-ਡੀਸੀ ਫੂਲਕਾ ਖੁਦ ਪਹੁੰਚੇ ਹਸਪਤਾਲ ਸੌਪੀਆਂ ਪੀਈਪੀ ਕਿੱਟਾਂ
ਹਰਿੰਦਰ ਨਿੱਕਾ ਬਰਨਾਲਾ 2020
ਕਹਿੰਦੇ ਹਨ ਕਿ ਦੁੱਖ ਹੋਵੇ ਤਾਂ ਕੋਠੇ ਚੜਕੇ ਦੱਸੋ ਕੋਈ ਨਾ ਕੋਈ ਹੱਲ ਜਰੂਰ ਨਿੱਕਲ ਆਊਂਦੈ। ਇਹੀ ਕੁੱਝ ਮੰਗਲਵਾਰ ਸਵੇਰੇ ਉਦੋਂ ਦੇਖਣ ਨੂੰ ਮਿਲਿਆ ਜਦੋਂ ਕਈ ਦਿਨ ਤੋਂ ਬਿਨਾਂ ਕਿੱਟਾਂ ਦੇ ਹੀ ਕੋਰੋਨਾ ਦੇ ਵਿਰੁੱਧ ਜੰਗ ਵਿੱਚ ਨਿੱਤਰੇ ਸਿਹਤ ਕਰਮਚਾਰੀਆਂ ਨੇ ਕਿੱਟਾਂ ਨਾ ਹੋਣ ਦਾ ਦੁੱਖ ਸਿਵਲ ਸਰਜ਼ਨ ਗੁਰਿੰਦਰਬੀਰ ਸਿੰਘ ਨੂੰ ਉਹਨਾਂ ਦੇ ਦਫਤਰ ਜਾ ਕੇ ਦੱਸਿਆ। ਇੱਕ ਵਾਰ ਤਾਂ ਉਨ੍ਹਾਂ ਇਹ ਭਰੋਸਾ ਦੇ ਕੇ ਹੀ ਸਿਹਤ ਕਰਮਚਾਰੀਆਂ ਨੂੰ ਵਾਪਿਸ ਭੇਜ਼ ਦਿੱਤਾ ਸੀ ਕਿ 2 ਦਿਨ ਹੋਰ ਔਖੇ ਸੌਖੇ ਬਿਨਾਂ ਕਿੱਟਾਂ ਤੋਂ ਕੰਮ ਚਲਾ ਲਉ। ਇਸ ਦੀ ਭਿਣਕ ਪੁਲਿਸ ਦੇ ਖੁਫੀਆਂ ਕਰਮਚਾਰੀਆਂ ਤੱਕ ਵੀ ਪਹੁੰਚ ਗਈ ਜਿਨ੍ਹਾਂ ਇਹ ਸਮੱਸਿਆ ਨੂੰ ਜਿਲਾ ਪਰਸ਼ਾਸਨ ਦੇ ਧਿਆਨ ਵਿੱਚ ਲਿਆਂਦਾ। ਉੱਧਰ ਸਿਹਤ ਕਰਮਚਾਰੀਆਂ ਦੀ ਸਮੱਸਿਆ ਨੂੰ ਬਰਨਾਲਾ ਟੂਡੇ ਨੇ ਵੀ ਪ੍ਰਮੁੱਖਤਾ ਨਾਲ ਨਸ਼ਰ ਕੀਤਾ। ਤਾਂ ਡੀਸੀ ਤੇਜ਼ ਪਰਤਾਪ ਸਿੰਘ ਫੂਲਕਾ ਨੇ ਕਰਮਚਾਰੀਆਂ ਦੀ ਮੰਗ ਤੇ ਦਰਦ ਨੂੰ ਸਮਝਦਿਆਂ 200 ਕਿੱਟਾਂ ਦਾ ਪਰਬੰਧ ਕਰਵਾਇਆ ਤੇ ਖੁਦ ਜਾ ਕੇ ਹਸਪਤਾਲ ਦੇ ਕਰਮਚਾਰੀਆਂ ਨੂੰ ਪੀਪੀਈ ਕਿੱਟਾਂ ਤੇ ਕੁਝ ਹੋਰ ਜਰੂਰਤ ਦਾ ਸਮਾਨ ਸੌਂਪ ਦਿੱਤਾ। ਇਸ ਮੌਕੇ ਡੀਸੀ ਫੂਲਕਾ ਨੇ ਸਿਹਤ ਕਰਮਚਾਰੀਆਂ ਨੂੰ ਮਾਨਵਤਾ ਤੇ ਆਈ ਦੁੱਖ ਦੀ ਘੜੀ ਵਿੱਚ ਤਨਦੇਹੀ ਤੇ ਨਾਲ ਡਿਊਟੀ ਨਿਭਾਉਣ ਦੀ ਸਰਾਹਨਾ ਵੀ ਕੀਤੀ। ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਨੇ ਦੱਸਿਆ ਕਿ ਡੀਸੀ ਸਾਹਿਬ ਖੁਦ ਹਸਪਤਾਲ ਪਹੁੰਚ ਕੇ ਸਟਾਫ ਲਈ 200 ਕਿੱਟਾਂ ਤੇ ਹੋਰ ਜਰੂਰੀ ਸਮਾਨ ਦੇ ਕੇ ਗਏ ਹਨ। ਸਿਹਤ ਕਰਮਚਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਦ ਵੀ ਇਹ ਉਮੀਦ ਨਹੀਂ ਸੀ ਕਿ ਇੰਨੀ ਛੇਤੀ ਉਹਨਾਂ ਨੂੰ ਕਿੱਟਾਂ ਤੇ ਜਰੂਰਤ ਦਾ ਹੋਰ ਸਮਾਨ ਉਪਲੱਭਧ ਕਰਵਾਇਆ ਜਾਵੇਗਾ। ਉਹਨਾਂ ਨੇ ਡੀਸੀ ਫੂਲਕਾ ਤੇ ਸਿਵਲ ਸਰਜ਼ਨ ਡਾਕਟਰ ਗੁਰਿੰਦਰਬੀਰ ਸਿੰਘ ਦਾ ਧੰਨਵਾਦ ਵੀ ਕੀਤਾ।