1855 ਦੇ ਕਬਾਇਲੀ ਵਿਦਰੋਹ ਦੀ ਯਾਦ ‘ਚ ‘ਹੂਲ ਕਰਾਂਤੀ ਦਿਵਸ’ ਮਨਾਇਆ; ਕਬਾਇਲੀ ਲੋਕਾਂ ਨੂੰ ਸਮਰਥਨ ਦਾ ਭਰੋਸਾ ਦਿਵਾਇਆ।
ਧਨੌਲੇ ਦੇ ਪਾਠਕ ਭਰਾਵਾਂ ਦੀ ਕਿਤਾਬ’ਉਠੋ ਓਏ ਧਰਤੀ ਦੇ ਜਾਇਉ’ ਰਲੀਜ਼ ਕੀਤੀ।
ਪਰਦੀਪ ਕਸਬਾ , ਬਰਨਾਲਾ: 30 ਜੂਨ, 2021
ਬੱਤੀ ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 273ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਅੱਜ ਦੇ ਦਿਨ ਸੰਨ 1855 ਵਿੱਚ ਸੰਥਾਲ ਪਰਗਨਾ ਇਲਾਕੇ ਦੇ 400 ਪਿੰਡਾਂ ਦੇ 50000 ਕਬਾਇਲੀ ਲੋਕਾਂ ਨੇ ਸਾਹਿਬ ਗੰਜ ਜਿਲ੍ਹੇ ਦੇ ਭੋਗਨਾਡੀਹ ਪਿੰਡ ਵਿੱਚ ਇਕੱਠੇ ਹੋ ਕੇ ਅੰਗਰੇਜ਼ਾਂ ਨੂੰ ਲਾਗਾਨ ਨਾ ਦੇਣ ਦਾ ਐਲਾਨ ਕੀਤਾ ਸੀ। ਤਦ ਤੋਂ ਇਸ ਵਿਦਰੋਹ ਨੂੰ ‘ਹੂਲ ਕਰਾਂਤੀ’ ਵਜੋਂ ਯਾਦ ਕੀਤਾ ਜਾਂਦਾ ਹੈ। ਭਾਵੇਂ 1857 ਦੇ ਗਦਰ ਨੂੰ ਭਾਰਤ ਦੀ ਆਜਾਦੀ ਦੀ ਪਹਿਲੀ ਲੜਾਈ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਝਾਰਖੰਡ ਦੇ ਕਬਾਇਲੀ ਲੋਕਾਂ ਨੇ ਇਸ ਗਦਰ ਤੋਂ ਦੋ ਸਾਲ ਪਹਿਲਾਂ ,1855 ਵਿੱਚ ਹੀ ‘ਹੂਲ ਕਰਾਂਤੀ’ ਰਾਹੀਂ ਆਜ਼ਾਦੀ ਦਾ ਬਿਗਲ ਬਜਾ ਦਿੱਤਾ ਸੀ। ਬਸਤੀ ਵਾਦੀ ਅੰਗਰੇਜ ਸ਼ਾਸ਼ਕਾਂ ਤੋਂ ਇਲਾਵਾ ਉਨ੍ਹਾਂ ਦਾ ਵਿਦਰੋਹ ਜਾਗੀਰਦਾਰਾਂ ਤੇ ਸ਼ਾਹੂਕਾਰਾਂ ਦੇ ਵੀ ਵਿਰੁੱਧ ਸੀ।ਅੱਜ ਦਾ ਧਰਨਾ ਇਸ ਕਬਾਇਲੀ ਵਿਦਰੋਹ ‘ਹੂਲ ਕਰਾਂਤੀ’ ਨੂੰ ਸਮਰਪਿਤ ਕੀਤਾ ਅਤੇ ਇਸ ਵਿਦਰੋਹ ਦੇ ਲੋਕ- ਨਾਇਕਾਂ ਨੂੰ ਸਿਜਦਾ ਕੀਤਾ ਗਿਆ। ਕਬਾਇਲੀ ਲੋਕਾਂ ਨੂੰ ਸਮਰਥਨ ਦਾ ਭਰੋਸਾ ਦਿਵਾਇਆ।
ਧਰਨੇ ਨੂੰ ਮਨਜੀਤ ਧਨੇਰ, ਬਲਵੰਤ ਸਿੰਘ ਉਪਲੀ,ਗੁਰਨਾਮ ਸਿੰਘ ਠੀਕਰਾਵਾਲਾ, ਗੁਰਦੇਵ ਸਿੰਘ ਮਾਂਗੇਵਾਲ, ਪ੍ਰੇਮਪਾਲ ਕੌਰ, ਮੇਲਾ ਸਿੰਘ ਕੱਟੂ, ਹਰਚਰਨ ਸਿੰਘ ਚੰਨਾ, ਗੁਰਮੇਲ ਸ਼ਰਮਾ, ਯਾਦਵਿੰਦਰ ਸਿੰਘ ਚੌਹਾਨਕੇ, ਗੁਰਦਰਸ਼ਨ ਸਿੰਘ ਦਿਉਲ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਾਨੂੰ ਹੂਲ ਕਰਾਂਤੀ ਦੇ ਕਬਾਇਲੀ ਯੋਧਿਆਂ ਦੀਆਂ ਕੁਰਬਾਨੀਆਂ ਤੋਂ ਪ੍ਰੇਰਨਾ ਲੈ ਕੇ ਆਪਣੇ ਅੰਦੋਲਨ ਨੂੰ ਅੱਗੇ ਵਧਾਉਣਾ ਚਾਹੀਦਾ ਹੈ।
ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ( ਡਕੌਂਦਾ) ਦੇ ਸੀਨੀਅਰ ਮੀਤ ਪ੍ਰਧਾਨ ਮਨਜੀਤ ਧਨੇਰ ਨੇ ਕਿਹਾ ਕਿ ਹੁਣ ਝੋਨੇ ਦੀ ਬਿਜਾਈ ਹੋ ਚੁੱਕੀ ਹੈ। ਸੋ ਦਿੱਲੀ ਵੱਲ ਵਹੀਰਾਂ ਘੱਤ ਕੇ ਉਥੋਂ ਦੇ ਧਰਨਿਆਂ ‘ਚ ਹਾਜਰੀ ਵਧਾਉ। ਜੋਸ਼ ਦੇ ਨਾਲ ਨਾਲ ਹੋਸ਼ ਵੀ ਕਾਇਮ ਰੱਖਣ ਦੀ ਲੋੜ ਹੈ। ਬੀਜੇਪੀ ਨੇਤਾਵਾਂ ਵਿੱਚ ਦਿਸ ਰਹੀ ਬੌਖਲਾਹਟ ਸਾਡੇ ਅੰਦੋਲਨ ਦੀ ਮਜ਼ਬੂਤੀ ਦੀ ਨਿਸ਼ਾਨੀ ਹੈ। ਸਰਕਾਰ ਸਾਡੇ ਅੰਦੋਲਨ ਨੂੰ ਬਦਨਾਮ ਕਰਨ ਲਈ ਹਰ ਹਥਕੰਡਾ ਵਰਤ ਰਹੀ ਹੈ ਪਰ ਇਸ ਸਭ ਦੇ ਬਾਵਜੂਦ ਅੰਦੋਲਨ ਹਰ ਦਿਨ ਮਜਬੂਤ ਹੋ ਰਿਹਾ ਹੈ।
ਸੀਨੀਅਰ ਕਿਸਾਨ ਆਗੂ ਮਨਜੀਤ ਧਨੇਰ ਨੇ ਧਨੌਲੇ ਦੇ ਪਾਠਕ ਭਰਾਵਾਂ ਦੀ ਕਿਤਾਬ ‘ ਉਠੋ ਓਏ ਧਰਤੀ ਦੇ ਜਾਇਉ’ ਰਲੀਜ਼ ਕੀਤੀ। ਇਸ ਮੌਕੇ ਪਾਠਕ ਭਰਾਵਾਂ ਨੇ ਆਪਣੀ ਬੀਰਰਸੀ ਕਵੀਸ਼ਰੀ ਰਾਹੀਂ ਪੰਡਾਲ ‘ਚ ਜੋਸ਼ ਭਰਿਆ। ਜਗਰੂਪ ਠੁੱਲੀਵਾਲ ਤੇ ਜਗਦੀਸ਼ ਲੱਧਾ ਨੇ ਗੀਤ ਸੁਣਾਏ।