22 ਜੁਲਾਈ ਨੂੰ ਬੀਬੀਆਂ ਦਾ ਵੱਡਾ ਜਥਾ ਦਿੱਲੀ ਬਾਰਡਰਾਂ ਵੱਲ ਕੂਚ ਕਰੇਗਾ।
ਪਰਦੀਪ ਕਸਬਾ , ਬਰਨਾਲਾ: 19 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 292ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਵੱਲੋਂ ਪੰਜਾਬ ਵਿੱਚ ਸਿਆਸੀ ਪਾਰਟੀਆਂ ਵਿੱਚ ਪ੍ਰਧਾਨਗੀਆਂ ਨੂੰ ਲੈ ਕੇ ਪਏ ਰੌਲੇ-ਰੱਪੇ ਦੀ ਲੋਕ-ਵਿਰੋਧੀ ਹਕੀਕਤ ‘ਤੇ ਵਿਚਾਰ ਚਰਚਾ ਕੀਤੀ ਗਈ। ਆਗੂਆਂ ਨੇ ਕਿਹਾ ਕਿ ਚੋਣਾਂ ਨੇੜੇ ਆ ਕੇ ‘ਘੋੜੇ ਬਦਲਣਾ’ ਸਿਆਸੀ ਪਾਰਟੀਆਂ ਦੀ ਮਜਬੂਰੀ ਬਣ ਜਾਂਦੀ ਹੈ ਕਿਉਂਕਿ ਪਹਿਲਾਂ ਵਾਲੇ ‘ਘੋੜੇ’ ਬਦਨਾਮ ਹੋ ਜਾਣ ਕਾਰਨ ਚੋਣਾਂ ਜਿੱਤਣ ਦੇ ਪੱਖੋਂ ਸ਼ੱਕੀ ਹੋ ਜਾਂਦੇ ਹਨ। ਇਸ ਰੌਲੇ-ਰੱਪੇ ਨਾਲ ਸਾਡੀਆਂ ਕਿਸਾਨੀ ਮੰਗਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਸਾਡੇ ਅੰਦੋਲਨ ਲਈ ਮੱਛੀ ਦੀ ਅੱਖ ਸਿਰਫ ਤਿੰਨ ਕਾਲੇ ਕਾਨੂੰਨ ਰੱਦ ਕਰਵਾਉਣੇ ਹਨ।
ਸੋ ਅਸੀਂ ਪ੍ਰਧਾਨਗੀਆਂ ਦੀ ਕੁਰਸੀ-ਖੇਡ ਬਾਰੇ ਜਾਭਾਂ ਦੇ ਭੇੜ ਵਿੱਚ ਪੈ ਕੇ ਆਪਣਾ ਸਮਾਂ ਬਰਬਾਦ ਨਾ ਕਰੀਏ ਅਤੇ ਆਪਣੇ ਅੰਦੋਲਨ ਨੂੰ ਹੋਰ ਭਖਾਈਏ। ਸਿਆਸੀ ਲਾਣੇ ਦੀਆਂ ਇਹ ਚਾਲਾਂ ਅਸਲੀ ਮੁੱਦਿਆਂ ਤੋਂ ਸਾਡਾ ਧਿਆਨ ਭਟਕਾਉਣ ਦੀ ਕਵਾਇਦ ਮਾਤਰ ਹਨ।
ਅੱਜ ਧਰਨੇ ਨੂੰ ਨਛੱਤਰ ਸਿੰਘ ਸਾਹੌਰ, ਬਾਬੂ ਸਿੰਘ ਖੁੱਡੀ ਕਲਾਂ, ਗੁਰਮੇਲ ਸ਼ਰਮਾ, ਗੁਰਨਾਮ ਸਿੰਘ ਠੀਕਰੀਵਾਲਾ,ਬਲਜੀਤ ਸਿੰਘ ਚੌਹਾਨਕੇ, ਜਸਪਾਲ ਚੀਮਾ, ਪਰਮਜੀਤ ਕੌਰ ਠੀਕਰੀਵਾਲਾ, ਮਨਜੀਤ ਕੌਰ ਖੁੱਡੀ ਕਲਾਂ, ਜਸਵੰਤ ਕੌਰ ਬਰਨਾਲਾ, ਜਸਪਾਲ ਕੌਰ ਕਰਮਗੜ੍ਹ, ਮਨਜੀਤ ਰਾਜ, ਗੋਰਾ ਸਿੰਘ ਢਿੱਲਵਾਂ, ਅਮਰਜੀਤ ਕੌਰ ਤੇ ਲੱਖਾ ਸਿੰਘ ਮਹਿਲ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਹਰ ਆਏ ਦਿਨ ਦਿੱਲੀ ਬਾਰਡਰਾਂ ‘ਤੇ ਅੰਦੋਲਨਕਾਰੀਆਂ ਦੀ ਗਿਣਤੀ ਵਧ ਰਹੀ ਹੈ। ਦਿੱਲੀ ਜਾਣ ਲਈ ਪਿੰਡਾਂ ਵਿੱਚ ਬਹੁਤ ਉਤਸ਼ਾਹ ਪਾਇਆ ਜਾ ਰਿਹਾ ਹੈ। ਇਸ ਮੰਤਵ ਲਈ ਪਿੰਡਾਂ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਚਾਹਵਾਨਾਂ ਦੀਆਂ ਲਿਸਟਾਂ ਬਣਾਈਆਂ ਜਾ ਰਹੀਆਂ ਹਨ। ਬਰਨਾਲਾ ਜਿਲ੍ਹੇ ਚੋਂ 22 ਜੁਲਾਈ ਨੂੰ ਔਰਤਾਂ ਦਾ ਵੱਡਾ ਜਥਾ ਦਿੱਲੀ ਵੱਲ ਕੂਚ ਕਰੇਗਾ। ਕਿਸਾਨ ਆਗੂਆਂ ਨੇ ਲਾਮਬੰਦੀ ਦੇ ਇਸ ਅਮਲ ਨੂੰ ਜਾਰੀ ਰੱਖਣ ਅਤੇ ਦਿੱਲੀ ਜਾਣ ਲਈ ਉਨ੍ਹਾਂ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ।
ਅੱਜ ਪਿੰਡ ਫਰਵਾਹੀ ਦੀ ਸੰਗਤ ਨੇ ਲੰਗਰ ਦੀ ਸੇਵਾ ਨਿਭਾਈ। ਨਰਿੰਦਰਪਾਲ ਸਿੰਗਲਾ ਨੇ ਕਵਿਤਾ ਸੁਣਾਈ