ਸੋਮਵਾਰ 12 ਜੁਲਾਈ ਨੂੰ, ਧਨੌਲਾ ਵਿਖੇ ਧਰਨਾ ਤੇ ਪ੍ਰੈਸ ਕਾਨਫਰੰਸ ਕਰ ਕੇ ‘ਇਸ ਨੇਤਾ’ਦੇ ਪਾਜ ਉਘੇੜੇ ਜਾਣਗੇ: ਕਿਸਾਨ ਆਗੂ
ਕਿਸਾਨਾਂ ਨੇ ਏਪੀਐਮਸੀ ਮੰਡੀਆਂ ਨੂੰ ਇੱਕ ਲੱਖ ਕਰੋੜ ਦੀ ‘ਮਾਲੀ ਮਦਦ’ ਦੇ ਜੁਮਲੇ ਦੀ ਫੂਕ ਕੱਢੀ।
ਪਰਦੀਪ ਕਸਬਾ, ਬਰਨਾਲਾ: 10 ਜੁਲਾਈ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 283ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਬੁਲਾਰਿਆਂ ਨੇ ਪਿਛਲੇ ਦਿਨੀਂ ਬੀਜੇਪੀ ਨੇਤਾ ਹਰਜੀਤ ਗਰੇਵਾਲ ਵੱਲੋਂ ਕਿਸਾਨਾਂ ਲਈ ‘ਕਲੰਕ,ਅਰਾਜਕਤਾਵਾਦੀ ਅਨਸਰ ਅਤੇ ਨਕਸਲਵਾੜੀਏ ਆਦਿ ਲਕਬ ਵਰਤਣ ਦਾ ਗੰਭੀਰ ਨੋਟਿਸ ਲਿਆ ਅਤੇ ਇਸ ਦੀ ਸਖਤ ਨਿਖੇਧੀ ਕੀਤੀ। ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਅੰਦੋਲਨ ਮੂਹਰੇ ਨੈਤਿਕ ਪੱਖੋਂ ਹਾਰ ਚੁੱਕੀ ਬੀਜੇਪੀ ਲੀਡਰਸ਼ਿਪ ਪੂਰੀ ਤਰ੍ਹਾਂ ਬੌਖਲਾ ਗਈ ਹੈ। ਆਪਣੇ ਹੀ ਕਸਬੇ ਧਨੌਲੇ ਦੇ ਲੋਕਾਂ ਨਾਲੋਂ ਸਮਾਜਿਕ ਤੌਰ ‘ਤੇ ਪੂਰੀ ਤਰ੍ਹਾਂ ਅਲੱਗ ਥਲੱਗ ਪੈ ਕੇ ਇਸ ਨੇਤਾ ਨੂੰ,ਕਿਸਾਨਾਂ ਨੂੰ ਗਾਲ੍ਹਾਂ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਸੁੱਝ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਫੈਸਲਾ ਕੀਤਾ ਹੈ ਕਿ ਸੋਮਵਾਰ 12 ਜੁਲਾਈ ਨੂੰ ਇਸ ਬੜਬੋਲੇ ਨੇਤਾ ਖਿਲਾਫ ਧਨੌਲਾ ਵਿਖੇ ਧਰਨਾ ਦਿੱਤਾ ਜਾਵੇਗਾ ਅਤੇ ਪ੍ਰੈੱਸ ਕਾਨਫਰੰਸ ਕਰ ਕੇ ਇਸ ਨੇਤਾ ਦੀ ਅਸਲੀਅਤ ਦੇ ਪਾਜ ਉਘੇੜੇ ਜਾਣਗੇ।
ਅੱਜ ਧਰਨੇ ਨੂੰ ਬਲਵੰਤ ਸਿੰਘ ਉਪਲੀ, ਕਰਨੈਲ ਸਿੰਘ ਗਾਂਧੀ, ਦਰਸ਼ਨ ਸਿੰਘ ਉਗੋਕੇ,ਨਰੈਣ ਦੱਤ, ਹਰਜੀਤ ਸਿੰਘ ਸੰਘੇੜਾ, ਮਨਜੀਤ ਰਾਜ, ਬਾਬੂ ਸਿੰਘ ਖੁੱਡੀ ਕਲਾਂ, ਮੇਲਾ ਸਿੰਘ ਕੱਟੂ, ਪ੍ਰੇਮਪਾਲ ਕੌਰ, ਨੇਕਦਰਸ਼ਨ ਸਿੰਘ,ਕਾਕਾ ਸਿੰਘ ਫਰਵਾਹੀ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਪਿਛਲੇ ਦਿਨੀਂ ਕੇਂਦਰੀ ਖੇਤੀ ਮੰਤਰੀ ਤੋਮਰ ਨੇ ਸ਼ੋਸ਼ਾ ਛੱਡਿਆ ਕਿ ਏਪੀਐਮਸੀ ਮੰਡੀਆਂ ਦੀ ‘ਮਾਲੀ ਮਦਦ’ ਲਈ ਇੱਕ ਲੱਖ ਕਰੋੜ ਦਾ ਇੰਤਜ਼ਾਮ ਕੀਤਾ ਗਿਆ ਹੈ। ਮੰਡੀਆਂ ਲਈ ਕਰਜਾ ਦੇਣ ਦੀ ਪ੍ਰਕਿਰਿਆ’ ਵਿੱਚ ਕੀਤੀ ਨਿਗੂਣੀ ਤਬਦੀਲੀ ਨੂੰ ‘ਮਾਲੀ ਮਦਦ’ ਦਾ ਜੁਮਲਾ ਬਣਾ ਕੇ ਛੱਡ ਦਿੱਤਾ। ਮਹਿਜ਼ ਕਰਜੇ ਨੂੰ ‘ਗਰਾਂਟ’ ਦੀ ਤਰ੍ਹਾਂ ਪੇਸ਼ ਕੀਤਾ ਗਿਆ। ਕਿਸਾਨ ਕਰਜਾ ਨਹੀਂ ਮੰਗਦੇ, ਕਰਜੇ ਤੋਂ ਮੁਕਤੀ ਮੰਗਦੇ ਹਨ। ਕਿਸਾਨ ਸਰਕਾਰ ਦੇ ਜੁਮਲਿਆਂ ਦੀ ਅਸਲੀਅਤ ਨੂੰ ਬਾਖੂਬੀ ਸਮਝਦੇ ਹਨ। ਸਰਕਾਰ ਇਨ੍ਹਾਂ ਜੁਮਲਿਆਂ ਦਾ ਸਹਾਰਾ ਲੈਣਾ ਛੱਡੇ ਅਤੇ ਕਿਸਾਨਾਂ ਦੀਆਂ ਮੰਗਾਂ ਮੰਨਦੇ ਹੋਏ ਖੇਤੀ ਕਾਨੂੰਨ ਰੱਦ ਕਰੇ।
ਅੱਜ ਧਰਨੇ ਨੂੰ ਧਨੌਲੇ ਦੇ ਪਾਠਕ ਭਰਾਵਾਂ ਨੇ ਆਪਣੀ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ।