100 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਸੁਪਰਸਪੈਸ਼ਲਿਟੀ ਹਸਪਤਾਲ ਬਰਨਾਲਾ , ਪੰਜਾਬ ਦਾ ਦੂਜਾ ਵੱਡਾ ਅਧੁਨਿਕ ਸਹੂਲਤਾਂ ਵਾਲਾ ਹੋਊ ਹਸਪਤਾਲ – ਕੇਵਲ ਸਿੰਘ ਢਿੱਲੋਂ
ਕੇਵਲ ਸਿੰਘ ਢਿੱਲੋਂ ਨੇ ਸ਼ਹਿਰ ਦੇ ਵੱਖ ਵੱਖ ਖੇਤਰਾਂ ‘ਚ ਕੀਤਾ ਵਿਕਾਸ ਕੰਮਾਂ ਦਾ ਉਦਘਾਟਨ
ਹਰਿੰਦਰ ਨਿੱਕਾ, ਬਰਨਾਲਾ 30 ਜੂਨ 2021
ਸਾਬਕਾ ਵਿਧਾਇਕ ਅਤੇ ਕਾਂਗਰਸ ਦੇ ਸੂਬਾਈ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਨੇ ਲੱਖਾਂ ਰੁਪਏ ਦੀ ਲਾਗਤ ਨਾਲ ਸ਼ਹਿਰ ਦੇ ਵੱਖ ਵੱਖ ਖੇਤਰਾਂ ਵਿੱਚ ਹੋਣ ਵਾਲੇ ਵਿਕਾਸ ਕੰਮਾਂ ਦਾ ਉਦਘਾਟਨ ਕੀਤਾ। ਹਿਸ ਮੌਕੇ ਉਨਾਂ ਨਾਲ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਮੱਖਣ ਸ਼ਰਮਾਂ, ਨਗਰ ਕੌਂਸਲ ਬਰਨਾਲਾ ਦੇ ਪ੍ਰਧਾਨ ਗੁਰਜੀਤ ਸਿੰਘ ਰਾਮਣਵਾਸੀਆ , ਮੀਤ ਪ੍ਰਧਾਨ ਨਰਿੰਦਰ ਗਰਗ ਨੀਟਾ, ਧਨੌਲਾ ਮਾਰਕਿਟ ਕਮੇਟੀ ਦੇ ਚੇਅਰਮੈਨ ਜੀਵਨ ਕੁਮਾਰ, ਸੀਨੀਅਰ ਕਾਂਗਰਸੀ ਆਗੂ ਹਰਵਿੰਦਰ ਸਿੰਘ ਚਹਿਲ, ਜਸਮੇਲ ਸਿੰਘ ਡੇਅਰੀਵਾਲਾ, ਨਰਿੰਦਰ ਸ਼ਰਮਾ ਤੇ ਹੋਰ ਆਗੂ ਮੌਜੂਦ ਰਹੇ। ਕੇਵਲ ਸਿੰਘ ਢਿੱਲੋਂ ਨੇ ਟਰੱਸਟ ਦਫਤਰ ਵਿੱਚ ਕੀਤੀ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਉਨਾਂ ਪਟੇਲ ਨਗਰ ਇਲਾਕੇ ਵਿੱਚ 35 ਲੱਖ ਦੀ ਲਾਗਤ ਨਾਲ ਪ੍ਰੀਮਿਕਸ ਪਾਉਣ ਦਾ ਕੰਮ ਸ਼ੁਰੂ ਕਰਵਾਇਆ ਹੈ। ਇਸੇ ਤਰਾਂ ਸ਼ਹਿਰ ਦੀ 25 ਏਕੜ ਕਲੋਨੀ ਵਿੱਚ ਟਾਇਲਾਂ ਅਤੇ ਪਾਰਕ ਦਾ ਕੰਮ ਸ਼ੁਰੂ ਕਰਵਾਇਆ ਹੈ, ਇਸ ਕੰਮ ਤੇ ਵੀ ਕਰੀਬ 71 ਲੱਖ ਰੁਪਏ ਖਰਚ ਹੋਣਗੇ। ਢਿੱਲੋਂ ਨੇ ਕਿਹਾ ਕਿ 1 ਕਰੋੜ 6 ਲੱਖ ਰੁਪਏ ਨਾਲ ਨੇਪਰੇ ਚੜ੍ਹਨ ਵਾਲੇ ਉਕਤ ਕੰਮ ਬਹੁਤ ਛੇਤੀ ਹੀ ਪੂਰੇ ਕਰ ਦਿੱਤੇ ਜਾਣਗੇ । ਢਿੱਲੋਂ ਨੇ ਟਰੱਸਟ ਅਤੇ ਕੌਂਸਲ ਦੇ ਅਧਿਕਾਰੀਆਂ ਨੂੰ ਕਿਹਾ ਕਿ ਕੰਮ ਕਵਾਲਿਟੀ ਦੇ ਪੱਖ ਤੋਂਂ ਅੱਵਲ ਦਰਜੇ ਦਾ ਕੰਮ ਕਰੋ, ਸਰਕਾਰ ਦੀ ਨੀਤੀ ਅਨੁਸਾਰ , ਉਹ ਭ੍ਰਿਸ਼ਟਾਚਾਰ ਦੀ ਜੀਰੋ ਟੌਲਰੈਂਸ ਦੀ ਪਾਲਿਸੀ ਤੇ ਕੰਮ ਕਰਨ, ਵਿਕਾਸ ਕੰਮਾਂ ਵਿੱਚ ਭ੍ਰਿਸ਼ਟਾਚਾਰ ਕਿਸੇ ਵੀ ਸੂਰਤ ਵਿੱਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਵਿਰੋਧੀਆਂ ਨੂੰ ਵੰਗਾਰਿਆ, ਦਿਉ ਆਪਣੇ ਕੀਤੇ ਵਿਕਾਸ ਕੰਮਾਂ ਦਾ ਲੇਖਾ
ਕੇਵਲ ਸਿੰਘ ਢਿੱਲੋਂ ਨੇ ਆਪਣੇ ਵਿਰੋਧੀਆਂ ਨੂੰ ਵੰਗਾਰਦਿਆਂ ਕਿਹਾ ਕਿ ਤੁਸੀਂ ਆਪਣੇ ਵੱਲੋਂ ਕੀਤੇ ਵਿਕਾਸ ਕੰਮਾਂ ਦਾ ਲੇਖਾ ਜੋਖਾ ਲੋਕ ਕਚਿਹਰੀ ਵਿੱਚ ਰੱਖੋ, ਤਾਂਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਤੁਸੀਂ ਵਿਕਾਸ ਦੇ ਮੁੱਦੇ ਤੇ ਕਿਸ ਪਾਏਦਾਨ ਤੇ ਖੜ੍ਹੇ ਹੋ। ਢਿੱਲੋਂ ਨੇ ਕਿਹਾ ਅਕਾਲੀ ਅਤੇ ਆਮ ਆਦਮੀ ਪਾਰਟੀ ਵਾਲਿਆਂ ਨੇ ਸ਼ਹਿਰ ਅੰਦਰ ਹੀ ਨਹੀਂ, ਜਿਲ੍ਹੇ ਦੇ ਵਿਕਾਸ ਕੰਮਾਂ ਵਿੱਚ ਕੋਈ ਯੋਗਦਾਨ ਨਹੀਂ ਪਾਇਆ, ਦੋਵਾਂ ਪਾਰਟੀਆਂ ਦਾ ਜ਼ੋਰ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਤੇ ਹੀ ਲੱਗਿਆ ਹੋਇਆ ਹੈ।
ਸੁਪਰਸਪੈਸ਼ਲਿਟੀ ਹਸਪਤਾਲ ਦਾ 15 ਦਿਨਾਂ ਵਿੱਚ ਸ਼ੁਰੂ ਕਰਵਾਵਾਂਗੇ ਕੰਮ- ਢਿੱਲੋਂ
ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਬਰਨਾਲਾ ਇਲਾਕੇ ਅੰਦਰ ਸੁਪਰਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਬਣਾਉਣਾ ਮੇਰੀ ਜਿੱਦ ਸੀ, ਜਿਸ ਨੂੰ ਹੁਣ ਪੂਰਾ ਕੀਤਾ ਜਾ ਰਿਹਾ ਹੈ। ਉਨਾਂ ਦੱਸਿਆ ਕਿ ਮੈਂ ਗੱਲਾਂ ਨਹੀਂ, ਕੰਮ ਕਰਨ ਵਿੱਚ ਭਰੋਸਾ ਰੱਖਦਾ ਹਾਂ, ਹੁਣ 100 ਕਰੋੜ ਰੁਪਏ ਦੀ ਲਾਗਤ ਨਾਲ ਬਰਨਾਲਾ-ਬਠਿੰਡਾ ਮੁੱਖ ਸੜਕ ਮਾਰਗ ਤੇ ਸਥਿਤ ਹੰਡਿਆਇਆ ਨੇੜੇ ਸ਼ੁਰੂ ਹੋਣ ਵਾਲੇ ਸੁਪਰਸਪੈਸ਼ਲਿਟੀ ਹਸਪਤਾਲ ਅਤੇ ਟਰਾਮਾ ਸੈਂਟਰ ਲਈ ਸਰਕਾਰ ਨੇ 40 ਕਰੋੜ ਰੁਪਏ ਦੀ ਰਾਸ਼ੀ ਜਾਰੀ ਵੀ ਕਰ ਦਿੱਤੀ ਹੈ। 15 ਦਿਨਾਂ ਦੇ ਅੰਦਰ ਅੰਦਰ ਹਸਪਤਾਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਢਿੱਲੋਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਦੋਂ ਵਿਰੋਧੀ ਪਾਰਟੀਆਂ ਦੇ ਆਗੂ ਤੁਹਾਡੇ ਕੋਲ ਆਉਣ ਤਾਂ ਉਨਾਂ ਤੋਂ ਇਲਾਕੇ ਦੇ ਵਿਕਾਸ ਵਿੱਚ ਪਾਏ ਉਨਾਂ ਦੇ ਯੋਗਦਾਨ ਬਾਰੇ ਸਵਾਲ ਜਰੂਰ ਪੁੱਛੋ।