ਰਵੀ ਸੈਣ , ਬਰਨਾਲਾ, 11 ਜੁਲਾਈ 2021
ਸਿਹਤ ਵਿਭਾਗ ਵੱਲੋਂ ਕਰਵਾਏ ਗਏ ਵਿਸ਼ਵ ਆਬਾਦੀ ਦਿਵਸ“ ਨੂੰ ਸਮਰਪਿਤ ਸੈਮੀਨਾਰ ਸਿਹਤ ਵਿਭਾਗ ਬਰਨਾਲਾ ਵਲੋਂ ਡਾ. ਜਸਬੀਰ ਸਿੰਘ ਔਲ਼ਖ ਸਿਵਲ ਸਰਜਨ ਦੇ ਦਿਸ਼ਾ- ਨਿਰਦੇਸ਼ ਅਧੀਨ ਦਫ਼ਤਰ ਸਿਵਲ ਸਰਜਨ ਦੇ ਟ੍ਰੇਨਿੰਗ ਅਨੈਕਸੀ ਹਾਲ ਵਿਖੇ ਆਪਦਾ ਵਿੱਚ ਵੀ ਪਰਿਵਾਰ ਨਿਯੋਜਨ ਦੀ ਤਿਆਰੀ,ਸੱਕਸ਼ਮ ਰਾਸ਼ਟਰ ਅਤੇ ਪਰਿਵਾਰ ਦੀ ਪੂਰੀ ਜਿੰਮੇਵਾਰੀ“ ਥੀਮ ਅਧੀਨ ਵਿਸ਼ਵ ਆਬਾਦੀ ਦਿਵਸ ਮਨਾਇਆ ਗਿਆ । ਸੈਮੀਨਾਰ ਦੌਰਾਨ ਡਾ. ਔਲ਼ਖ ਨੇ ਕਿਹਾ ਕਿ ਸਿਹਤ ਵਿਭਾਗ ਵੱਧ ਰਹੀ ਆਬਾਦੀ ਨੂੰ ਘਟਾਉਣ ਲਈ ਇਕ ਵਿਸ਼ੇਸ਼ ਪੰਦਰਵਾੜਾ ਮਿਤੀ 27 ਜੂਨ ਤੋਂ 24 ਜੁਲਾਈ ਤੱਕ ਮਨਾ ਰਿਹਾ ਹੈ। ਜਿਸ ਵਿੱਚ 27 ਜੂਨ ਤੋਂ 10 ਜੁਲਾਈ ਤੱਕ “ਜਾਗਰੂਕਤਾ ਪੰਦਰਵਾੜਾ ਗਿਆ ਅਤੇ 11 ਜੁਲਾਈ ਤੋਂ 24 ਜੁਲਾਈ ਤਕ “ਆਬਾਦੀ ਸਥਿਰਤਾ ਪੰਦਰਵਾੜਾ“ ਮਨਾ ਰਿਹਾ ਹੈ।
ਸੈਮੀਨਾਰ ਦੌਰਾਨ ਡਾ. ਔਲ਼ਖ ਨੇ ਕਿਹਾ ਕਿ ਆਬਾਦੀ ਦੇ ਲਗਾਤਾਰ ਵਧਣ ਕਾਰਣ ਸਾਡੇ ਸਮਾਜਿਕ ਢਾਂਚੇ ਦਾ ਤਾਣਾਬਾਣਾ ਵਿਗੜ ਰਿਹਾ ਹੈ, ਜੇਕਰ ਇਸ ਵਧ ਰਹੀ ਆਬਾਦੀ ਨੂੰ ਨਾ ਰੋਕਿਆ ਗਿਆ ਤਾਂ ਇਸ ਦੇ ਭਿਆਨਕ ਨਤੀਜੇ ਨਿਕਲਣਗੇ ਜੋ ਕਿ ਸਾਡੀ ਆਉਣ ਵਾਲੀ ਪੀੜ੍ਹੀ ਨੁੰ ਭੁਗਤਣੇ ਪੈਣਗੇ ਤੇ ਵੱਧ ਰਹੀ ਆਬਾਦੀ ਦਾ ਬੋਝ ਸਾਡੇ ਸਰੋਤਾਂ ਉਤੇ ਪੈ ਰਿਹਾ ਹੈ, ਜਿਸ ਕਾਰਣ ਅਸੀ ਸਭ ਜਾਣੇ ਜਾਂ ਅਣਜਾਣੇ ਤੌਰ ਤੇ ਇਸ ਦੀ ਲਪੇਟ ਵਿੱਚ ਆ ਰਹੇ ਹਾਂ। ਸਾਡੇ ਸਮਾਜ ਵਿੱਚ ਗਰੀਬੀ, ਭੁੱਖਮਰੀ, ਬੇਰੁਜਗਾਰੀ, ਮਹਿੰਗਾਈ ਆਦਿ ਸਭ ਅਲਾਮਤਾਂ ਦੀ ਜੜ ਤੇਜੀ ਨਾਲ ਵੱਧ ਰਹੀ ਆਬਾਦੀ ਹੈ, ਜਿਸ ਲਈ ਸਾਨੂੰ ਸਭ ਨੂੰ ਮਿਲਕੇ ਗੰਭੀਰਤਾ ਨਾਲ ਸੋਚਣ ਦੀ ਲੋੜ ਹੈ ।
ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ. ਨਵਜੋਤ ਪਾਲ ਸਿੰਘ ਭੁੱਲਰ ਨੇ ਕਿਹਾ ਕਿ ਜ਼ਿਲ੍ਹਾ ਬਰਨਾਲਾ ਵਿਖੇ ਮਿਤੀ 11 ਜੁਲਾਈ ਤੋਂ 24 ਜੁਲਾਈ ਤੱਕ ਵਿਸ਼ਵ ਆਬਾਦੀ ਪੰਦਰਵਾੜਾ ਮਨਾਇਆ ਜਾ ਰਿਹਾ ਹੈ, ਜਿਸ ਵਿੱਚ ਸਿਵਲ ਹਸਪਤਾਲ ਬਰਨਾਲਾ ਵਿਖੇ ਹਰ ਰੋਜ਼ ਨਲਬੰਦੀ ਅਤੇ ਨਸਬੰਦੀ ਦੇ ਅਪਰੇਸ਼ਨ ਕੀਤੇ ਜਾਣਗੇ । ਉਨ੍ਹਾਂ ਕਿਹਾ ਕਿ ਨਸਬੰਦੀ ਦਾ ਅਪਰੇਸ਼ਨ ਕਰਵਾਉਣ ਵਾਲੇ ਨੂੰ 1100/- ਰੁਪਏ ਹਰ ਵਰਗ ਲਈ ਸਹਾਇਤਾ ਰਾਸ਼ੀ ਵੱਜੋ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 200/- ਰੁਪਏ ਪ੍ਰਤੋਸ਼ਾਹਣ ਦੇ ਤੌਰ ਤੇ ਦਿੱਤੇ ਜਾਣਗੇ । ਇਸੇ ਤਰ੍ਹਾਂ ਨਲਬੰਦੀ ਦਾ ਅਪਰੇਸ਼ਨ ਕਰਵਾਉਣ ਵਾਲੀ ਨੂੰ 250/- ਰੁਪਏ ਜਨਰਲ ਵਰਗ ਅਤੇ 600/- ਰੁਪਏ ਐਸ.ਸੀ./ਐਸ.ਟੀ.ਅਤੇ ਬੀ.ਪੀ.ਐਲ ਵਰਗ ਨੂੰ ਸਹਾਇਤਾ ਰਾਸ਼ੀ ਵਜੋਂ ਦਿੱਤੇ ਜਾਣਗੇ ਅਤੇ ਕੇਸ ਲੈਕੇ ਆਉਣ ਵਾਲੇ ਮੋਟੀਵੇਟਰ ਨੂੰ 150/- ਰੁਪਏ ਪ੍ਰਤੋਸ਼ਾਹਣ ਦੇ ਤੌਰ ਤੇ ਦਿੱਤੇ ਜਾਣਗੇ ।
ਸੈਮੀਨਾਰ ਦੌਰਾਨ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਅਫ਼ਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ.ਕੋਆਰਡੀਨੇਟਰ ਵੱਲੋਂ ਸੈਮੀਨਾਰ ਵਿੱਚ ਹਾਜ਼ਰੀਨ ਨੂੰ ਵਿਸ਼ਵ ਆਬਾਦੀ ਦਿਵਸ ਨੂੰ ਸਮਰਪਿਤ ਇਸ ਪੰਦਰਵਾੜੇ ਸਬੰਧੀ ਜਾਗਰੂਕਤਾ ਦੀ ਅਹਿਮੀਅਤ ਬਾਰੇ ਦੱਸਿਆ ਅਤੇ ਹੋਰਨਾਂ ਨੂੰ ਇਸ ਸਬੰਧੀ ਵੱਧ ਤੋਂ ਵੱਧ ਜਾਗਰੂਕ ਕਰਨ ਬਾਰੇ ਪ੍ਰੇਰਿਤ ਕੀਤਾ ਗਿਆ।