ਨਗਰ ਕੌਂਸਲ ਦੀ ਮੀਟਿੰਗ ਵਿੱਚ ਕੌਂਸਲਰ ਦੇਣਗੇ ਆਪਣੀ ਆਪਣੀ ਰਾਇ, ਬੈਡਮਿੰਟਨ ਗਰਾਉਂਡ ਜਾਂ ਫਾਇਰ ਬ੍ਰਿਗੇਡ ਦੀ ਸ਼ਾਖਾ
ਹਰਿੰਦਰ ਨਿੱਕਾ , 2 ਜੁਲਾਈ 2021
ਸ਼ਹਿਰ ਅੰਦਰੋਂ ਲੰਘਦੇ ਧਨੌਲਾ ਰੋਡ ਤੇ ਸਥਿਤ ਪੁਰਾਣੀ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਜਗ੍ਹਾ ਦੀ ਕਿਸਮਤ ਦਾ ਫੈਸਲਾ ਹੁਣ ਤੋਂ ਥੋੜੇ ਸਮੇਂ ਬਾਅਦ ਹੀ ਨਗਰ ਕੌਂਸਲ ਦੇ ਕੌਂਸਲਰ ਕਰ ਦੇਣਗੇ। ਕੌਂਸਲ ਦੀ ਅੱਜ ਹੋ ਰਹੀ ਮੀਟਿੰਗ ਦੇ ਅਜੰਡੇ ਵਿੱਚ ਪ੍ਰਸਤਾਵ ਰੱਖਿਆ ਗਿਆ ਹੈ ਕਿ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਜਗ੍ਹਾ ਤੇ ਬੈਡਮਿੰਟਨ ਗਾਰਉਂਡ ਬਣਾਉਣ ਦੀ ਪ੍ਰਵਾਨਗੀ ਦੇ ਦਿੱਤੀ ਜਾਵੇ। ਪਰੰਤੂ ਕੌਂਸਲ ਦੇ ਪਿਛਲੇ ਹਾਊਸ ਵਿੱਚ ਸ਼ਹਿਰ ਦੇ ਰੇਲਵੇ ਲਾਇਨ ਤੋਂ ਬਾਹਰਲੇ ਇਲਾਕੇ ਦੇ ਕੁਝ ਕੌਂਸਲਰਾਂ ਨੇ ਇਸ ਥਾਂ ਤੇ ਫਾਇਰ ਬ੍ਰਿਗੇਡ ਦੀ ਦੂਜੀ ਸ਼ਾਖਾ ਬਣਾਉਣ ਦੀ ਮੰਗ ਵੀ ਰੱਖੀ ਗਈ ਸੀ। ਪਰੰਤੂ ਉਹ ਵੀ ਕਿਸੇ ਤਣ ਪੱਤਣ ਨਹੀਂ ਲੱਗੀ ਸੀ। ਅੱਜ ਫਿਰ ਕੁੱਝ ਕੌਂਸਲਰ ਮੀਟਿੰਗ ਵਿੱਚ ਲਾਇਨੋਂ ਪਾਰ ਇਲਾਕੇ ਦੇ ਲੋਕਾਂ ਨੂੰ ਅੱਗ ਦੀਆਂ ਘਟਨਾਵਾਂ ਸਮੇਂ ਆਉਂਦੀਆਂ ਮੁਸ਼ਕਿਲਾਂ ਨੂੰ ਦੂਰ ਕਰਨ ਲਈ, ਇਸ ਜਗ੍ਹਾ ਤੇ ਫਾਇਰ ਬ੍ਰਿਗੇਡ ਦੀ ਸ਼ਾਖਾ ਬਣਾਉਣ ਦੀ ਮੰਗ ਵੀ ਕਰਨਗੇ।
ਅਜ਼ਾਦ ਕੌਂਸਲਰ ਜੁਗਰਾਜ ਸਿੰਘ ਪੰਡੋਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਪਿਛਲੇ ਹਾਊਸ ਵਿੱਚ ਵੀ ਧਰਮ ਸਿੰਘ ਅਤੇ ਲਾਲੀ ਕੌਂਸਲਰਾਂ ਨੇ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਜਗ੍ਹਾ ਤੇ ਫਾਇਰ ਬ੍ਰਿਗੇਡ ਦੀ ਸ਼ਾਖਾ ਬਣਾਉਣ ਦਾ ਪ੍ਰਸਤਾਵ ਰੱਖਿਆ ਗਿਆ ਸੀੇ। ਪੰਡੋਰੀ ਨੇ ਕਿਹਾ ਕਿ ਮੈਂ ਅੱਜ ਵੀ ਇਹੋ ਮਹਿਸੂਸ ਕਰਦਾ ਹਾਂ ਕਿ ਸ਼ਹਿਰ ਦੇ ਲਾਇਨੋ ਪਾਰ ਯਾਨੀ ਬਾਹਰੀ ਖੇਤਰਾਂ ਵਿੱਚ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਪਹੁੰਚਣ ਵਿੱਚ ਸ਼ਹਿਰ ਦੀ ਟ੍ਰੈਫਿਕ ਕਾਰਨ ਕਾਫੀ ਦੇਰ ਲੱਗ ਜਾਂਦੀ ਹੈ, ਇਸ ਲਈ ਫਾਇਰ ਬ੍ਰਿਗੇਡ ਦੀ ਸ਼ਾਖਾ ਬਣਾਉਣਾ ਬੇਹੱਦ ਜਰੂਰੀ ਹੈ।
ਉੱਧਰ ਨਗਰ ਕੌਂਸਲ ਦੇ ਸਾਬਕਾ ਮੀਤ ਪ੍ਰਧਾਨ ਮਹੇਸ਼ ਕੁਮਾਰ ਲੋਟਾ ਨੇ ਕਿਹਾ ਕਿ ਲੋਕਾਂ ਦੀ ਲੋੜ ਫਾਇਰ ਬ੍ਰਿਗੇਡ ਦੀ ਇੱਕ ਹੋਰ ਸ਼ਾਖਾ ਪੀ.ਆਰ.ਟੀ.ਸੀ. ਵਰਕਸ਼ਾਪ ਵਾਲੀ ਜਗ੍ਹਾ ਤੇ ਬਣਾ ਦੇਣ ਦੀ ਜਰੂਰਤ ਹੈ। ਉਨਾਂ ਕਿਹਾ ਕਿ ਨਗਰ ਕੌਂਸਲ ਕੋਲ ਹਿਸ ਜਗ੍ਹਾ ਤੋਂ ਇਲਾਵਾ ਰਾਏਕੋਟ ਰੋਡ, ਧਨੌਲਾ ਰੋਡ ਅਤੇ ਇਸ ਖੇਤਰ ਵਿੱਚ ਕੋਈ ਹੋਰ ਜਗ੍ਹਾ ਹੀ ਨਹੀਂ ਹੈ। ਇਸ ਲਈ ਸਮੇਂ ਦੀ ਲੋੜ ਹੈ ਕਿ ਪੀ.ਆਰ.ਟੀ.ਸੀ. ਵਰਕਸ਼ਾਪ ਦੀ ਜਗ੍ਹਾ ਤੇ ਫਾਇਰ ਬ੍ਰਿਗੇਡ ਦੀ ਦੂਜੀ ਸ਼ਾਖਾ ਬਣਾ ਦਿੱਤੀ ਜਾਵੇ। ਉਨਾਂ ਕਿਹਾ ਕਿ ਬੇਸ਼ੱਕ ਬੱਚਿਆਂ ਦੇ ਖੇਡਾਂ ਲਈ ਗਾਰਉਂਡ ਵੀ ਜਰੂਰੀ ਹੈ, ਪਰੰਤੂ ਗਰਾਉਂਡ ਤਾਂ ਸ਼ਹਿਰ ਦੇ ਸਕੂਲਾਂ ਵਿੱਚ ਵੀ ਪਹਿਲਾਂ ਵੀ ਬਣੇ ਹਨ, ਹੋਰ ਵੀ ਬਣਾਏ ਜਾ ਸਕਦੇ ਹਨ। ਹੁਣ ਦੇਖਣਾ ਹੋਵੇਗਾ ਕਿ ਅੱਜ ਦੀ ਮੀਟਿੰਗ ਵਿੱਚ ਕੌਂਸਲਰ ਬੈਡਮਿੰਟਨ ਗਰਾਉਂਡ ਬਣਾਉਣ ਤੇ ਮੋਹਰ ਲਾਉਂਦੇ ਹਨ ਜਾਂ ਫਿਰ ਲੋਕਾਂ ਦੀ ਮੁਸੀਬਤ ਸਮੇਂ ਸਹਾਰਾ ਬਣਨ ਵਾਲੇ ਫਾਇਰ ਬ੍ਰਿਗੇਡ ਸ਼ਾਖਾ ਨੂੰ ਤਰਜ਼ੀਹ ਦੇਣਗੇ।