ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਦੇ ਖੇਤਾਂ ਦਾ ਕੀਤਾ ਦੌਰਾ
ਪਰਦੀਪ ਕਸਬਾ , ਬਰਨਾਲਾ, 12 ਜੁਲਾਈ 2021
ਮੁੱਖ ਖੇਤੀਬਾੜੀ ਅਫ਼ਸਰ ਬਰਨਾਲਾ ਨੇ ਆਪਣੀ ਵਿਭਾਗੀ ਟੀਮ ਨਾਲ ਮਹਿਲ ਕਲਾਂ ਬਲਾਕ ਦੇ ਵੱਖ-ਵੱਖ ਪਿੰਡਾਂ ਗੰਗੋਹਰ, ਮਹਿਲ ਕਲਾਂ ਦਾ ਦੌਰਾ ਕੀਤਾ, ਉਨ੍ਹਾਂ ਜਾਣਕਾਰੀ ਦਿੱਤੀ ਕਿ ਬਰਨਾਲਾ ਜ਼ਿਲ੍ਹੇ ਵਿੱਚ ਪਿਛਲੇ ਸਾਲ ਨਾਲੋਂ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਿਆ ਹੈ ਤੇ ਕਿਸਾਨਾਂ ਨੇ ਪਿਛਲੇ ਸਾਲ ਦੇ ਤਜਰਬੇ ਦੇ ਅਧਾਰ ਤੇ ਝੋਨੇ ਦੀ ਸਿੱਧੀ ਬਿਜਾਈ ਤੇ ਆਪਣਾ ਵਿਸ਼ਵਾਸ਼ ਦਿਖਾਇਆ ਤੇ ਪਹਿਲਾਂ ਨਾਲੋਂ ਰਕਬੇ ਵਿੱਚ ਵਾਧਾ ਕੀਤਾ ਹੈ।
ਉਨ੍ਹਾਂ ਗੰਗੋਹਰ ਪਿੰਡ ਦੇ ਕਿਸਾਨ ਰਣਵੀਰ ਸਿੰਘ ਦੇ ਖੇਤ ਦਾ ਦੌਰਾ ਕੀਤਾ, ਕਿਸਾਨ ਪਿਛਲੇ 3 ਸਾਲ ਤੋਂ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਇਸ ਸਾਲ ਕਿਸਾਨ ਨੇ ਖੇਤੀਬਾੜੀ ਵਿਭਾਗ ਮਹਿਲਕਲਾਂ ਦੀਆਂ ਸਿਫਾਰਸਾਂ ਦੇ ਮੱਦੇਨਜਰ 20 ਏਕੜ ਰਕਬੇ ਵਿੱਚ ਕਿਸਮਾਂ ਪੀ.ਆਰ 127, ਪੂਸਾ 44 ਦੀ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ। ਕਿਸਾਨ ਨੇ ਆਪਣਾ ਤਜਰਬਾ ਸਾਂਝਾ ਕੀਤਾ ਤੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਨਾਲ ਉਸਨੇ ਕੱਦੂ ਕੀਤੇ ਝੋਨੇ ਨਾਲੋਂ ਡੀਜ਼ਲ, ਲੇਬਰ ਦਾ ਖਰਚਾ ਬਚਾਉਣ ਦੇ ਨਾਲ-ਨਾਲ ਪਿਛਲੇ ਸਾਲਾਂ ਦੌਰਾਨ ਚੰਗਾ ਝਾੜ ਵੀ ਪ੍ਰਾਪਤ ਕੀਤਾ ਹੈ ਅਤੇ ਪਾਣੀ ਦੀ ਵੀ ਬੱਚਤ ਕੀਤੀ ਹੈ।
ਡਾ. ਚਰਨਜੀਤ ਸਿੰਘ ਕੈਂਥ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਈ ਵੀ ਖੇਤੀ ਇਨਪੁਟਸ ਜਿਵੇਂ ਖਾਦ, ਬੀਜ ਅਤੇ ਕੀੜੇਮਾਰ ਦਵਾਈਆਂ ਖਰੀਦਣ ਸਮੇਂ ਪੱਕਾ ਬਿੱਲ ਜ਼ਰੂਰ ਲੈਣ ਇਸ ਤੋਂ ਇਲਾਵਾ ਆਪਣੇ ਖੇਤਾਂ ਦੀ ਮਿੱਟੀ ਤੇ ਟਿਊਬਵੈੱਲਾਂ/ਮੋਟਰਾਂ ਦੇ ਪਾਣੀ ਦਾ ਟੈਸਟ ਜ਼ਰੂਰ ਕਰਵਾਉਣ। ਇਸ ਸਮੇਂ ਉਨ੍ਹਾਂ ਨਾਲ ਜੈਸਮੀਨ ਸਿੱਧੂ ਖੇਤੀਬਾੜੀ ਵਿਕਾਸ ਅਫ਼ਸਰ, ਚਰਨ ਰਾਮ, ਯਾਦਵਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫ਼ਸਰ, ਹਰਪਾਲ ਸਿੰਘ ਖੇਤੀਬਾੜੀ ਸਬ ਇੰਸਪੈਕਟਰ ਤੇ ਜਸਵਿੰਦਰ ਸਿੰਘ ਤੇ ਕੁਲਵੀਰ ਸਿੰਘ ਸਹਾਇਕ ਟੈਕਨੌਲੌਜੀ ਮੈਨੇਜਰ ਸਨ।