ਸੜਕ ਵਿਚ ਆਟੋ ਖੜੇ ਕਰਕੇ ਕੀਤਾ ਰੋਹ ਦਾ ਪ੍ਰਗਟਾਵਾ
ਪਰਦੀਪ ਕਸਬਾ , ਨਵਾਂਸ਼ਹਿਰ 8 ਜੁਲਾਈ 2021
ਅੱਜ ਨਿਊ ਆਟੋ ਵਰਕਰਜ਼ ਯੂਨੀਅਨ (ਇਫਟੂ)ਵਲੋਂ ਨਵਾਂਸ਼ਹਿਰ ਵਿਖੇ ਡੀਜਲ , ਪੈਟਰੋਲ ,ਸੀ ਐਨ ਜੀ ,ਪੀ ਐਨ ਜੀ ਅਤੇ ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ ਸੰਯੁਕਤ ਕਿਸਾਨ ਮੋਰਚਾ ਦੇ ਸੱਦੇ ਉੱਤੇ ਸੜਕਾਂ ਉੱਤੇ ਆਟੋ ਖੜੇ ਕਰਕੇ ਜਬਰਦਸਤ ਰੋਸ ਪ੍ਰਦਰਸ਼ਨ ਕੀਤਾ ਜੋ ਸਵੇਰੇ 10 ਜੇ ਤੋਂ ਲੈਕੇ 12 ਵਜੇ ਤੱਕ ਜਾਰੀ ਰਿਹਾ ।ਇਸ ਮੌਕੇ ਨਿਊ ਆਟੋ ਵਰਕਰਜ਼ ਯੂਨੀਅਨ ਦੇ ਜਿਲਾ ਪ੍ਰਧਾਨ ਪੁਨੀਤ ਬਛੌੜੀ , ਜਿਲਾ ਮੀਤ ਪ੍ਰਧਾਨ ਬਿੱਲਾ ਗੁੱਜਰ,ਇਫਟੂ ਦੇ ਸੂਬਾ ਪ੍ਰੈਸ ਸਕੱਤਰ ਜਸਬੀਰ ਦੀਪ ਨੇ ਕਿਹਾ ਕਿ ਪੈਟਰੋਲ, ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਲਈ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਕੈਪਟਨ ਸਰਕਾਰ ਬਰਾਬਰ ਦੀਆਂ ਜਿੰਮੇਵਾਰ ਹਨ ਜੋ ਅੰਤਾਂ ਦਾ ਟੈਕਸ ਵਸੂਲ ਰਹੀਆਂ ਹਨ ਜਿਸ ਕਾਰਨ ਤੇਲ ਦੀਆਂ ਕੀਮਤਾਂ ਨੂੰ ਅੱਗ ਲੱਗੀ ਹੋਈ ਹੈ।ਪੈਟਰੋਲ ਅਤੇ ਡੀਜ਼ਲ ਦੇ ਮਹਿੰਗੇ ਹੋਣ ਨਾਲ ਢੋਆ-ਢੁਆਈ ਦੇ ਖਰਚੇ ਵੀ ਵੱਧ ਰਹੇ ਹਨ ਜਿਸ ਨਾਲ ਨਿੱਤ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵੀ ਤੇਜੀ ਨਾਲ ਉਛਾਲਾ ਮਾਰਦੀਆਂ ਹਨ।ਉਹਨਾਂ ਕਿਹਾ ਕਿ ਆਟੋ ਵਰਕਰ ਪਿਛਲੇ ਡੇਢ ਸਾਲ ਤੋਂ ਸਰਕਾਰਾਂ ਵੱਲੋਂ ਕਰੋਨਾ ਦੇ ਨਾਂਅ ਉੱਤੇ ਲਾਈਆਂ ਗਈਆਂ ਪਾਬੰਦੀਆਂ ਦਾ ਸੰਤਾਪ ਭੋਗ ਰਹੇ ਹਨ।ਉਹਨਾਂ ਦੇ ਕਾਰੋਬਾਰ ਉੱਤੇ ਭਾਰੀ ਸੱਟ ਵੱਜੀ ਹੈ।
ਉਹਨਾਂ ਕਿਹਾ ਕਿ ਸਰਕਾਰਾਂ ਦੀਆਂ ਨੀਤੀਆਂ ਕਾਰਨ ਆਟੋ ਚਾਲਕ ਬੈਂਕਾਂ ਦੀਆਂ ਕਿਸ਼ਤਾਂ ਨਹੀਂ ਦੇ ਸਕਦੇ, ਭਾਰੀ ਜੁਰਮਾਨੇ ਅਤੇ ਭਾਰੀ ਫੀਸਾਂ ਕਾਰਨ ਅਤੇ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਆਟੋ ਚਾਲਕਾਂ ਨੂੰ ਆਪਣੇ ਪਰਿਵਾਰ ਪਾਲਣੇ ਵੀ ਔਖੇ ਹੋ ਗਏ ਹਨ।
ਕੈਪਸ਼ਨ : ਆਟੋ ਵਰਕਰਾਂ ਵਲੋਂ ਨਵਾਂਸ਼ਹਿਰ ਵਿਖੇ ਰੋਸ ਵਜੋਂ ਸੜਕ ਵਿਚ ਆਟੋਆਂ ਦੀ ਲਾਈ ਹੋਈ ਲੰਮੀ ਕਤਾਰ।