ਸੰਯੁਕਤ ਕਿਸਾਨ ਮੋਰਚਾ: ਧਰਨੇ ਦਾ 289ਵਾਂ ਦਿਨ
ਪਾਰਲੀਮੈਂਟ ਸ਼ੈਸਨ ਦੌਰਾਨ, ਹਰ ਦਿਨ ਕਿਸਾਨਾਂ ਦੇ ਵੱਡੇ ਜਥੇ ਦਿੱਲੀ ਵੱਲ ਕੂਚ ਕਰਿਆ ਕਰਨਗੇ।
ਪਰਦੀਪ ਕਸਬਾ , ਬਰਨਾਲਾ: 16 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 289ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਸਿਰਸਾ ਵਿਖੇ ਇੱਕ ਬੀਜੇਪੀ ਨੇਤਾ ਦਾ ਘਿਰਾਉ ਕਰਨ ਦੀ ਘਟਨਾ ਦਾ ਬਹਾਨਾ ਬਣਾ ਕੇ ਕੱਲ੍ਹ ਹਰਿਆਣਾ ਪੁਲਿਸ ਨੇ 5 ਕਿਸਾਨਾਂ ਨੂੰ ਗ੍ਰਿਫਤਾਰ ਕੀਤਾ। ਪੁਲਿਸ ਨੇ ਬੀਜੇਪੀ ਨੇਤਾ ਦੀ ਕਾਰ ਦਾ ਸ਼ੀਸ਼ਾ ਤੋੜ ਦੇਣ ਦੇ ‘ਜੁਰਮ’ ਬਦਲੇ ਇਨ੍ਹਾਂ ਕਿਸਾਨ ਆਗੂਆਂ ਉਪਰ ਦੇਸ਼-ਧਰੋਹ ਦਾ ਕੇਸ ਦਰਜ ਕੀਤਾ ਹੈ। ਕਿੱਥੇ ਕਾਰ ਦਾ ਸ਼ੀਸ਼ਾ, ਕਿਥੇ ਦੇਸ਼-ਧਰੋਹ? ਕੀ ਸਾਡੇ ਮੁਲਕ ਦੇ ਮੌਜੂਦਾ ਸ਼ਾਸ਼ਕ ਦੇਸ਼ ਦੀ ਏਕਤਾ, ਅਖੰਡਤਾ ਤੇ ਸੁਰੱਖਿਆ ਨੂੰ ਕਾਰ ਦੇ ਸ਼ੀਸ਼ੇ ਜਿੰਨੀ ਕਮਜ਼ੋਰ ਸਮਝਦੇ ਹਨ। ਕੱਲ੍ਹ ਸੁਪਰੀਮ ਕੋਰਟ ਨੇ ਵੀ ਸਾਡੇ ਸ਼ਾਸ਼ਕਾਂ ਵੱਲੋਂ ਇਸ ਕਾਨੂੰਨ ਦੀ ਗਲਤ ਵਰਤੋਂ ਬਾਰੇ ਸਖਤ ਟਿੱਪਣੀਆਂ ਕੀਤੀਆਂ ਹਨ। ਬਹੁਤ ਸ਼ਰਮ ਵਾਲੀ ਗੱਲ ਹੈ ਕਿ ਆਪਣੇ ਆਪ ਨੂੰ ਆਜ਼ਾਦ ਤੇ ਦੁਨੀਆਂ ਦਾ ਸਭ ਤੋਂ ਵੱਡਾ ਲੋਕਤੰਤਰ ਕਹਾਉਣ ਵਾਲੇ ਮੁਲਕ ਦੀਆਂ ਸਰਕਾਰਾਂ ਨੂੰ, ਲੋਕਾਂ ਦੀ ਜੁਬਾਨਬੰਦੀ ਲਈ ਆਪਣੇ ਬਸਤੀਵਾਦ ਸ਼ਾਸ਼ਕਾਂ ਵੱਲੋਂ ਬਣਾਏ ਕਾਨੂੰਨ ਦਾ ਸਹਾਰਾ ਲੈਣਾ ਪੈ ਰਿਹਾ ਹੈ।ਦੇਸ਼ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਦੇਸ਼-ਧਰੋਹੀ ਗਰਦਾਨਿਆ ਜਾ ਰਿਹਾ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਿਰਸਾ ‘ਚ ਗ੍ਰਿਫਤਾਰ ਕੀਤੇ ਕਿਸਾਨਾਂ ਨੂੰ ਤੁਰੰਤ ਰਿਹਾ ਕੀਤਾ ਜਾਵੇ ਅਤੇ ਉਨ੍ਹਾਂ ਵਿਰੁੱਧ ਦਰਜ ਕੇਸ ਤੁਰੰਤ ਰੱਦ ਕੀਤੇ ਜਾਣ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਪਵਿੱਤਰ ਸਿੰਘ ਲਾਲੀ,ਨਛੱਤਰ ਸਿੰਘ ਸਾਹੌਰ, ਬਲਵੰਤ ਸਿੰਘ ਠੀਕਰੀਵਾਲਾ, ਗੁਰਮੇਲ ਸ਼ਰਮਾ, ਬਲਜੀਤ ਚੌਹਾਨਕੇ, ਮੇਲਾ ਸਿੰਘ ਕੱਟੂ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਗੋਰਾ ਸਿੰਘ ਢਿਲਵਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਆਉਂਦੇ ਪਾਰਲੀਮੈਂਟ ਸ਼ੈਸਨ ਦੌਰਾਨ ਕਿਸਾਨ ਅੰਦੋਲਨ ਨੂੰ ਹੋਰ ਤਿੱਖਾ ਤੇ ਵਿਆਪਕ ਬਣਾਇਆ ਜਾਵੇਗਾ।17 ਜੁਲਾਈ ਨੂੰ ਸਾਰੇ ਸੰਸਦ ਮੈਂਬਰਾਂ ਨੂੰ ਈ- ਮੇਲ ਜਰੀਏ ਯਾਦਪੱਤਰ ਭੇਜੇ ਜਾਣਗੇ।ਹਰ ਦਿਨ 200 ਕਿਸਾਨ ਪਾਰਲੀਮੈਂਟ ਦਾ ਘਿਰਾਉ ਕਰਨ ਲਈ ਜਾਇਆ ਕਰਨਗੇ। ਇਸ ਸ਼ੈਸਨ ਦੌਰਾਨ ਪੰਜਾਬ ਵਿਚੋਂ ਵੀ ਹਰ ਰੋਜ ਕਿਸਾਨਾਂ ਦੇ ਵੱਡੇ ਜਥੇ ਦਿੱਲੀ ਬਾਰਡਰਾਂ ਵੱਲ ਕੂਚ ਕਰਿਆ ਕਰਨਗੇ।
ਅੱਜ ਰਾਜਵਿੰਦਰ ਸਿੰਘ ਮੱਲੀ, ਤੇਜਾ ਸਿੰਘ ਠੀਕਰੀਵਾਲਾ, ਜਗਦੀਸ਼ ਲੱਧਾ ਅਤੇ ਗਗਨਦੀਪ ਕੌਰ ਠੀਕਰੀਵਾਲਾ ਨੇ ਕਵੀਸ਼ਰੀ, ਗੀਤ ਤੇ ਕਵਿਤਾਵਾਂ।ਸੁਣਾਈਆਂ।