ਚੋਅ ਦੇ ਦੋਵੇਂ ਪਾਸੇ ਬਣਾਈ ਜਾ ਰਹੀ ਹੈ ਸੈਰਗਾਹ; ਪ੍ਰੋਜੈਕਟ ਜਲਦ ਹੋਵੇਗਾ ਪੂਰਾ
ਵਿਧਾਇਕ ਕੁਲਜੀਤ ਸਿੰਘ ਨਾਗਰਾ ਨੇ ਲਿਆ ਪ੍ਰੋਜੈਕਟ ਦਾ ਜਾਇਜ਼ਾ
ਬੀ ਟੀ ਐਨ , ਫ਼ਤਹਿਗੜ੍ਹ ਸਾਹਿਬ, 06 ਜੁਲਾਈ
ਪੰਜਾਬ ਸਰਕਾਰ ਸੂਬੇ ਦੇ ਬਹੁਪੱਖੀ ਵਿਕਾਸ ਲਈ ਦਿਨ ਰਾਤ ਇਕ ਕਰ ਕੇ ਕੰਮ ਕਰ ਰਹੀ ਹੈ ਤੇ ਹਲਕਾ ਫ਼ਤਹਿਗੜ੍ਹ ਸਾਹਿਬ ਵਿੱਚ ਕਈ ਸੌ ਕਰੋੜ ਰੁਪਏ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨ੍ਹਾਂ ਵਿੱਚੋਂ ਵੱਡੀ ਗਿਣਤੀ ਮੁਕੰਮਲ ਹੋ ਚੁੱਕੇ ਹਨ। ਇਨ੍ਹਾਂ ਵਿਕਾਸ ਕਾਰਜਾਂ ਦੀ ਲੜੀ ਤਹਿਤ ਹੀ ਫ਼ਤਹਿਗੜ੍ਹ ਸਾਹਿਬ-ਸਰਹਿੰਦ ਵਿੱਚੋਂ ਲੰਘਦੇ ਸਰਹਿੰਦ ਚੋਅ ਦੀ ਮਜ਼ਬੂਤੀ ‘ਤੇ ਪਹਿਲਾਂ ਕਰੀਬ 05.50 ਕਰੋੜ ਰੁਪਏ ਖਰਚੇ ਗਏ ਹਨ ਤੇ ਹੁਣ 25 ਲੱਖ ਰੁਪਏ ਦੀ ਲਾਗਤ ਨਾਲ ਇਸ ਚੋਅ ਦੇ ਸੁੰਦਰੀਕਰਨ ਅਤੇ ਇਸ ਦੇ ਆਲੇ ਦੁਆਲੇ ਦੋਵੇਂ ਪਾਸੇ ਸੈਰਗਾਹ ਵਿਕਸਤ ਕਰਨ ਦਾ ਕੰਮ ਜੰਗੀ ਪੱਧਰ ਉਤੇ ਚੱਲ ਰਿਹਾ ਹੈ, ਜੋ ਕਿ ਛੇਤੀ ਹੀ ਮੁਕੰਮਲ ਕਰ ਲਿਆ ਜਾਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਸ. ਕੁਲਜੀਤ ਸਿੰਘ ਨਾਗਰਾ ਨੇ ਚੋਅ ਦੇ ਸੁੰਦਰੀਕਰਨ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦਿਆਂ ਕੀਤਾ। ਹਲਕਾ ਵਿਧਾਇਕ ਸ. ਨਾਗਰਾ ਨੇ ਦੱਸਿਆ ਕਿ ਸ਼ਾਨਦਾਰ ਸੈਰਗਾਹ ਵਿਕਸਤ ਕਰਨ ਤਹਿਤ ਚੋਅ ਦੇ ਦੋਵੇਂ ਪਾਸੇ ਵੱਖ-ਵੱਖ ਕਿਸਮ ਦੇ ਬੂਟੇ ਲਾਏ ਜਾ ਰਹੇ ਹਨ ਤੇ ਇੰਟਰਲੌਕ ਟਾਈਲਾਂ ਲਾ ਕੇ ਪਾਥ ਬਣ ਰਿਹਾ ਹੈ।
ਇਸ ਦੇ ਨਾਲ ਨਾਲ ਇੱਥੇ ਲੋਕਾਂ ਲਈ ਪਖਾਨੇ ਬਣਾਏ ਜਾਣਗੇ ਤੇ ਬੈਠਣ ਲਈ ਬੈਂਚ ਵੀ ਲਾਏ ਜਾਣਗੇ। ਇਸ ਪ੍ਰੋਜੈਕਟ ਸਦਕਾ ਸ਼ਹਿਰ ਵਾਸੀਆਂ ਨੂੰ ਸੈਰ ਕਰਨ ਲਈ ਸਾਫ਼ ਸੁਥਰੀ ਥਾਂ ਮਿਲੇਗੀ ਅਤੇ ਨਾਲ ਹੀ ਸ਼ਹਿਰ ਦੀ ਖੂਬਸੂਰਤੀ ਵਿੱਚ ਵਾਧਾ ਹੋਵੇਗਾ।
ਉਨ੍ਹਾਂ ਦੱਸਿਆ ਕਿ ਇਸ ਚੋਅ ਦੀ ਮਜ਼ਬੂਤੀ ਦੇ ਪ੍ਰੋਜੈਕਟ ਤੋਂ ਪਹਿਲਾਂ ਪਾਣੀ ਦੀ ਨਿਕਾਸੀ ਠੀਕ ਢੰਗ ਨਾਲ ਨਾ ਹੋਣ ਕਾਰਨ ਲੋਕਾਂ ਨੂੰ ਦਿੱਕਤਾਂ ਦਰਪੇਸ਼ ਸਨ, ਜਿਹੜੀਆਂ ਉਸ ਪ੍ਰੋਜੈਕਟ ਦੀ ਪੂਰਤੀ ਨਾਲ ਹੱਲ ਹੋਈਆਂ ਹਨ।
ਸ. ਨਾਗਰਾ ਨੇ ਕਿਹਾ ਕਿ ਜਿੱਥੇ ਇਤਿਹਾਸਕ ਅਹਿਮੀਅਤ ਸਦਕਾ ਫ਼ਤਹਿਗੜ੍ਹ ਸਾਹਿਬ ਦੀ ਦੁਨੀਆਂ ਭਰ ਵਿੱਚ ਇੱਕ ਵਿਲੱਖਣ ਪਛਾਣ ਹੈ ਉਥੇ ਹੁਣ ਵਿਕਾਸ ਪੱਖੋਂ ਵੀ ਫ਼ਤਹਿਗੜ੍ਹ ਸਾਹਿਬ ਦੀ ਨਿਵੇਕਲੀ ਪਛਾਣ ਬਣ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਪ੍ਰੋਜੈਕਟ ਦੇ ਨਾਲ-ਨਾਲ ਹੋਰ ਵੀ ਬਹੁਤ ਸਾਰੇ ਵਿਕਾਸ ਕਾਰਜ ਜਿਨ੍ਹਾਂ ਵਿੱਚ ਸੜਕਾਂ, ਪੁਰਾਤਨ ਇਮਾਰਤਾਂ ਦੀ ਸਾਂਭ ਸੰਭਾਲ, ਸੀਵਰੇਜ ਪ੍ਰੋਜੈਕਟ, ਸਟਰੀਟ ਲਾਈਟਾਂ ਆਦਿ ਦਾ ਕੰਮ ਵੀ ਜੰਗੀ ਪੱਧਰ ‘ਤੇ ਜਾਰੀ ਹੈ ਤੇ ਇਸ ਇਤਿਹਾਸਕ ਧਰਤੀ ਦੇ ਵਿਕਾਸ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਇਸ ਮੌਕੇ ਵਿਧਾਇਕ ਨਾਗਰਾ ਦੀ ਪਤਨੀ ਸ਼੍ਰੀਮਤੀ ਮਨਦੀਪ ਕੌਰ ਨਾਗਰਾ, ਐੱਸ.ਡੀ.ਐੱਮ ਸੰਜੀਵ ਕੁਮਾਰ, ਸੀਨੀਅਰ ਮੀਤ ਪ੍ਰਧਾਨ ਨਗਰ ਕੌਂਸਲ ਗੁਰਪ੍ਰੀਤ ਸਿੰਘ ਲਾਲੀ, ਕੌਂਸਲਰ ਜਗਜੀਤ ਸਿੰਘ ਕੋਕੀ, ਰਵਿੰਦਰ ਬਾਸੀ, ਗੁਰਜੀਤ ਲੋਂਗੀ, ਗੁਰਸ਼ਰਨ ਸਿੰਘ ਬੱਬੀ ਆਦਿ ਹਾਜ਼ਰ ਸਨ।