ਤਾਜੋਕਿਆਂ ਵਾਲੇ ਹੈਪੀ ਅਤੇ ਸੀਪੇ ਖਿਲਾਫ ਪੁਲਿਸ ਨੇ ਦਰਜ਼ ਕੀਤਾ ਅਗਵਾ ਦਾ ਕੇਸ
ਹਰਿੰਦਰ ਨਿੱਕਾ , ਬਰਨਾਲਾ 18 ਜੁਲਾਈ 2021
ਕੁਝ ਦਿਨ ਪਹਿਲਾਂ ਘਰੋਂ ਖੁਸ਼ੀ ਚਲੀ ਗਈ ਅਤੇ ਬਾਅਦ ਵਿੱਚ ਖੁਸ਼ੁਬੂ ਵੀ ਨਹੀਂ ਰਹੀ। ਤਪਾ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਇਹ ਸ਼ਕਾਇਤ ਤਾਜੋਕੇ ਰੋਡ ਤਪਾ ਦੀ ਰਹਿਣ ਵਾਲੀ ਚੰਦਾ ਦੇਵੀ ਨੇ ਕੀਤੀ ਹੈ। ਪੁਲਿਸ ਨੇ ਚੰਦਾ ਦੇਵੀ ਦੀ ਸ਼ਕਾਇਤ ਦੇ ਅਧਾਰ ਤੇ ਖੁਸ਼ੀ ਅਤੇ ਖੁਸ਼ਬੂ ਨੂੰ ਵਿਆਹ ਦਾ ਝਾਂਸਾ ਦੇ ਕੇ ਅਗਵਾ ਕਰਕੇ ਲੈ ਜਾਣ ਦੇ ਦੋਸ਼ ਵਿੱਚ ਦੋ ਸਕੇ ਭਰਾਵਾਂ ਖਿਲਾਫ ਕੇਸ ਦਰਜ਼ ਕਰਕੇ, ਦੋਵਾਂ ਦੋਸ਼ੀਆਂ ਦੇ ਕਬਜੇ ਵਿੱਚੋਂ ਦੋਵੇਂ ਨਾਬਾਲਿਗ ਕੁੜੀਆਂ ਨੂੰ ਬਰਾਮਦ ਕਰਨ ਲਈ ਕੋਸ਼ਿਸ਼ਾਂ ਤੇਜ ਕਰ ਦਿੱਤੀਆਂ ਹਨ। ਪੁਲਿਸ ਨੂੰ ਦਿੱਤੇ ਬਿਆਨ ਵਿੱਚ ਚੰਦਾ ਦੇਵੀ ਨਿਵਾਸੀ ਛਪਰਾ,ਬਿਹਾਰ ਹਾਲ ਅਬਾਦ ਤਾਜੋਕੇ ਰੋਡ ਤਪਾ ਨੇ ਦੱਸਿਆ ਕਿ ਉਸ ਦੀ ਵੱਡੀ ਲੜਕੀ ਖੁਸ਼ੀ ਉਮਰ ਕਰੀਬ 15/16 ਸਾਲ ਨੂੰ ਹੈਪੀ ਸਿੰਘ ਪੁੱਤਰ ਕਾਲਾ ਸਿੰਘ ਵਾਸੀ ਤਾਜੋਕੇ ਆਪਣੇ ਨਾਲ ਲੈ ਕੇ ਕਿੱਧਰੇ ਚਲਾ ਗਿਆ ਸੀ। ਜਦੋਂ ਕਿ ਉਸ ਦੀ ਛੋਟੀ ਬੇਟੀ ਖੁਸ਼ਬੂ 14/15 ਸਾਲ ਵੀ 11 ਜੁਲਾਈ 2021 ਦੀ ਸਵੇਰ ਕਰੀਬ 2 ਵਜੇ ਘਰ ਚੋਂ ਅਚਾਣਕ ਗਾਇਬ ਹੋ ਗਈ। ਦੋਵਾਂ ਦੀ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਤਲਾਸ਼ ਤੋਂ ਵੀ ਉਹ ਨਹੀਂ ਮਿਲੀਆਂ। ਕਈ ਦਿਨ ਦੀ ਤਲਾਸ਼ ਤੋਂ ਬਾਅਦ ਉਸ ਨੂੰ ਪਤਾ ਲੱਗਿਆ ਕਿ ਉਸ ਦੀ ਛੋਟੀ ਬੇਟੀ ਖੁਸ਼ਬੂ ਨੂੰ ਵੀ ਕਾਲਾ ਸਿੰਘ ਤਾਜੋਕੇ ਦਾ ਬੇਟਾ ਸੀਪਾ ਸਿੰਘ ਵਿਆਹ ਦਾ ਝਾਂਸਾ ਦੇ ਕੇ ਕਿੱਧਰੇ ਅਗਵਾ ਕਰਕੇ ਲੈ ਗਿਆ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਏ.ਐਸ.ਆਈ. ਬਲੀ ਰਾਮ ਨੇ ਦੱਸਿਆ ਕਿ ਚੰਦਾ ਦੇਵੀ ਦੇ ਬਿਆਨ ਦੇ ਅਧਾਰ ਤੇ ਦੋਵਾਂ ਨਾਬਾਲਿਗ ਲੜਕੀਆਂ ਨੂੰ ਅਗਵਾ ਕਰਕੇ ਲੈ ਜਾਣ ਵਾਲੇ ਹੈਪੀ ਸਿੰਘ ਅਤੇ ਸੀਪਾ ਸਿੰਘ ਦੇ ਖਿਲਾਫ ਥਾਣਾ ਤਪਾ ਵਿਖੇ ਅਗਵਾ ਦਾ ਕੇਸ ਦਰਜ ਕਰ ਲਿਆ ਗਿਆ ਹੈ। ਦੋਵਾਂ ਦੋਸ਼ੀਆਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ। ਜਲਦ ਹੀ ਉਨਾਂ ਨੂੰ ਗਿਰਫਤਾਰ ਕਰਕੇ, ਉਨਾਂ ਦੇ ਕਬਜੇ ਵਿੱਚੋਂ ਨਾਬਲਿਗ ਲੜਕੀਆਂ ਨੂੰ ਬਰਾਮਦ ਕਰ ਲਿਆ ਜਾਵੇਗਾ।