟਵਾਲ ਅਤੇ ਪਰਮਜੀਤ ਸਿੰਘ ਸ਼ਹਾਬਪੁਰ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ ਦੀ ਖਟਕੜ ਕਲਾਂ ਵਾਲੀ ਇਹ ਯਾਦਗਾਰ ਸਿਆਸੀ ਆਗੂਆਂ ਲਈ ਲੋਕਾਂ ਨੂੰ ਲਾਰੇ ਲਾਉਣ ਦਾ ਮੰਚ ਬਣ ਗਿਆ ਹੈ।ਸਿਆਸੀ ਨੇਤਾ ਇੱਥੇ ਸ਼ਹੀਦ ਭਗਤ ਸਿੰਘ ਦੇ ਨਾਂਅ ਉੱਤੇ ਝੂਠੀਆਂ ਕਸਮਾਂ ਖਾਂਦੇ ਹਨ ਅਤੇ ਲੋਕਾਂ ਨੂੰ ਝੂਠੇ ਲਾਰੇ ਲਾਉਂਦੇ ਹਨ ਜੋ ਸ਼ਹੀਦਾਂ ਦਾ ਅਪਮਾਨ ਹੈ।ਉਹਨਾਂ ਨਵਜੋਤ ਸਿੰਘ ਸਿੱਧੂ ਨੂੰ ਸਵਾਲ ਕੀਤਾ ਕਿ

           ਜਦੋਂ ਤਿੰਨ ਖੇਤੀ ਕਾਨੂੰਨ ਰੱਦ ਕਰਾਉਣ ਲਈ ਸੰਘਰਸ਼ ਕਰ ਰਹੇ 700 ਦੇ ਕਰੀਬ ਕਿਸਾਨ ਸ਼ਹੀਦ ਹੋ ਚੁੱਕੇ ਹਨ ,ਸਿੱਧੂ ਦੀ ਆਮਦ ਉੱਤੇ ਕਾਂਗਰਸੀ ਢੋਲ ਵਜਾਕੇ ਕਿਸ ਖੁਸ਼ੀ ਦਾ ਪ੍ਰਗਟਾਵਾ ਕਰ ਰਹੇ ਹਨ।ਉਹਨਾਂ ਕਿਹਾ ਕਿ ਸਿੱਧੂ ਕੋਲ ਕਿਸਾਨਾਂ ਦੇ ਸਵਾਲਾਂ ਦਾ ਕੋਈ ਜਵਾਬ ਹੈ ਹੀ ਨਹੀਂ ਸੀ ਜਿਸ ਕਾਰਨ ਉਹ ਕਿਸਾਨਾਂ ਦਾ ਸਾਹਮਣਾ ਕੀਤੇ ਬਿਨਾਂ ਹੀ ਚਲਾ ਗਿਆ।ਉਹਨਾਂ ਕਿਹਾ ਕਿ ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਪਾਰਟੀ ਵੱਲੋਂ ਜਾਰੀ ਕੀਤਾ ਗਿਆ ਚੋਣ ਮਨੋਰਥ ਪੱਤਰ ਝੂਠ ਦਾ ਪੁਲੰਦਾ ਸਾਬਤ ਹੋਇਆ ਹੈ ਕਿਉਂਕਿ ਕਾਂਗਰਸ ਸਰਕਾਰ ਨੇ ਲੋਕਾਂ ਨਾਲ ਕੀਤਾ ਗਿਆ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਅਤੇ ਨਾ ਹੀ ਭਵਿੱਖ ਵਿਚ ਇਸਤੋਂ ਕੋਈ ਉਮੀਦ ਰੱਖੀ ਜਾ ਸਕਦੀ ਹੈ।ਇਸ ਮੌਕੇ ਗੁਰਬਖਸ਼ ਕੌਰ ਸੰਘਾ, ਸੁਰਜੀਤ ਕੌਰ ਉਟਾਲ,ਕੁਲਦੀਪ ਸਿੰਘ ਦਿਆਲ, ਅਮਰਜੀਤ ਸਿੰਘ ਬੁਰਜ, ਮਨਜੀਤ ਕੌਰ ਅਲਾਚੌਰ, ਮੱਖਣ ਸਿੰਘ ਭਾਨਮਜਾਰਾ, ਬਿੱਕਰ ਸਿੰਘ ਸ਼ੇਖੂਪੁਰ, ਪਰਦੀਪ ਸਿੰਘ ਭੂਤਾਂ ਬੂਟਾ ਸਿੰਘ ਮਹਿਮੂਦ ਪੁਰ,ਬਚਿੱਤਰ ਸਿੰਘ, ਰਘਬੀਰ ਸਿੰਘ ਅਸਮਾਨ ਪੁਰ ,ਬਲਜਿੰਦਰ ਸਿੰਘ ਪੰਚ ਸਹਿਬਾਜ ਪੁਰ ਕਿਸਾਨ ਆਗੂ ਵੀ ਮੌਜੂਦ ਸਨ।

Advertisement
Advertisement
Advertisement
Advertisement
Advertisement
error: Content is protected !!