ਆਖਿਰ ਕਿਉਂ ਕੀਤੀ ਗ੍ਰੇ-ਮੈਟਰਸ ਆਈਲੈਟਸ ਇੰਸਟੀਚਿਊਟ ਦੇ ਮਾਲਿਕ ਨੇ ਆਤਮ ਹੱਤਿਆ ?

Advertisement
Spread information
ਹਰਿੰਦਰ ਨਿੱਕਾ /ਰਘਵੀਰ ਹੈਪੀ , ਬਰਨਾਲਾ 8 ਜੁਲਾਈ 2021
      ਮਾਲਵਾ ਖੇਤਰ ਅੰਦਰ ਪ੍ਰਸਿੱਧ ਗ੍ਰੇ-ਮੈਟਰਸ ਆਈਲੈਟਸ ਇੰਸਟੀਚਿਊਟ ਦੇ ਮਾਲਿਕ ਅਤੇ ਐਸੋਸੀਏਸ਼ਨ ਆੱਫ ਐਜੂਕੇਸ਼ਨ ਪ੍ਰੋਵਾਈਡਰ ਦੇ ਮਾਲਵਾ ਜੋਨ ਦੇ ਪ੍ਰਧਾਨ ਭਗਵੰਤ ਰਾਜ ਸ਼ਰਮਾ ਦੁਆਰਾ ਸ਼ੱਕੀ ਹਾਲਤਾਂ ਵਿੱਚ ਖੁਦ ਨੂੰ ਗੋਲੀ ਮਾਰ ਕੇ ਕੀਤੀ ਆਤਮਹੱਤਿਆ ਦੀ ਘਟਨਾ ਨੇ ਜਿੱਥੇ ਇਸ ਕਿੱਤੇ ਨਾਲ ਜੁੜੇ ਲੋਕਾਂ ਅੰਦਰ ਸੋਗ ਦੀ ਲਹਿਰ ਫੈਲਾ ਦਿੱਤੀ  ਹੈ , ਉੱਥੇ ਹੀ ਕਿੱਤੇ ਨਾਲ ਸਬੰਧਿਤ ਵਿਅਕਤੀਆਂ ਦੀਆਂ ਚਿੰਤਾਵਾਂ ਵਿੱਚ ਵਾਧਾ ਵੀ ਕਰ ਦਿੱਤਾ ਹੈ। ਉੱਧਲ ਮੁਕਾਮੀ ਪੁਲਿਸ ਲਈ ਆਤਮ ਹੱਤਿਆ ਦੇ ਕਾਰਣਾਂ ਦੀ ਪੜਤਾਲ ਲਈ ਵੱਡੀ ਚਣੌਤੀ ਵੀ ਖੜੀ ਕਰ ਦਿੱਤੀ ਹੈ। ਪੁਲਿਸ ਨੇ ਇਸ ਹਾਈਪ੍ਰੋਫਾਈਲ ਆਤਮ ਹੱਤਿਆ ਦੀ ਘਟਨਾ ਦੇ ਕਾਰਣਾਂ ਦੀ ਘੋਖ ਕਰਨ ਲਈ ਵੱਖ ਵੱਖ ਪਹਿਲੂਆਂ ਤੇ ਕੰਮ ਕਰਨਾ ਵੀ ਸ਼ੁਰੂ ਕਰ ਦਿੱਤਾ ਹੈ। ਸ਼ਹਿਰ ਦੇ ਬੱਸ ਸਟੈਂਡ ਰੋਡ ਤੇ ਪੈਂਦੇ 22 ਏਕੜ ਖੇਤਰ ਵਿੱਚ ਸਥਿਤ ਹੋਟਲ ਸੋਲੀਟੇਅਰ ਦੇ ਕਮਰੇ ਵਿੱਚ ਅੱਜ ਬਾਅਦ ਦੁਪਿਹਰ ਵਾਪਰੀ ਘਟਨਾ ਦੀ ਜਾਂਚ ਅਤੇ ਕਾਨੂੰਨੀ ਕਾਰਵਾਈ ਲਈ ਡੀਐਸਪੀ ਲਖਵੀਰ ਸਿੰਘ ਟਿਵਾਣਾ, ਅੰਡਰ ਟ੍ਰੇਨਿੰਗ ਡੀਐਸਪੀ ਵਿਸ਼ਵਜੀਤ ਸਿੰਘ ਮਾਨ, ਐਸ.ਆਈ. ਲਖਵਿੰਦਰ ਸਿੰਘ ਐਸਐਚਉ ਥਾਣਾ ਸਿਟੀ 1 ਬਰਨਾਲਾ,ਸੀਆਈਏ ਦੇ ਇੰਚਾਰਜ ਇੰਸਪੈਕਟਰ ਬਲਜੀਤ ਸਿੰਘ ਦੀ ਅਗਵਾਈ ਵਿੱਚ ਪੁਲਿਸ ਫੋਰਸ ਘਟਨਾ ਵਾਲੀ ਥਾਂ ਪਹੁੰਚ ਗਈ। ਜਿੰਨਾਂ ਮ੍ਰਿਤਕ ਦੀ ਫਾਰਚੂਨਰ ਗੱਡੀ ਕਬਜੇ ਵਿੱਚ ਲੈ ਲਈ ਅਤੇ  ਹੋਟਲ ਦੇ ਕਮਰੇ ਵਿੱਚ ਪਈ ਲਾਸ਼ ਨੂੰ ਅਤੇ ਆਲੇ ਦੁਆਲੇ ਦੇ ਹਾਲਤ ਦਾ ਨਿਰੀਖਣ ਸ਼ੁਰੂ ਕਰ ਦਿੱਤਾ। ਇਸੇ ਤਰਾਂ ਸੰਗਰੂਰ ਤੋਂ ਵਿਸ਼ੇਸ਼ ਤੌਰ ਤੇ ਬੁਲਾਈ ਮੋਬਾਈਲ ਫੋਰੈਂਸਿਕ  ਟੀਮ ਨੇ ਮ੍ਰਿਤਕ ਦਾ ਮੋਬਾਇਲ ਕਬਜੇ ਵਿੱਚ ਲੈ ਲਿਆ ਅਤੇ ਪਟਿਆਲਾ ਤੋਂ ਪਹੁੰਚੀ ਫੋਰੈਂਸਿਕ  ਟੀਮ ਦੇ ਮੈਂਬਰਾਂ ਨੇ ਕਮਰੇ ਅੰਦਰ ਪਈਆਂ ਵੱਖ ਵੱਖ ਵਸਤਾਂ/ਰਿਵਾਲਵਰ/ਮੋਬਾਇਲ ਆਦਿ ਦੇ ਫਿੰਗਰ ਪ੍ਰਿੰਟ ਲੈਣ ਦੀ ਕਵਾਇਦ ਵੀ ਸ਼ੁਰੂ ਕਰ ਦਿੱਤੀ। 
ਕਿਸ ਕਿਸ ਪਹਿਲੂ ਨੂੰ ਬਣਾਇਆ ਜਾ ਰਿਹੈ ਜਾਂਚ ਦਾ ਅਧਾਰ 
        ਮੋਗਾ ਜਿਲ੍ਹੇ ਦੇ ਪਿੰਡ ਵੱਡੇ ਰਾਊਕੇ ਦੇ ਵਾਸੀ ਭਗਵੰਤ ਰਾਜ ਸ਼ਰਮਾ ਦੀ ਆਤਮ ਹੱਤਿਆ ਦੇ ਕਾਰਣਾਂ ਦੀ ਜਾਂਚ ਲਈ ਪੁਲਿਸ ਨੇ ਭਗਵੰਤ ਰਾਜ ਦੇ ਫੋਨ ਦੀ ਕਾਲ ਡਿਟੇਲ ਵੀ ਖੰਗਾਲਣੀ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਅਨੁਸਾਰ ਆਤਮਹੱਤਿਆ ਦੇ ਸਮੇਂ ਭਗਵੰਤ ਰਾਜ ਦੀ ਉਸ ਦੇ ਫੋਨ ਤੇ ਕਿਸੇ ਨਾਲ ਗੱਲਬਾਤ ਹੋ ਰਹੀ ਸੀ। ਜਿਸ ਨਾਲ ਭਗਵੰਤ ਰਾਜ ਦੀ ਗੱਲਬਾਤ ਚੱਲ ਰਹੀ ਸੀ, ਉਸੇ ਨੇ ਹੀ ਭਗਵੰਤ ਰਾਜ ਦੀ ਗੱਡੀ ਦੇ ਡਰਾਇਵਰ ਸਤਨਾਮ ਸਿੰਘ ਨੂੰ ਤੁਰੰਤ ਹੋਟਲ ਵਿੱਚ ਪਹੁੰਚ ਜਾਣ ਲਈ ਕਿਹਾ। ਜਦੋਂ ਤੱਕ ਡਰਾਈਵਰ ਹੋਟਲ ਦੇ ਕਮਰੇ ਤੱਕ ਪਹੁੰਚਿਆਂ, ਉਦੋਂ ਤੱਕ ਭਗਵੰਤ ਰਾਜ ਦੀ ਮੌਤ ਹੋ ਚੁੱਕੀ ਸੀ। ਭਗਵੰਤ ਦਾ  ਮੋਬਾਇਲ ਉਸ ਦੇ ਮੋਢੇ ਕੋਲ ਪਿਆ ਸੀ ਅਤੇ ਰਿਵਾਲਵਰ ਬੈਡ ਤੇ ਡਿੱਗਿਆ ਹੋਇਆ ਮਿਲਿਆ। ਬੈਡ ਤੇ ਵਿਛੀ ਸਫੈਦ ਚਾਦਰ ਵੀ ਖੂਨ ਨਾਲ ਲੱਥਪੱਥ ਹੋਈ ਪਈ ਸੀ। 
 –ਗ੍ਰੇਮੈਟਰ ਦੇ ਦੋ ਹਿੱਸੇਦਾਰਾਂ ਦਰਮਿਆਨ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੇ ਝਗੜੇ ਨੂੰ ਵੀ ਪੁਲਿਸ ਘਟਨਾ ਦੀ ਜਾਂਚ ਵਿੱਚ ਸ਼ਾਮਿਲ ਕਰ ਰਹੀ ਹੈ। ਕਿਉਂਕਿ ਬਰਨਾਲਾ ਸ਼ਹਿਰ ਅੰਦਰ ਹੀ ਗ੍ਰੇਮੈਟਰ ਇੱਕੋ ਹੀ ਨਾਮ ਦੇ ਦੋ ਦਫਤਰ ਖੁੱਲ੍ਹੇ ਹੋਏ ਹਨ। ਇੱਨਾਂ ਵਿੱਚੋਂ ਇੱਕ ਦਾ ਮਾਲਿਕ ਭਗਵੰਤ ਰਾਜ ਅਤੇ ਦੂਜੇ ਦੀ ਮਾਲਿਕ ਚੰਡੀਗੜ੍ਹ ਵਾਸੀ ਸੋਨੀਆ ਧਵਨ ਹੈ। ਦੋਵਾਂ ਦਰਮਿਆਨ ਇੰਸਟੀਚਿਊਟ ਦੇ ਨਾਮ ਨੂੰ ਲੈ ਕੇ ਵੀ ਸ਼ਕਾਇਤਾਂ ਵੱਖ ਵੱਖ ਅਧਿਕਾਰੀਆਂ ਤੇ ਵਿਭਾਗਾਂ ਕੋਲ ਪੈਂਡਿੰਗ ਪਈਆਂ ਹਨ। ਦੋਵਾਂ ਇੰਸਟੀਚਿਊਟਾਂ ਦੇ ਦਫਤਰਾਂ ਤੇ ਬੇੱਸ਼ੱਕ ਗ੍ਰੇਮੈਟਰ ਹੀ ਲਿਖਿਆ ਹੋਇਆ ਹੈ। ਬੱਸ ਫਰਕ ਏ ਅਤੇ ਈ ਸ਼ਬਦ ਦਾ ਹੀ ਰੱਖਿਆ ਗਿਆ ਹੈ। ਭਗਵੰਤ ਰਾਜ ਦੇ ਦਫਤਰ ਤੇ GRAY MATTERS ਅਤੇ ਸੋਨੀਆ ਧਵਨ ਦੇ ਦਫਤਰ ਤੇ GREY MATTERS ਲਿਖਿਆ ਹੋਇਆ ਹੈ। ਦੋਵਾਂ ਨੇ ਹੀ 16 ਏਕੜ ਖੇਤਰ ਵਿੱਚ ਹੀ ਇੱਕ ਦੂਸਰੇ ਦਫਤਰ ਦੇ ਨਾਲ ਨਾਲ ਹੀ 4 ਦਫਤਰ ਯਾਨੀ 2/2 ਦਫਤਰ ਖੋਲ੍ਹ ਰੱਖੇ ਹਨ। ਪੁਲਿਸ ਦੋਵਾਂ ਦਰਮਿਆਨ ਚੱਲ ਰਹੇ ਝਗੜੇ ਕਾਰਣ ਭਗਵੰਤ ਰਾਜ ਤੇ ਮਾਨਸਿਕ ਤਣਾਅ ਦੇ ਮੁੱਦੇ ਨੂੰ ਵੀ ਮੱਦੇਨਜਰ ਰੱਖ ਕੇ ਚੱਲ ਰਹੀ ਹੈ।
– 4 ਜੂਨ 2021 ਦੀ ਭਗਵੰਤ ਰਾਜ ਦੀ ਵੀਡਿਉ ਤੇ ਵੀ ਜਾਂਚ ਟੀਮ ਦਾ ਧਿਆਨ ਕੇਂਦਰਿਤ
ਭਗਵੰਤ ਰਾਜ ਦੀ ਮੌਤ ਤੋਂ ਪਹਿਲਾਂ 4 ਜੂਨ ਨੂੰ ਮੀਡੀਆ ਕੋਲ ਦਿੱਤੀ ਗਈ ਇੰਟਰਵਿਊ ਵੀ ਖੁਫੀਆ ਏਜੰਸੀਆਂ ਨੇ ਗਹਿਰਾਈ ਨਾਲ ਸੁਣਨੀ ਸ਼ੁਰੂ ਕਰ ਦਿੱਤੀ ਹੈ। ਇਸ ਵੀਡੀਉ ਵਿੱਚ ਭਗਵੰਤ ਰਾਜ ਸਾਫ ਕਹਿ ਰਿਹਾ ਹੈ ਕਿ ਆਈਲੈਟਸ ਸੰਚਾਲਕ ਭੁੱਖਮਰੀ ਦੀ ਕਾਗਾਰ ਤੇ ਪਹੁੰਚੇ ਹੋਏ ਹਨ। ਜੇਕਰ ਸਰਕਾਰ ਨੇ ਲੌਕਡਾਊਨ ਦੇ ਦੌਰਾਨ ਬੰਦ ਕੀਤੇ ਆਈਲੈਟਸ ਸੈਂਟਰ ਇੱਕ ਮਹੀਨੇ ਦੇ ਅੰਦਰ ਅੰਦਰ ਨਾ ਖੋਲੇ ਤਾਂ ਲੁਧਿਆਣਾ ਵਿਖੇ ਇੱਕ ਜਿੰਮ ਸੰਚਾਲਕ ਦੁਆਰਾ ਕੀਤੀ ਆਤਮਹੱਤਿਆ ਦੀ ਤਰਾਂ ਬਰਨਾਲਾ ਵਿੱਚ ਵੀ ਕੋਈ ਆਈਲੈਟਸ ਸੰਚਾਲਕ ਆਤਮਹੱਤਿਆ ਦੇ ਰਾਹ ਪੈ ਸਕਦਾ ਹੈ। ਇਤਫਾਕਨ ਭਗਵੰਤ ਰਾਜ ਸ਼ਰਮਾਂ ਨੇ ਆਪਣੀ ਇੰਟਰਵਿਊ ਤੋਂ ਇੱਕ ਮਹੀਨਾ 4 ਦਿਨ ਬਾਅਦ ਖੁਦ ਹੀ ਗੋਲੀ ਮਾਰ ਕੇ ਆਤਮਹੱਤਿਆ ਕਰ ਲਈ। ਇਸ ਲਈ ਇਹ ਗੱਲ ਵੀ ਧਿਆਨ ਮੰਗਦੀ ਹੈ ਕਿ ਕਿਤੇ ਆਰਥਿਕ ਸੰਕਟ ਹੀ, ਉਸਦੀ ਆਤਮਹੱਤਿਆ ਦਾ ਕਾਰਣ ਨਾ ਬਣ ਗਿਆ ਹੋਵੇ। ਕੁੱਝ ਵੀ ਹੋਵੇ, ਭਗਵੰਤ ਰਾਜ ਦੀ ਆਤਮਹੱਤਿਆ ਨੇ ਪ੍ਰਸ਼ਾਸ਼ਨ ਤੇ ਸਰਕਾਰ ਲਈ ਵੱਡੀ ਮੁਸੀਬਤ ਖੜ੍ਹੀ ਕਰ ਦਿੱਤੀ ਹੈ। ਆਤਮਹੱਤਿਆ ਦੇ ਕਾਰਣਾਂ ਦਾ ਸੱਚ ਤਾਂ ਹੁਣ ਪੁਲਿਸ ਦੀ ਪੜਤਾਲ ਮੁਕੰਮਲ ਹੋਣ ਤੱਕ ਲੋਕਾਂ ਲਈ ਪਹੇਲੀ ਹੀ ਬਣਿਆ ਰਹੇਗਾ। 
ਵਾਰਿਸਾਂ ਦੀ ਜਿੱਦ ਨੂੰ ਪੁਲਿਸ ਨੇ ਠੁਕਰਾਇਆ,,,
       ਭਗਵੰਤ ਰਾਜ ਸ਼ਰਮਾਂ ਦੇ ਵਾਰਿਸਾਂ ਨੇ ਪੁਲਿਸ ਲਈ ਹੋਰ ਪ੍ਰੇਸ਼ਾਨੀ, ਉਦੋਂ ਖੜੀ ਕਰ ਦਿੱਤੀ, ਜਦੋਂ ਉਨਾਂ ਬਿਨਾਂ ਪੋਸਟਮਾਰਟਮ ਤੋਂ ਹੀ ਲਾਸ਼ ਦੇਣ ਦੀ ਜਿੱਦ ਫੜ੍ਹ ਲਈ। ਕਾਫੀ ਮੁਸ਼ਕਤ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਮ੍ਰਿਤਕ ਦੇ ਵਾਰਿਸਾਂ ਨੂੰ ਸਮਝਾਇਆ ਕਿ ਮੌਤ ਦੇ ਕਾਰਣਾਂ ਦੀ ਜਾਂਚ ਲਈ, ਪੋਸਟਮਾਰਟਮ ਕਰਵਾਉਣਾ ਅਹਿਮ ਜਰੂਰਤ ਹੈ। ਪੁਲਿਸ ਨੇ ਮ੍ਰਿਤਕ ਦੇ ਵਾਰਿਸਾਂ ਦੀ ਮੰਗ ਤੇ ਫਿਲਹਾਲ ਕੋਈ ਕੇਸ ਦਰਜ਼ ਨਾ ਕਰਕੇ, 174 ਸੀਆਰਪੀਸੀ ਤਹਿਤ ਕਾਨੂੰਨੀ ਕਾਰਵਾਈ ਕਰਨ ਲਈ ਸਹਿਮਤੀ ਦੇ ਦਿੱਤੀ ਹੈ। ਕਿਉਂਕਿ ਭਗਵੰਤ ਰਾਜ ਦੇ ਪੁੱਤਰ ਅਮਨਦੀਪ ਸ਼ਰਮਾ ਨੇ ਕਿਸੇ ਖਿਲਾਫ ਕੋਈ ਕਾਨੂੰਨੀ ਕਾਰਵਾਈ ਕਰਵਾਉਣ ਤੋਂ ਇੱਕ ਵਾਰ ਕੋਰਾ ਜੁਆਬ ਦੇ ਦਿੱਤਾ ਹੈ। ਮਾਮਲੇ ਦੇ ਤਫਤੀਸ਼ ਅਧਿਕਾਰੀ ਐਸਆਈ ਲਖਵਿੰਦਰ ਸਿੰਘ ਨੇ ਕਿਹਾ ਕਿ ਪੁਲਿਸ ਹਰ ਪਹਿਲੂ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ। ਜਾਂਚਲ ਉਪਰੰਤ ਜਿਹੋ ਜਿਹੇ ਹਾਲਤ ਤੇ ਤੱਥ ਸਾਹਮਣੇ ਆਉਣਗੇ,ਉਸੇ ਤਰਾਂ ਉਚਿਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਬਰਨਾਲਾ ਆਈਲੈਟਸ ਐਂਡ ਇੰਮੀਗ੍ਰੇਸ਼ਨ ਐਸੋਸੀਏਸ਼ਨ ਦੇ ਜਿਲ੍ਹਾ ਪ੍ਰਧਾਨ ਕੁਲਵਿੰਦਰ ਸਿੰਘ ਅਤੇ ਸਲਾਹਕਾਰ  ਸ਼ਿਵ ਸਿੰਗਲਾ ਨੇ ਭਗਵੰਤ ਰਾਜ ਦੀ ਮੌਤ ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਭਗਵੰਤ ਰਾਜ ਬਹੁਤ ਹੀ ਵਧੀਆ ਇਨਸਾਨ, ਕਿੱਤੇ ਨੂੰ ਸਮਰਪਿਤ  ਤੇ ਮਿਹਨਤੀ ਵਿਅਕਤੀ ਸੀ। ਜਿਹੜਾ ਮੁਸੀਬਤ ਦੇ ਸਮੇਂ ਹੋਰਨਾਂ ਲੋਕਾਂ ਨੂੰ ਵੀ ਹੌਸਲੇ ਤੇ ਦਿਲੇਰੀ ਨਾਲ ਰਹਿਣ ਲਈ ਹਰ ਸਮੇਂ ਪ੍ਰੇਰਦਾ ਸੀ। ਉਨ੍ਹਾਂ ਕਿਹਾ ਕਿ ਭਗਵੰਤ ਨੂੰ ਆਤਮ ਹੱਤਿਆ ਦੀ ਕੀ ਨੌਬਤ ਆਈ,ਸਮਝ ਤੋਂ ਬਾਹਰ ਹੈ।
Advertisement
Advertisement
Advertisement
Advertisement
Advertisement
error: Content is protected !!