ਪੀੜਤ ਦੀ ਹਾਲਤ ਗੰਭੀਰ , ਸਿਵਲ ਹਸਪਤਾਲ ‘ਚ ਕਰਵਾਇਆ ਭਰਤੀ,ਇਲਾਜ਼ ਜਾਰੀ
ਦੋਸ਼ੀ ਕਾਬੂ, ਘਟਨਾ ਦੇ ਕਾਰਣਾਂ ਦੀ ਜਾਂਚ ਵਿੱਚ ਜੁਟੀ ਪੁਲਿਸ
ਹਰਿੰਦਰ ਨਿੱਕਾ , ਬਰਨਾਲਾ 14 ਜੁਲਾਈ 2021
ਸ਼ਹਿਰ ਦੇ ਕੱਚਾ ਕਾਲਜ ਰੋਡ ਤੇ ਸਥਿਤ ਈ.ਜੀ. ਡੇ ਦੇ ਨੇੜੇ ਇੱਕ ਫੋਟੋਗ੍ਰਾਫਰ ਵਿਸ਼ਾਲ ਕੁਮਾਰ ੳਬਰਫ ਸੋਨੂੰ ਉੱਤੇ ਉਸ ਦੇ ਗੁਆਂਢੀ ਨੇ ਹੀ ਜਾਨ ਤੋਂ ਮਾਰ ਦੇਣ ਦੀ ਮੰਸ਼ਾ ਨਾਲ ਤੇਜਾਬ ਪਾ ਕੇ ਹਮਲਾ ਕਰ ਦਿੱਤਾ। ਦਿਲ ਦਹਿਲਾ ਦੇਣ ਵਾਲੀ ਇਹ ਘਟਨਾ ਅੱਜ ਸਵੇਰੇ ਕਰੀਬ 9 ਵਜੇ ਵਾਪਰੀ ਦੱਸੀ ਜਾ ਰਹੀ ਹੈ। ਵਿਸ਼ਾਲ ਨੂੰ ਤੁਰੰਤ ਹੀ ਇਲਾਜ ਲਈ, ਸਿਵਲ ਹਸਪਤਾਲ ਬਰਨਾਲਾ ਵਿਖੇ ਇਲਾਜ ਲਈ ਦਾਖਿਲ ਕਰਵਾਇਆ ਗਿਆ। ਪਰੰਤੂ ਤੇਜਾਬੀ ਹਮਲਾ ਕਰਨ ਵਾਲਾ ਦੋਸ਼ੀ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸ.ਆਈ. ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਮੌਕੇ ਤੇ ਪਹੁੰਚ ਪੁਲਿਸ ਪਾਰਟੀ ਨੇ ਘਟਨਾ ਦੇ ਕੁੱਝ ਘੰਟਿਆਂ ਬਾਅਦ ਹੀ ਦੋਸ਼ੀ ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ । ਪੀੜਤ ਦੇ ਪਰਿਵਾਰਿਕ ਮੈਂਬਰਾਂ ਅਨੁਸਾਰ ਵਿਸ਼ਾਲ ਕੁਮਾਰ ਉੱਪਰ ਉਸ ਦੇ ਗੁਆਂਢੀ ਪ੍ਰੇਮ ਕੁਮਾਰ ਨੇ ਹੀ ਤੇਜ਼ਾਬੀ ਹਮਲਾ ਕੀਤਾ ਹੈ। ਸੂਤਰਾਂ ਮੁਤਾਬਿਕ ਦੋਵਾਂ ਦੀ ਪੁਰਾਣੀ ਰੰਜਿਸ਼ ਵੀ ਚੱਲ ਰਹੀ ਹੈ, ਪਰੰਤੂ ਰੰਜਿਸ ਕੀ ਐ, ਇਹ ਗੱਲ ਹਾਲੇ ਤੱਕ ਖੁੱਲ ਕੇ ਸਾਹਮਣੇ ਨਹੀਂ ਆ ਰਹੀ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਦੋਸ਼ੀ ਪ੍ਰੇਮ ਕੁਮਾਰ ਨੂੰ ਪੁਲਿਸ ਨੇ ਮੁਸਤੈਦੀ ਨਾਲ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਪੁਲਿਸ ਪੂਰੇ ਘਟਨਾਕ੍ਰਮ ਦੀ ਜਾਂਚ ਕਰ ਰਹੀ ਹੈ। ਉਨਾਂ ਕਿਹਾ ਕਿ ਪੀੜਤ ਦੇ ਬਿਆਨ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਦੋਸ਼ੀ ਖਿਲਾਫ ਕੇਸ ਦਰਜ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਹੈ। ਉੱਧਰ ਹਸਪਤਾਲ ਦੇ ਡਾਕਟਰਾਂ ਅਨੁਸਾਰ ਵਿਸ਼ਾਲ ਦੇ ਮੂੰਹ ਅਤੇ ਸਿਰ ਸਮੇਤ ਸ਼ਰੀਰ ਦੇ ਵੱਖ ਵੱਖ ਹਿੱਸਿਆਂ ਤੇ ਤੇਜਾਬ ਡੋਲ੍ਹਿਆ ਗਿਆ ਹੈ। ਹਾਲੇ ਤੱਕ ਉਸ ਦੀ ਹਾਲਤ ਗੰਭੀਰ ਪਰੰਤੂ ਕਾਬੂ ਹੇਠ ਹੈ।