ਪੰਜਾਬ ਵਿੱਚ ਬੇਰੁਜ਼ਗਾਰਾਂ ਨੇ ਫਲੈਕਸ ਮੁਹਿੰਮ ਭਖਾਈ
“ਦਿਓ ਜਵਾਬ, ਕੈਪਟਨ ਸਾਬ੍ਹ” ਰਾਹੀਂ ਸਰਕਾਰ ਨੂੰ ਕੀਤੇ ਸਵਾਲ
ਬੇਰੁਜ਼ਗਾਰ ਸਾਂਝੇ ਮੋਰਚੇ ਦਾ ਸੰਗਰੂਰ ਧਰਨਾ ਜਾਰੀ,
ਹਰਪ੍ਰੀਤ ਕੌਰ ਬਬਲੀ , ਸੰਗਰੂਰ , 3 ਜੁਲਾਈ 2021
ਕਾਂਗਰਸ ਸਰਕਾਰ ਦਾ ਘਰ -ਘਰ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤਾ ਦੇਣ ਦਾ ਵਾਅਦਾ ਸਰਕਾਰ ਦੇ ਗਲ਼ ਦੀ ਹੱਡੀ ਬਣਦਾ ਜਾ ਰਿਹਾ ਹੈ। ਇਸੇ ਵਾਅਦੇ ਦੀ ਦੁਹਾਈ ਪਾਉਂਦੇ, ਰੁਜ਼ਗਾਰ ਦੀ ਮੰਗ ਕਰਦੇ ਪੰਜਾਬ ਦੇ ਸਿੱਖਿਆ ਅਤੇ ਸਿਹਤ ਨਾਲ ਸਬੰਧਤ ਬੇਰੁਜ਼ਗਾਰ ਪਿਛਲੇ ਸਾਲ ਦੇ 31 ਦਸੰਬਰ ਤੋਂ ਜਿੱਥੇ ਸੰਗਰੂਰ ਵਿਖੇ ਸਿੱਖਿਆ ਮੰਤਰੀ ਦੀ ਕੋਠੀ ਨੂੰ ਘੇਰ ਕੇ ਬੈਠੇ ਹੋਏ ਹਨ, ਉੱਥੇ ਇਹਨਾਂ ਨੇ ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਤੋ ਪਹਿਲਾਂ ਹੀ ਵਿਰੋਧ ਦੀ ਲਹਿਰ ਚਲਾ ਦਿੱਤੀ ਹੈ।
ਪੰਜ ਬੇਰੁਜ਼ਗਾਰ (ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ, ਬੇਰੁਜ਼ਗਾਰ ਆਰਟ ਐਂਡ ਕਰਾਫਟ ਅਧਿਆਪਕ ਯੂਨੀਅਨ, ਬੇਰੁਜ਼ਗਾਰ ਮਲਟੀ ਪਰਪਜ਼ ਹੈਲਥ ਵਰਕਰ ਯੂਨੀਅਨ, ਆਲ ਪੰਜਾਬ 873 ਬੇਰੁਜ਼ਗਾਰ ਡੀ ਪੀ ਈ ਅਧਿਆਪਕ ਯੂਨੀਅਨ ਅਤੇ ਬੇਰੁਜ਼ਗਾਰ 646 ਪੀ ਟੀ ਆਈ ਅਧਿਆਪਕ ਯੂਨੀਅਨ) ਉੱਤੇ ਅਧਾਰਿਤ ਬੇਰੁਜ਼ਗਾਰ ਸਾਂਝੇ ਮੋਰਚੇ ਨੇ ਆਪਣੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੀ ਬਜਾਏ ਸੰਗਰੂਰ ਅਤੇ ਪਟਿਆਲਾ ਵਿਖੇ ਜਬਰ ਢਾਹੁਣ ਵਾਲੀ ਕਾਂਗਰਸ ਲਈ ਆਪਣੇ ਦਰਵਾਜੇ ਬੰਦ ਕਰ ਦਿੱਤੇ ਹਨ। ਬੇਰੁਜ਼ਗਾਰਾਂ ਨੇ “ਦਿਓ ਜਵਾਬ, ਕੈਪਟਨ ਸਾਬ੍ਹ” ਦੇ ਫਲੈਕਸ ਲਗਾ ਕੇ ਕਾਂਗਰਸੀ ਉਮੀਦਵਾਰਾਂ ਲਈ ਬੂਹੇ ਭੇੜ ਦਿੱਤੇ ਹਨ।
ਇਸ ਸਬੰਧੀ ਮੋਰਚੇ ਦੇ ਆਗੂਆਂ ਸੁੱਖਵਿੰਦਰ ਢਿੱਲਵਾਂ, ਜਗਸੀਰ ਘੁਮਾਣ, ਕ੍ਰਿਸ਼ਨ ਨਾਭਾ, ਹਰਜਿੰਦਰ ਝੁਨੀਰ ਅਤੇ ਸੁੱਖਦੇਵ ਜਲਾਲਾਬਾਦ ਨੇ ਦੱਸਿਆ ਕਿ ਜਿਲ੍ਹੇ ਅੰਦਰ ਘੁੱਦਾ, ਗੁਰਥੱੜੀ, ਪੱਕਾ ਕਲਾਂ, ਮਲਵਾਲਾ, ਮਾਨਵਾਲਾ, ਕੋਟਸ਼ਮੀਰ, ਨਸੀਬਪੁਰਾ, ਬਲੂਆਣਾ, ਗਿੱਲਪੱਤੀ, ਬੀਬੀਵਾਲਾ ਆਦਿ ਪਿੰਡਾਂ ਵਿੱਚ ਯੁੱਧਜੀਤ ਸਿੰਘ, ਗੁਰਪ੍ਰੀਤ ਸਿੰਘ, ਗੁਰਪ੍ਰੀਤ ਸਰਾਂ, ਪਰਵੀਨ ਕੌਰ, ਤਜਿੰਦਰ ਸਿੰਘ, ਕੁਲਵੰਤ ਸਿੰਘ, ਗੁਰਮੁੱਖ ਸਿੰਘ, ਅਮਰਜੀਤ ਸਿੰਘ, ਅਮਨਪ੍ਰੀਤ ਕੌਰ, ਸੁਰਿੰਦਰ ਕੌਰ ਆਦਿ ਬੇਰੁਜ਼ਗਾਰਾਂ ਵੱਲੋਂ ਫਲੈਕਸ ਲਗਾ ਦਿੱਤੇ ਗਏ ਹਨ।
ਬੇਰੁਜ਼ਗਾਰਾਂ ਨੇ ਦੋਸ਼ ਲਗਾਏ ਕਿ ਸਰਕਾਰ ਘਰ-ਘਰ ਨੌਕਰੀ ਦੇ ਵਾਅਦੇ ਤੋਂ ਮੁੱਕਰ ਚੁੱਕੀ ਹੈ। ਸਿੱਖਿਆ ਮੰਤਰੀ ਬੇਰੁਜ਼ਗਾਰ ਅਧਿਆਪਕਾਂ ਨੂੰ ਨੌਕਰੀ ਦੀ ਬਜਾਏ ਲੱਚਰ ਗਾਲਾਂ ਕੱਢ ਰਹੇ ਹਨ। ਉਹਨਾਂ ਦੀ ਸੰਗਰੂਰ ਵਿਚਲੀ ਕੋਠੀ ਅੰਦਰ ਉਹ 184 ਦਿਨਾਂ ਤੋ ਨਹੀਂ ਆ ਰਹੇ, ਉੱਥੇ ਬੇਰੁਜ਼ਗਾਰ ਮੋਰਚਾ ਲਗਾ ਕੇ ਬੈਠੇ ਹੋਏ ਹਨ। ਮੋਤੀ ਮਹਿਲ ਪਟਿਆਲਾ ਅੱਗੇ ਰੁਜ਼ਗਾਰ ਦੀ ਮੰਗ ਲੈਕੇ ਜਾਂਦੇ ਬੇਰੁਜ਼ਗਾਰਾਂ ਨੂੰ ਛੱਲੀਆਂ ਵਾਂਗ ਕੁੱਟਿਆ ਜਾਂਦਾ ਹੈ। ਜਿਸਦੀ ਉਦਾਹਰਣ 11 ਅਪ੍ਰੈਲ, 25 ਅਪ੍ਰੈਲ, 8 ਜੂਨ ਅਤੇ 30 ਜੂਨ ਨੂੰ ਬੇਰੁਜ਼ਗਾਰਾਂ ਉੱਤੇ ਹੋਏ ਭਿਆਨਕ ਲਾਠੀਚਾਰਜ ਤੋ ਮਿਲਦੀ ਹੈ। ਬੇਰੁਜ਼ਗਾਰਾਂ ਦੀ ਮੰਗ ਹੈ ਕਿ ਸਿਹਤ ਅਤੇ ਸਿੱਖਿਆ ਵਿਭਾਗ ਵਿੱਚ ਖਾਲੀ ਸਾਰੀਆਂ ਅਸਾਮੀਆਂ ਉਪਰ ਉਮਰ ਹੱਦ ਵਿੱਚ ਛੋਟ ਦੇ ਕੇ ਭਰਤੀ ਕੀਤਾ ਜਾਵੇ। ਡੀ ਪੀ ਈ ਅਧਿਆਪਕਾਂ ਦੇ ਪਿਛਲੇ ਇਸ਼ਤਿਹਾਰ ਵਿੱਚ 1000 ਪੋਸਟਾਂ ਹੋਰ ਜੋੜੀਆਂ ਜਾਣ ਅਤੇ 646 ਪੀ ਟੀ ਆਈ ਅਧਿਆਪਕਾਂ ਦੀ ਮੈਰਿਟ ਸੂਚੀ ਜਾਰੀ ਕਰਕੇ ਨਿਯੁਕਤ ਕੀਤਾ ਜਾਵੇ। ਟੈਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕਾਂ ਲਈ ਘੱਟੋ ਘੱਟ 15000 ਅਸਾਮੀਆਂ, ਵੱਡੀ ਪੱਧਰ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਸਮੇਤ ਉਰਦੂ, ਸੰਗੀਤ ਅਤੇ ਸੰਸਕ੍ਰਿਤ ਜਾਰੀ ਕੀਤੀਆਂ ਜਾਣ।