ਪਾਈਪਲਾਈਨ ਦਾ ਕੰਮ 40 ਫ਼ੀਸਦੀ ਤੇ ਜਲ ਸੋਧਕ ਪਲਾਂਟਾਂ ਦਾ ਕੰਮ 30 ਫ਼ੀਸਦੀ ਤੋਂ ਉਪਰ ਹੋਇਆ
–ਮੁਕੰਮਲ ਹੋਣ ਬਾਅਦ 404 ਪਿੰਡਾਂ ਦੀ ਵੱਸੋਂ ਨੂੰ ਮਿਲੇਗਾ ਨਹਿਰ ਦਾ ਸੋਧਿਆ ਹੋਇਆ 6.9 ਕਰੋੜ ਲਿਟਰ ਪਾਣੀ ਰੋਜ਼ਾਨਾ
-ਮਿਥੇ ਸਮੇਂ ‘ਚ ਮੁਕੰਮਲ ਹੋਵੇਗਾ ਜਲ ਸਪਲਾਈ ਪ੍ਰਾਜੈਕਟ ਦਾ ਕੰਮ-ਜਨ ਸਿਹਤ ਵਿਭਾਗ
ਬਲਵਿੰਦਰਪਾਲ ਘਨੌਰ, ਰਾਜਪੁਰਾ, ਪਟਿਆਲਾ, 5 ਜੁਲਾਈ: 2921
ਨਹਿਰੀ ਪਾਣੀ ‘ਤੇ ਅਧਾਰਤ ਪੀਣ ਵਾਲਾ ਪਾਣੀ ਮੁਹੱਈਆ ਕਰਵਾਉਣ ਲਈ ਮੰਡੌਲੀ, ਪੱਬਰਾ ਤੇ ਨਾਨੋਵਾਲ ਵਿਖੇ ਉਸਾਰੀ ਅਧੀਨ ਨਹਿਰੀ ਪਾਣੀ ਵਾਲੇ ਜਲ ਸਪਲਾਈ ਪ੍ਰਾਜੈਕਟ ਤਹਿਤ ਜਲ ਸੋਧਕ ਪਲਾਂਟਾਂ ਅਤੇ ਜਲ ਸਪਲਾਈ ਪਾਈਪ ਲਾਈਨ ਵਿਛਾਉਣ ਦਾ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ ਅਤੇ ਇਸ ਪ੍ਰਾਜੈਕਟ ਨੂੰ ਮਿੱਥੇ ਸਮੇਂ ‘ਚ ਮੁਕੰਮਲ ਕੀਤਾ ਜਾਵੇਗਾ। ਇਹ ਪ੍ਰਗਟਾਵਾ ਪੇਂਡੂ ਜਲ ਸਪਲਾਈ ਅਤੇ ਸੈਨੀਟੇਸ਼ਨ (ਜਨ ਸਿਹਤ) ਵਿਭਾਗ ਦੇ ਅਧਿਕਾਰੀਆਂ ਨੇ ਅੱਜ ਇੱਥੇ ਕੀਤਾ।
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਇਹ ਸੁਪਨਮਈ ਪ੍ਰਾਜੈਕਟ, ਜਿਸਨੂੰ ਜਲਦ ਨੇਪਰੇ ਚਾੜ੍ਹਨ ਲਈ ਲੋਕ ਸਭਾ ਮੈਂਬਰ ਸ੍ਰੀਮਤੀ ਪ੍ਰਨੀਤ ਕੌਰ ਵੀ ਯਤਨਸ਼ੀਲ ਹਨ, ਘਨੌਰ, ਰਾਜਪੁਰਾ, ਸਨੌਰ ਅਤੇ ਫ਼ਤਹਿਗੜ੍ਹ ਸਾਹਿਬ ਦੇ ਖੇੜਾ ਬਲਾਕ ਅਧੀਨ ਪੈਂਦੇ 404 ਪਿੰਡਾਂ ਦੇ ਵਸਨੀਕਾਂ ਨੂੰ ਰੋਜ਼ਾਨਾ 6.9 ਕਰੋੜ ਲਿਟਰ ਸਾਫ਼-ਸੁਥਰਾ ਤੇ ਸ਼ੁੱਧ ਪੀਣ ਵਾਲਾ ਪਾਣੀ ਮੁਹੱਈਆ ਕਰਵਾਏਗਾ ਅਤੇ ਇਸ ਉਪਰ 474.03 ਕਰੋੜ ਰੁਪਏ ਦੀ ਲਾਗਤ ਆਵੇਗੀ।
ਇੱਥੇ ਇਹ ਜਿਕਰ ਕਰਨਾ ਯੋਗ ਹੋਵੇਗਾ ਕਿ ਇਨ੍ਹਾਂ ਪਿੰਡਾਂ ‘ਚ ਧਰਤੀ ਹੇਠਲਾ ਜਲ ਫਲੋਰਾਈਡ ਦੀ ਵੱਧ ਮਾਤਰਾ ਕਰਕੇ ਬੁਰੀ ਤਰ੍ਹਾਂ ਦੂਸ਼ਿਤ ਹੋ ਚੁੱਕਾ ਹੈ, ਜਿਸ ਕਰਕੇ ਪੰਜਾਬ ਸਰਕਾਰ ਨੇ ਇਨ੍ਹਾਂ ਬਲਾਕਾਂ ਦੇ ਵਸਨੀਕਾਂ ਨੂੰ ਸਾਫ਼-ਸੁਥਰਾ ਪੀਣ ਵਾਲਾ ਪਾਣੀ ਉਪਲਬੱਧ ਕਰਵਾਉਣ ਲਈ ਇਹ ਪ੍ਰਾਜੈਕਟ ਉਲੀਕਿਆ। ਜਿਸ ਤਹਿਤ ਤਿੰਨ ਜਲ ਸੋਧਕ ਪਲਾਂਟਾਂ ਦਾ 30 ਫ਼ੀਸਦੀ ਕੰਮ ਹੋ ਗਿਆ ਹੈ ਅਤੇ ਬਾਕੀ ਕੰਮ ਜੰਗੀ ਪੱਧਰ ‘ਤੇ ਚੱਲ ਰਿਹਾ ਹੈ। ਜਦੋਂਕਿ 623 ਕਿਲੋਮੀਟਰ ‘ਚੋਂ ਹੁਣ ਤੱਕ 253 ਕਿਲੋਮੀਟਰ ਡੀਆਈ ਪਾਈਪਲਾਈਨ ਵਿਛਾਈ ਜਾ ਚੁੱਕੀ ਹੈ।
ਇਹ ਪ੍ਰਾਜੈਕਟ ਜਨਵਰੀ 2023 ‘ਚ ਮੁਕੰਮਲ ਹੋਵੇਗਾ ਅਤੇ ਸਾਰੇ ਘਰਾਂ ਨੂੰ ਸਵੱਛ ਪਾਣੀ ਦੀ ਸਪਲਾਈ ਮੁਹੱਈਆ ਕਰਵਾਉਣੀ ਇਸ ਪ੍ਰਾਜੈਕਟ ਦਾ ਇੱਕੋ-ਇੱਕ ਮਨੋਰਥ ਹੈ। ਇਸ ਪ੍ਰਾਜੈਕਟ ਦੇ ਪੂਰਾ ਹੋਣ ਨਾਲ ਲੋਕਾਂ ਨੂੰ ਆਪਣੇ ਘਰਾਂ ‘ਚ ਕੋਈ ਆਰ.ਓ. ਨਹੀਂ ਲਗਾਉਣਾ ਪਵੇਗਾ ਅਤੇ ਬਹੁਤ ਹੀ ਘੱਟ ਲਾਗਤ ‘ਤੇ ਇਹ ਪਾਣੀ ਪਿੰਡਾਂ ਦੇ ਵਾਸੀਆਂ ਨੂੰ ਮਿਲੇਗਾ, ਜਿਸ ਨਾਲ ਲੋਕਾਂ ਦੀ ਸਿਹਤ ‘ਚ ਗੁਣਵੱਤਾ ਭਰਪੂਰ ਸੁਧਾਰ ਆਵੇਗਾ, ਕਿਉਂਕਿ ਇਸ ਪਾਣੀ ‘ਚ ਮਨੁੱਖੀ ਸਰੀਰ ਨੂੰ ਲੋੜੀਂਦੇ ਸਾਰੇ ਤੱਤ ਮੌਜੂਦ ਹੋਣਗੇ।
ਰਾਜਪੁਰਾ ਅਤੇ ਘਨੌਰ ਦੇ ਵਿਧਾਇਕਾਂ ਸ. ਹਰਦਿਆਲ ਸਿੰਘ ਕੰਬੋਜ ਅਤੇ ਸ੍ਰੀ ਮਦਨ ਲਾਲ ਜਲਾਲਪੁਰ, ਜਿਨ੍ਹਾਂ ਦੇ ਹਲਕਾ ਰਾਜਪੁਰਾ ਅਤੇ ਘਨੌਰ ਹਲਕਿਆਂ ਦਾ ਵੱਡਾ ਹਿੱਸਾ ਇਸ ਸ਼ੁੱਧ ਪਾਣੀ ਦੀ ਪੂਰਤੀ ਤੋਂ ਲਾਭ ਲਵੇਗਾ ਅਤੇ ਇਸੇ ਤਰ੍ਹਾਂ ਸ. ਹਰਿੰਦਰਪਾਲ ਸਿੰਘ ਹੈਰੀਮਾਨ, ਜਿਨ੍ਹਾਂ ਦੇ ਹਲਕਾ ਸਨੌਰ ਦੇ 69 ਪਿੰਡਾਂ ਨੂੰ ਇਸ ਪਾਣੀ ਤੋਂ ਲਾਭ ਮਿਲਣ ਵਾਲਾ ਹੈ, ਨੇ ਕਿਹਾ ਹੈ ਕਿ ਇਹ ਪ੍ਰਾਜੈਕਟ ਪੂਰਾ ਹੋਣ ‘ਤੇ ਲੋਕਾਂ ਦੇ ਜੀਵਨ ‘ਚ ਵੱਡੀ ਹਾਂ ਪੱਖੀ ਤਬਦੀਲੀ ਆਵੇਗੀ।
ਦਿਹਾਤੀ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਨੇ ਹੋਰ ਵਧੇਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੰਡੌਲੀ, ਪੱਬਰਾ ਅਤੇ ਨਾਨੋਵਾਲ ਦੇ ਜਲ ਸੋਧਕ ਪਲਾਂਟਾਂ ਦੀ ਉਸਾਰੀ ਦਾ ਕੰਮ ਪਹਿਲਾਂ ਹੀ ਸ਼ੁਰੂ ਹੋ ਚੁੱਕਾ ਹੈ ਅਤੇ 30 ਫ਼ੀਸਦੀ ਤੋਂ ਵਧੇਰੇ ਉਸਾਰੀ ਹੋ ਚੁੱਕੀ ਹੈ। ਉਨ੍ਹਾਂ ਕਿਹਾ ਕਿ ਮੰਡੌਲੀ ਪ੍ਰਾਜੈਕਟ ਲਈ ਅਰਨੌਲੀ ਡਿਸਟ੍ਰੀਬਿਊਟਰੀ, ਪੱਬਰਾ ਪ੍ਰਾਜੈਕਟ ਲਈ ਕੌਲੀ ਡਿਸਟ੍ਰੀਬਿਊਟਰੀ ਤੋਂ ਅਤੇ ਰਾਜਪੁਰਾ ਡਿਸਟ੍ਰੀਬਿਊਟਰੀ ਤੋਂ ਨਾਨੋਵਾਲ ਪ੍ਰਾਜੈਕਟ ਲਈ ਪਾਣੀ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੰਡੌਲੀ ਜਲ ਸੋਧਕ ਪਲਾਂਟ ਤੋਂ 204 ਪਿੰਡਾਂ ਨੂੰ ਰੋਜ਼ਾਨਾ 3.90 ਕਰੋੜ ਲਿਟਰ ਸੋਧਿਆ ਸਾਫ਼ ਪੀਣ ਵਾਲਾ ਪਾਣੀ ਮਿਲੇਗਾ। ਇਹ ਪਲਾਂਟ ਘਨੌਰ ਹਲਕੇ ਦੇ 146 ਪਿੰਡਾਂ, ਰਾਜਪੁਰਾ ਹਲਕੇ ਦੇ 12 ਅਤੇ ਸਨੌਰ ਹਲਕੇ ਦੇ 46 ਪਿੰਡਾਂ ਦੀ 3.65 ਲੱਖ ਵੱਸੋਂ ਨੂੰ ਲਾਭ ਪਹੁੰਚਾਏਗਾ।
ਪੱਬਰਾ ਜਲ ਸੋਧਕ ਪਲਾਂਟ ਤੋਂ ਰੋਜ਼ਾਨਾ 1.80 ਕਰੋੜ ਲਿਟਰ ਪੀਣ ਵਾਲਾ ਸਵੱਛ ਪਾਣੀ 112 ਪਿੰਡਾਂ ਦੀ 1.63 ਲੱਖ ਵੱਸੋਂ ਨੂੰ ਮਿਲੇਗਾ, ਜਿਨ੍ਹਾਂ ‘ਚ 25 ਪਿੰਡ ਘਨੌਰ, 62 ਪਿੰਡ ਰਾਜਪੁਰਾ ਅਤੇ 23 ਪਿੰਡ ਸਨੌਰ ਹਲਕੇ ਤੋਂ ਇਲਾਵਾ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵੀ 2 ਪਿੰਡ ਸ਼ਾਮਲ ਹਨ। ਨਾਨੋਵਾਲ ਟ੍ਰੀਟਮੈਂਟ ਪਲਾਂਟ ਤੋਂ 92 ਪਿੰਡਾਂ ਦੀ 0.87 ਲੱਖ ਵੱਸੋਂ ਨੂੰ ਰੋਜ਼ਾਨਾ 1.20 ਲਿਟਰ ਉਪਲਬੱਧ ਹੋਵੇਗਾ। ਇਸ ‘ਚ ਸਰਹਿੰਦ ਹਲਕੇ ਦੇ 69 ਪਿੰਡ ਅਤੇ ਬਸੀ ਪਠਾਣਾ ਹਲਕੇ ਦੇ ਵੀ 23 ਪਿੰਡ ਸ਼ਾਮਲ ਹੋਣਗੇ।
ਇਸ ਨਹਿਰੀ ਪਾਣੀ ਦੇ ਪ੍ਰਾਜੈਕਟ ਅਧੀਨ ਮੌਜੂਦਾ ਜਲ ਸਪਲਾਈ ਘਰਾਂ ਦੇ ਅੰਦਰੂਨੀ ਸੁਧਾਰ ਵੀ ਲਏ ਗਏ ਹਨ। ਜਲ ਸਪਲਾਈ ਦੀ ਵੰਡ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈ ਮੰਡੌਲੀ ਕਲਸਟਰ ਅਧੀਨ 171 ਕਿਲੋਮੀਟਰ ਪੀ.ਵੀ.ਸੀ. ਪਾਈਪ ਲਾਈਨ ਵਿਛਾਈ ਜਾਣੀ ਹੈ, ਜਿਸ ਨਾਲ 18342 ਘਰਾਂ ਨੂੰ ਨਵੇਂ ਜਲ ਸਪਲਾਈ ਕੁਨੈਕਸ਼ਨ ਇਨ੍ਹਾਂ ਪਿੰਡਾਂ ਦੇ ਵਾਸੀਆਂ ਨੂੰ ਦਿੱਤੇ ਜਾਣਗੇ। ਇਸੇ ਤਰ੍ਹਾਂ ਪੱਬਰਾ ਕਲਸਟਰ ਦੀ ਸਲਪਾਈ ਵੰਡ ਨੂੰ ਮਜਬੂਤ ਕਰਨ ਲਈ 9660 ਘਰਾਂ ਨੂੰ ਨਵੇ ਕੁਨੈਕਸ਼ਨ ਦਿੱਤੇ ਜਾਣਗੇ ਅਤੇ 117 ਕਿਲੋਮੀਟਰ ਲੰਮੀ ਪੀ.ਵੀ.ਸੀ. ਪਾਈਪਲਾਈਨ ਵਿਛਾਈ ਜਾਵੇਗੀ। ਜਦਕਿ ਨਾਨੋਵਾਲ ਕਲਸਟਰ ਦੇ 4500 ਘਰਾਂ ਨੂੰ ਨਵੇਂ ਕੁਨੈਕਸ਼ਨ ਦਿੱਤੇ ਜਾਣਗੇ ਅਤੇ ਇੱਥੇ 100.48 ਕਿਲੋਮੀਟਰ ਪੀ.ਵੀ.ਸੀ. ਪਾਈਪਲਾਈਨ ਪਾਈ ਜਾਵੇਗੀ, ਇਸ ਲਈ ਟੈਂਡਰ ਪ੍ਰਕ੍ਰਿਆ ਜਾਰੀ ਹੈ।
ਇਸ ਪ੍ਰਾਜੈਕਟ ਦੀ ਕੁਲ ਲਾਗਤ 47403 ਕਰੋੜ ਰੁਪਏ ਹੈ, ਜਿਸ ‘ਚ 377.92 ਕਰੋੜ ਰੁਪਏ ਮੁੱਖ ਢਾਂਚੇ ਦੀ ਲਾਗਤ ਹੈ ਜਦਕਿ 96.11 ਕਰੋੜ ਰੁਪਏ ਅਗਲੇ 10 ਸਾਲਾਂ ਦੌਰਾਨ ਇਸ ਪ੍ਰਾਜੈਕਟ ਨੂੰ ਚਲਾਉਣ ਤੇ ਸਾਂਭ-ਸੰਭਾਲ ਦੇ ਖ਼ਰਚੇ ਵਜੋਂ ਸ਼ਾਮਲ ਹਨ।
ਕਾਰਜਕਾਰੀ ਇੰਜੀਨੀਅਰ ਰਮਨਪ੍ਰੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਜਲ ਸੋਧਕ ਪਲਾਂਟਾਂ ਵਿੱਚੋਂ ਸੋਧਿਆ ਪਾਣੀ ਪਿੰਡਾਂ ‘ਚ ਮੌਜੂਦ ਜਲ ਘਰਾਂ ਰਾਹੀਂ ਹੀ ਸਪਲਾਈ ਕੀਤਾ ਜਾਵੇਗਾ, ਇਸ ਲਈ ਮੰਡੌਲੀ ਅਧੀਨ 315 ਕਿਲੋਮੀਟਰ ਡੀ.ਆਈ. ਪਾਈਪਲਾਈਨ ਵਿਛਾਈ ਜਾ ਰਹੀ ਹੈ। ਜਦੋਂਕਿ ਪਿੰਡ ਪੱਬਰਾ ਅਧੀਨ 176 ਕਿਲੋਮੀਟਰ ਡੀ.ਆਈ. ਪਾਈਪਲਾਈਨ ਅਤੇ ਪਿੰਡ ਨਾਨੋਵਾਲ ਅਧੀਨ 131 ਕਿਲੋਮੀਟਰ ਡੀ.ਆਈ. ਪਾਈਪਲਾਈਨ ਵਿਛਾਈ ਜਾ ਰਹੀ ਹੈ। ਇਹ ਪਾਈਪਾਂ ਵੱਖ-ਵੱਖ ਸੜਕਾਂ ਅਤੇ ਰਸਤਿਆਂ ਦੇ ਨਾਲੋ-ਨਾਲ ਪਾਈਆਂ ਰਹੀਆਂ ਹਨ ਅਤੇ 623 ਕਿਲੋਮੀਟਰ ਵਿੱਚੋਂ 253 ਕਿਲੋਮੀਟਰ ਵਿਛਾਈ ਵੀ ਜਾ ਚੁੱਕੀ ਹੈ।