ਫਾਦਰ_ਸਟੇਨ_ਸੁਆਮੀ_ਦੇ_ਸਿਆਸੀ_ਕਤਲ_ਵਿਰੁੱਧ ਸੀ.ਪੀ.ਆਈ.(ਐੱਮ.-ਐੱਲ.) ਵਲੋਂ ਪੰਜਾਬ ਭਰ ਵਿੱਚ ਮੁਜ਼ਾਹਰੇ
ਬੀ ਟੀ ਐੱਨ , ਚੰਡੀਗੜ੍ਹ, 6 ਜੁਲਾਈ 2021
ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ)ਨਿਊ ਡੈਮੋਕ੍ਰੇਸੀ ਵਲੋਂ ਮਨੁੱਖੀ ਅਧਿਕਾਰਾਂ ਦੇ ਘੁਲਾਟੀਏ ਝਾੜਖੰਡ ਤੋਂ ਫਾਦਰ ਸਟੇਨ ਸਵਾਮੀ ਦੀ ਸਿਆਸੀ ਹੱਤਿਆ ਵਿਰੁੱਧ ਪੰਜਾਬ ਭਰ ਦੇ 10 ਜ਼ਿਲਿਆਂ ਵਿੱਚ ਮੁਜ਼ਾਹਰੇ ਕੀਤੇ ਗਏ।ਇਸ ਮੌਕੇ ਪਾਰਟੀ ਨੇ ਫਾਦਰ ਸਟੈਨ ਸਵਾਮੀ ਦੇ ਸਿਆਸੀ ਕਤਲ ਲਈ ਜ਼ਿੰਮੇਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਵਿਰੁੱਧ ਕਤਲ ਦਾ ਮੁਕੱਦਮਾ ਦਰਜ ਕਰਕੇ ਉਸਨੂੰ ਗਿਰਫ਼ਤਾਰ ਕਰਨ,ਜੇਲ੍ਹਾਂ ਵਿੱਚ ਬੰਦ ਬੁੱਧੀਜੀਵੀ, ਕਾਰਕੁੰਨ ਤੁਰੰਤ ਰਿਹਾਅ ਕਰਨ ਅਤੇ ਯੂਏਪੀਏ,124-ਏ ਤੇ ਹੋਰ ਬਸਤੀਵਾਦੀ ਕਾਲੇ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ ਹੈ।
ਇਸ ਮੌਕੇ ਪਾਰਟੀ ਦੇ ਸੀਨੀਅਰ ਸੂਬਾਈ ਆਗੂ ਕਾਮਰੇਡ ਅਜਮੇਰ ਸਿੰਘ ਅਤੇ ਕੁਲਵਿੰਦਰ ਸਿੰਘ ਵੜੈਚ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਸਟੇਨ ਸਵਾਮੀ ਦਾ ਸਿਆਸੀ ਕਤਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਤਾਂ ਮੋਦੀ ਸਰਕਾਰ ਵੱਲੋਂ ਆਪਣੀ ਪੁਲਸ ਅਤੇ ਖੁਫੀਆ ਤੰਤਰ ਰਾਹੀਂ ਭੀਮਾ ਕੋਰੇ ਗਾਓਂ ਮਾਮਲੇ ਵਿਚ ਝੂਠੇ ਕੇਸ ਮੜ੍ਹਕੇ ਫਾਦਰ ਸਟੇਨ ਸਵਾਮੀ ਨੂੰ ਜਾਣਬੁੱਝ ਕੇ ਫਸਾਇਆ ਗਿਆ।ਬਿਮਾਰ ਰਹਿਣ ਦੇ ਬਾਵਜੂਦ ਉਸਨੂੰ ਜਮਾਨਤ ਦੇਣ ਅਤੇ ਉਸਦਾ ਇਲਾਜ ਕਰਵਾਉਣ ਦੀ ਥਾਂ ਜੇਲ੍ਹ ਅੰਦਰ ਜਾਣਬੁੱਝ ਕੇ ਉਸਦੀ ਮੌਤ ਵਾਲੇ ਹਾਲਾਤ ਬਣਾਏ ਗਏ। ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ਉੱਤੇ ਐੱਨ.ਆਈ.ਏ. ਵਲੋਂ ਸਟੇਨ ਸਵਾਮੀ ਉੱਤੇ ਯੂ.ਏ.ਪੀ.ਏ. ਵਰਗੀਆਂ ਸੰਗੀਨ ਧਰਾਵਾਂ ਲਾਈਆਂ ਗਈਆਂ । ਉਨ੍ਹਾਂ ਕਿਹਾ ਕਿ ਸੁਆਮੀ ਜਲ,ਜੰਗਲ ਅਤੇ ਜ਼ਮੀਨ ਬਚਾਉਣ ਲਈ ਆਦਿਵਾਸੀ ਲੋਕਾਂ ਵਲੋਂ ਸਰਕਾਰ ਵਿਰੁੱਧ ਲੜੀ ਜਾ ਰਹੀ ਲੜਾਈ ਦੇ ਉਹ ਪੱਕੇ ਸਮਰਥਕ ਵੀ ਸਨ ਅਤੇ ਸੰਘਰਸ਼ਸ਼ੀਲ ਤਾਕਤਾਂ ਦੇ ਨਾਲ ਮੋਢੇ ਨਾਲ ਮੋਢਾ ਜੋੜਕੇ ਲੜਾਈ ਲੜਦੇ ਸਨ।
ਇਸ ਲਈ ਉਹ ਮੋਦੀ ਸਰਕਾਰ ਦੀਆਂ ਅੱਖਾਂ ਵਿਚ ਰੜਕਦੇ ਸਨ। ਪਾਰਟੀ ਨੇ ਜੇਲੀਂ ਡੱਕੇ ਬੁੱਧੀਜੀਵੀ ਰਿਹਾਅ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਪ੍ਰੋਫੈਸਰ ਜੀ ਐਨ ਸਾਈਂ ਬਾਬਾ ਅਤੇ ਹੋਰ ਕਈ ਬੁੱਧੀਜੀਵੀਆਂ ਦੀ ਸਿਹਤ ਚਿੰਤਾਜਨਕ ਹੈ।