ਪਿੰਡਾਂ ਦੀ ਪੰਚਾਇਤਾਂ ਨੂੰ ਬੰਜ਼ਰ ਜ਼ਮੀਨਾਂ ’ਚ ਮੱਛੀ ਪਾਲਣਾ ਦਾ ਕਿੱਤਾ ਅਪਨਾਉਣ ਦਾ ਸੱਦਾ
ਹਰਪ੍ਰੀਤ ਕੌਰ ਬਬਲੀ , ਸੰਗਰੂਰ, 29 ਜੂਨ: 2021
ਮੱਛੀ ਪਾਲਣ ਦਾ ਧੰਦਾ ਆਪਣਾ ਕੇ ਬੇਰੁਜ਼ਗਾਰ ਨੌਜਵਾਨ ਆਪਣੀ ਆਰਥਿਕ ਸਥਿਤੀ ਨੂੰ ਮਜ਼ਬੂਤ ਕਰ ਸਕਦੇ ਹਨ। ਇਨਾਂ ਵਿਚਾਰਾਂ ਦਾ ਪ੍ਰਗਟਾਵਾ ਸਹਾਇਕ ਕਮਿਸ਼ਨਰ ਸਿਕਾਇਤਾ ਕਮ ਐਸ.ਡੀ.ਐਮ. ਦਿੜਬਾ ਸ਼੍ਰੀਮਤੀ ਸਿਮਰਪ੍ਰੀਤ ਕੌਰ ਨੇ ਪਿੰਡ ਘਾਬਦਾਂ ਦੀ ਪੰਚਾਇਤੀ ਜ਼ਮੀਨ ਵਿਚ ਕਰੀਬ 60 ਏਕੜ ਵਿਚ ਬਣੇ ਮੱਛੀ ਤਲਾਬਾਂ ਦਾ ਜਾਇਜ਼ਾਂ ਲੈਣ ਮੌਕੇ ਕੀਤਾ।
ਐਸ.ਡੀ.ਐਮ ਸਿਮਰਪ੍ਰੀਤ ਕੌਰ ਨੇ ਂ ਪਿੰਡ ਘਾਬਦਾਂ ਵਿਖੇ ਮੱਛੀ ਪਾਲਕਾਂ ਤੋਂ ਮੱਛੀ ਪਾਲਣ ਤਲਾਬਾਂ ਦੀ ਬਣਤਰ, ਮੱਛੀ ਪੂੰਗ ਦੀ ਸਟਾਕਿੰਗ, ਮੱਛੀ ਤਲਾਬਾਂ ਵਿਚ ਵਰਤੀ ਜਾਂਦੀ ਖਾਦ ਖੁਰਾਕ ਅਤੇ ਆਕਸੀਜਨ ਵਧਾਊ ਯੰਤਰਾਂ ਬਾਰੇ ਜਾਣਕਾਰੀ ਲਈ। ਉਨਾਂ ਪਿੰਡ ਘਾਬਦਾਂ ਦੀ ਤਰਜ ਤੇ ਹੋਰਨਾਂ ਪੰਚਾਇਤਾਂ ਨੂੰ ਵੀ ਬੰਜਰ ਜਾਂ ਖਾਲੀ ਪਈਆਂ ਜ਼ਮੀਨਾਂ ਨੂੰ ਮੱਛੀ ਪਾਲਣ ਦੇ ਧੰਦੇ ਲਈ ਵਰਤੋਂ ਵਿਚ ਲਿਆਉਣ ਦਾ ਸੁਨੇਹਾ ਦਿੱਤਾ ਤਾਂ ਜੋ ਇਨਾਂ ਵਾਧੂ ਜਾਂ ਬੰਜਰ ਜ਼ਮੀਨਾਂ ਤੋਂ ਪੰਚਾਇਤਾਂ ਦੀ ਆਮਦਨ ਵਿਚ ਵਾਧਾ ਹੋ ਸਕੇ ਅਤੇ ਬੇਰੁਜ਼ਗਾਰ ਨੌਜਵਾਨਾ ਇਨਾਂ ਜ਼ਮੀਨਾਂ ਤੋਂ ਰੋਜ਼ਗਾਰ ਪ੍ਰਾਪਤ ਕਰ ਸਕਣ।
ਇਸ ਮੌਕੇ ਸਹਾਇਕ ਡਾਇਰੈਕਟਰ ਮੱਛੀ ਪਾਲਣ ਚਰਜਨਜੀਤ ਸਿੰਘ ਅਤੇ ਮੁੱਖ ਕਾਰਜਕਾਰੀ ਅਫ਼ਸਰ ਮੱਛੀ ਪਾਲਣ ਵਿਕਾਸ ਏਜੰਸੀ ਰਾਕੇਸ਼ ਕੁਮਾਰ ਵੱਲੋਂ ਮੱਛੀ ਪਾਲਣ ਵਿਭਾਗ ਵੱਲੋਂ ਮੱਛੀ ਪਾਲਕਾਂ ਨੂੰ ਦਿੱਤੀਆਂ ਜਾਂਦੀਆਂ ਸਹੂਲਤਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਮਾਸਟਰ ਗੁਰਜੀਤ ਸਿੰਘ, ਪਰਮਜੀਤ ਸਿੰਘ ਮੁੰਦਰੀ ਅਤੇ ਗਗਨਦੀਪ ਸਿੰਘ ਵੱਲੋਂ ਵੀ ਆਪਣੇ ਵਿਚਾਰ ਸਾਂਝੇ ਕੀਤੇ ਗਏ।