ਬਿਨਾਂ ਅਬਾਦੀ ਵਾਲੀ ਕਲੋਨੀ ਤੇ ਨਗਰ ਕੌਂਸਲ ਨੇ ਖਰਚਿਆ ਲੱਖਾਂ ਰੁਪਏ,
ਕੌਂਸਲ ਦੇ ਰਾਜਿਆਂ ਨੇ ਦਾੜੀ ਤੋਂ ਮੁੱਛਾਂ ਵਧਾ ਲਈਆਂ !
ਹਰਿੰਦਰ ਨਿੱਕਾ , ਬਰਨਾਲਾ 23 ਜੂਨ 2021
ਅੰਧੇਰ ਨਗਰੀ ਚੌਪਟ ਰਾਜਾ, ਦੀ ਸਦੀਆਂ ਪੁਰਾਣੀ ਕਹਾਵਤ ਨਗਰ ਕੌਂਸਲ ਬਰਨਾਲਾ ਵੱਲੋਂ ਕੌਂਸਲ ਦੇ ਫੰਡਾਂ ਦੀ ਅੰਨ੍ਹੇਵਾਹ ਕੀਤੀ ਗਈ ਦੁਰਵਰਤੋਂ ਤੇ ਪੂਰੀ ਤਰਾਂ ਢੁੱਕਦੀ ਹੈ। ਨਗਰ ਕੌਂਸਲ ਦੇ ਰਾਜਿਆਂ ਦੀ ਸਵੱਲੀ ਨਜ਼ਰ ਦਾ ਫਾਇਦਾ,ਭਾਵੇਂ ਹਾਲੇ ਤੱਕ ਸ਼ਹਿਰੀਆਂ ਨੂੰ ” ਸੇਰ ਵਿੱਚੋਂ ਪੂਣੀ ਕੱਤਣ ” ਜਿੰਨਾਂ ਵੀ ਨਹੀਂ ਮਿਲਿਆ। ਪਰੰਤੂ ਦੂਜੇ ਪਾਸੇ ਲੋਕਾਂ ਦੇ ਅੱਖੀਂ ਘੱਟਾ ਪਾ ਕੇ ਕੌਂਸਲ ਦੇ ਚੌਧਰੀਆਂ ਨੇ ਕਲੋਨਾਈਜ਼ਰਾਂ ਨੂੰ ਫਾਇਦਾ ਪਹੁੰਚਾਉਣ ਦੀਆਂ ਅਗਲੀਆਂ ਪਿਛਲੀਆਂ ਸਾਰੀਆਂ ਕਸਰਾਂ ਕੱਢੀਆਂ ਦਿੱਤੀਆਂ । ਕੌਂਸਲ ਦਾ ਰਿਕਾਰਡ ਖੰਗਾਲਣ ਤੋਂ ਸਾਹਮਣੇ ਆਏ ਤੱਥ ਬੋਲਦੇ ਨੇ ਕਿ ਲਾਲਚ ਵਿੱਚ ਅੰਨ੍ਹੇ ਹੋਏ ਕੌਂਸਲ ਦੇ ਰਾਜਿਆਂ ਨੇ ਨਗਰ ਕੌਂਸਲ ਦਾ ਖਜ਼ਾਨਾ ਕਲੋਨਾਈਜ਼ਰਾਂ ਨੂੰ ਲੁਟਾਉਂਦਿਆਂ ਲੋਕਾਂ ਤੇ ਭੋਰਾ ਵੀ ਤਰਸ ਨਹੀਂ ਕੀਤਾ। ਕਲੋਨਾਈਜ਼ਰਾਂ ਤੇ ਕੌਂਸਲ ਦੀਆਂ ਮਿਹਰਬਾਨੀਆਂ ਦੀ ਫਹਰਿਸ਼ਤ ਕਾਫੀ ਲੰਬੀ ਐ। ਜਿਸ ਦਾ ਖੁਲਾਸਾ ਪਾਠਕਾਂ ਦੀ ਕਚਿਹਰੀ ਵਿੱਚ ਇਸ ਤਰਾਂ ਪੇਸ਼ ਕਰਦੇ ਰਹਾਂਗੇ।
ਹੈਪੀ ਹੋਮ ਵਾਲਿਆਂ ਨੂੰ ਕੀਤਾ ਹੈਪੀ-ਹੈਪੀ
ਨਗਰ ਕੌਂਸਲ ਦੇ ਰਿਕਾਰੜ ਵਿੱਚ ਸੰਘੇੜਾ ਬਾਈਪਾਸ ਤੇ ਹੈਪੀ ਹੋਮ ਨਾਮ ਦੀ ਦਰਜ਼ ਕਲੋਨੀ ਦੀਆਂ ਸੜ੍ਹਕਾਂ ਤੇ ਇੰਟਰਲੌਕ ਟਾਇਲਾਂ ਲਾਉਣ ਤੇ ਕੌਂਸਲ ਨੇ ਬਕਾਇਦਾ ਟੈਂਡਰ ਲਗਾ ਕੇ 36 ਲੱਖ 33 ਹਜ਼ਾਰ ਰੁਪਏ ਖਰਚ ਛਡੇ ਹਨ। ਜਦੋਂ ਕਿ ਕਲੋਨੀਆਂ ਵਾਲਿਆਂ ਨੇ ਕਲੋਨੀ ਦੇ ਐਂਟਰੀ ਗੇਟ ਤੇ ਇੱਕ ਫਲੈਕਸ ਬੋਰਡ ਲਾਉਣ ਤੇ ਵੀ ਫੁੱਟੀ ਕੌੜੀ ਤੱਕ ਨਹੀਂ ਖਰਚੀ। ਹਾਲਤ ਇਹ ਹੈ ਕਿ ਕਲੋਨੀ ਅੰਦਰ ਸਿਰਫ 5 ਕੁ ਕੋਠੀਆਂ ਬਣੀਆਂ ਹੋਈਆਂ ਹਨ, ਜਿੰਨਾਂ ਵਿੱਚ ਇੱਕ ਅੱਧੀ ਨੂੰ ਛੱਡ ਕੇ ਕਿਸੇ ਕੋਠੀ ਵਿੱਚ ਕੋਈ ਰਿਹਾਇਸ਼ ਤੱਕ ਵੀ ਨਹੀਂ ਹੈ। ਕਲੋਨਾਈਜ਼ਰ ਨੇ ਪਲਾਟਾਂ ਦੀ ਨਿਸ਼ਾਨਦੇਹੀ ਲਈ ਨੀਹਾਂ ਤੱਕ ਵੀ ਭਰਨ ਦੀ ਜਰੂਰਤ ਹੀ ਨਹੀਂ ਸਮਝੀ।
ਰੱਬ ਨੇ ਦਿੱਤੀਆਂ ਗਾਜ਼ਰਾਂ,,ਵਿੱਚੇ ਰੰਬਾ ਰੱਖ,,
ਕਿਸੇ ਸਿਆਣੇ ਬੰਦੇ ਦੀ ਦਿੱਤੀ ਰਾਇ ਕਿ,, ਰੱਬ ਨੇ ਦਿੱਤੀਆਂ ਗਾਜ਼ਰਾਂ,,ਵਿੱਚੇ ਰੰਬਾ ਰੱਖ,, ਤੇ ਕਲੋਨਾਈਜਰਾਂ ਨੇ ਪੂਰਾ ਅਮਲ ਕੀਤਾ ਲੱਗਦਾ ਹੈ। ਕਲੋਨੀ ਅੰਦਰ ਭਾਂਵੇ ਨਾ ਕੋਈ ਪਾਰਕ ਦਾ ਵਜੂਦ ਐ ਤੇ ਨਾ ਵਾਟਰ ਸਪਲਾਈ ਤੇ ਸਟੋਰ ਕਰਨ ਲਈ ਬਣਾਈ ਪਾਣੀ ਵਾਲੀ ਟੈਂਕੀ ਦਾ ਕੋਈ ਕੁਨੈਕਸ਼ਨ ਜੋੜਿਆ ਨਜ਼ਰ ਨਹੀਂ ਪੈਂਦਾ। ਪਰੰਤੂ ਸਟਰੀਟ ਲਾਈਟ ਦਾ ਪੂਰਾ ਪ੍ਰਬੰਧ ਕੀਤਾ ਹੋਇਆ, ਹੋਵੇ ਵੀ ਕਿਉਂ ਨਾ, ਜਦੋਂ ਨਗਰ ਕੌਂਸਲ ਨੇ ਸਟਰੀਟ ਲਾਈਟ ਦਾ ਕੁਨੈਕਸ਼ਨ ਆਪਣੀ ਸਟਰੀਟ ਲਾਈਟ ਦੀ ਬਿਜਲੀ ਸਪਲਾਈ ਨਾਲ ਜੋੜਨ ਦੀ ਰੂੰਗੇ ਵਿੱਚ ਹੀ ਛੋਟ ਦਿੱਤੀ ਹੋਈ ਹੈ। ਪਾਣੀ ਵਾਲੀ ਟੈਂਕੀ, ਵਰਤੋਂ ਤੋਂ ਪਹਿਲਾਂ ਹੀ ਦਮ ਤੋੜਦੀ ਦਿਖਾਈ ਦਿੰਦੀ ਹੈ। ਕਿਸੇ ਨੇ ਕਿੰਨ੍ਹਾਂ ਸੋਹਣਾ ਕਿਹੈ, ਨਾ ਰਹੇਗੀ ਬੰਸਰੀ ਤੇ ਨਾ ਰਹੇਗਾ ਬਾਂਸ, ਦੀ ਤਰਜ਼ ਤੇ ਕਲੋਨਾਈਜਰਾਂ ਨੇ ਕਲੋਨੀ ‘ਚ ਮਾਲੀ ਦੀ ਲੋੜ ਖਤਮ ਕਰਨ ਲਈ, ਹਰਿਆਵਲ ਲਈ ਕੋਈ ਦਰਖਤ ਲਾਉਣ ਦੀ ਥਾਂ ਬੱਸ ਕੁਦਰਤੀ ਤੌਰ ਘਾਹ ਨਾਲ ਹੀ ਕੰਮ ਚਲਾਇਆ ਹੈ। ਨਹੀਂ। ਕਲੋਨੀ ਦੀ ਪਾਣੀ ਵਾਲੀ ਟੈਂਕੀ ਕੀਤੇ ਬੋਰ ਦੀਆਂ ਪਾਇਪਾਂ ਵੀ ਪਾਣੀ ਲਈ ਪਿਆਸੀਆਂ ਮੂੰਹ ਅੱਡੀ ਖੜ੍ਹੀਆਂ ਹਨ।
ਸਰਕਾਰੋਂ ਮਿਲੇ ਤੇਲ , ਫਿਰ ਜੁੱਤੀ ਵਿੱਚ ਪੁਆ ਲਈਏ,,
ਸਿਆਣੇ ਲੋਕਾਂ ਨੇ ਗੱਲਾਂ ਸੱਚਮੁੱਚ ਹੀ ਤੱਤ ਕੱਢਕੇ ਕਹੀਆਂ ਨੇ ਬਈ, ਸਰਕਾਰੋਂ ਮਿਲੇ ਤੇਲ , ਤਾਂ ਭਾਂਡਾ ਨਾ ਹੋਵੇ, ਫਿਰ ਜੁੱਤੀ ਵਿੱਚ ਹੀ ਪੁਆ ਲਈਏ । ਖਬਰੈ ਭਾਂਡਾ ਲਿਆਉਂਦਿਆਂ ਤੱਕ ਸਰਕਾਰ ਦੀ ਨੀਯਤ ਬਦਲ ਜਾਵੇ, ਜਾਂ ਕੋਈ ਹੋਰ ਹੀ ਪੁਆ ਕੇ ਲੈ ਜਾਵੇ। ਇਹ ਲਾਹਾ ਹੈਪੀ ਹੋਮ ਵਾਲਿਆਂ ਨੇ ਵੀ ਭਰਪੂਰ ਉਠਾਇਆ ਹੈ। ਜਦੋਂ ਅਣਅਪਰੂਵਡ ਕਲੋਨੀਆਂ ਨੂੰ ਪਾਸ ਕਰਨ ਦੀ ਨੀਤੀ ਆਈ ਤਾਂ ਕਲੋਨੀ ਦਾ ਕੋਈ ਵਜੂਦ ਨਾ ਹੋਣ ਦੇ ਬਾਵਜੂਦ ਵੀ, ਉਨਾਂ ਕਲੋਨੀ ਅਪਰੂਵ ਕਰਵਾ ਲਈ। ਕੌਂਸਲ ਦੇ ਰਾਜਿਆਂ ਨੇ ਵੀ ਵੱਡਾ ਦਿਲ ਦਿਖਾਉਂਦਿਆਂ ਕੋਲਨੀ ਨੂੰ ਤਹਿ ਫੀਸ ਲੈ ਕੇ ਅਪਰੂਵ ਕਰ ਦਿੱਤਾ। ਲੱਗਦੇ ਹੱਥ , ਕਲੋਨੀ ਦੀਆਂ ਸੜ੍ਹਕਾਂ 36 ਲੱਖ 33 ਹਜ਼ਾਰ ਦੀ ਲਾਗਤ ਨਾਲ ਨਕਰ ਕੌਂਸਲ ਨੇ ਬਣਾ ਦਿੱਤੀਆਂ। ਕਲੋਨੀ ਅਪਰੂਵ ਕਰਨ ਲਈ ਭਰੀ ਫੀਸ ਤੋਂ ਵੱਧ ਰਾਸ਼ੀ ਤਾਂ ਕਲੋਨੀ ਤੇ ਕੌਂਸਲ ਦੇ ਰਾਜਿਆਂ ਨੇ ਖਰਚ ਕਰਕੇ ਦਾੜੀ ਨਾਲੋਂ ਮੁੱਛਾਂ ਵਧਾ ਲਈਆਂ।
ਈ.ਉ ਨੇ ਕਿਹਾ! ਰਿਕਾਰਡ ਵਾਚਣ ਤੋਂ ਬਾਅਦ ਹੀ ਕੁੱਝ ਕਹਿਣਾ ਠੀਕ,,
ਨਗਰ ਕੌਂਸਲ ਦੇ ਈ.ਉ. ਮਨਪ੍ਰੀਤ ਸਿੰਘ ਨੇ ਹੈਪੀ ਹੋਮ ਕਲੋਨੀ ਵਿੱਚ ਬਿਨਾਂ ਅਬਾਦੀ ਤੋਂ ਹੀ ਖਰਚ ਕੀਤੇ ਲੱਖਾਂ ਰੁਪਿਆ ਬਾਰੇ ਪੁੱਛਣ ਤੇ ਕਿਹਾ ਕਿ ਮੈਂ ਇਸ ਸਬੰਧੀ ਰਿਕਾਰਡ ਘੋਖਣ ਤੋਂ ਬਾਅਦ ਹੀ ਕੁੱਝ ਕਹਿ ਸਕਾਂਗਾ। ਉਨਾਂ ਕਿਹਾ ਕਿ ਰਿਕਾਰਡ ਵਾਚਣ ਤੋਂ ਬਾਅਦ ਜੇ ਕੁੱਝ ਗਲਤ ਪਾਇਆ ਗਿਆ ਤਾਂ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।