ਬਰਨਾਲਾ ਤੋਂ ਕੁਝ ਕਿਲੋਮੀਟਰ ਦੀ ਦੂਰੀ ਉਤੇ ਸਥਿਤ ਹੈ ਪਿੰਡ ਚੀਮਾ
ਬਿਜਲੀ ਸਮੱਸਿਆ ਨੂੰ ਲੈ ਕੇ ਪਿੰਡ ਦੋ ਧੜਿਆਂ ਚ ਵੰਡਿਆ ਗਿਆ ਸੀ
ਪਰਦੀਪ ਕਸਬਾ, ਬਰਨਾਲਾ, 21 ਜੂਨ 2021
ਜ਼ਿਲ੍ਹਾ ਪੁਲੀਸ ਮੁਖੀ ਸੰਦੀਪ ਗੋਇਲ ਦੀ ਪਹਿਲਕਦਮੀ ਨਾਲ ਪਿੰਡ ਚੀਮਾ ਵਿੱਚ ਬਿਜਲੀ ਟਰਾਂਸਫਾਰਮਰ ਨੂੰ ਲੈ ਕੇ ਚੱਲ ਰਹੇ ਵਿਵਾਦ ਸੁਲਝ ਗਿਆ ਹੈ । ਬਰਨਾਲਾ ਤੋਂ ਕੁਝ ਕਿਲੋਮੀਟਰ ਦੂਰੀ ਉਤੇ ਸਥਿਤ ਪਿੰਡ ਚੀਮਾ ਪਿੰਡ ਵਿੱਚ ਪਿਛਲੇ ਕੁਝ ਵਰ੍ਹਿਆਂ ਤੋਂ ਹੀ ਬਿਜਲੀ ਦੀ ਸਮੱਸਿਆ ਚੱਲੀ ਆ ਰਹੀ ਸੀ। ਪਿੰਡ ਦੇ ਅੱਧੇ ਤੋਂ ਵੱਧ ਘਰਾਂ ਨੂੰ ਗਰਮੀਆਂ ਦੇ ਦਿਨਾਂ ਵਿੱਚ ਲਗਾਤਾਰ ਬਿਜਲੀ ਦੀ ਘੱਟ ਵੋਲਟੇਜ ਆਉਣ ਦੀ ਸਮੱਸਿਆ ਨਾਲ ਜੂਝਣਾ ਪੈ ਰਿਹਾ ਸੀ। ਆਮ ਪਿੰਡਾਂ ਦੀ ਤਰਾਂ੍ਹ ਹੀ ਇਸ ਪਿੰਡ ਵਿੱਚ ਬਹੁਤ ਸਾਰੇ ਘਰਾਂ ਵਿੱਚ ਗਰਮੀ ਦੇ ਦਿਨਾਂ ਵਿੱਚ ਚੱਲਣ ਵਾਲੇ ਏਸੀਆਂ ਕਾਰਨ ਇਹ ਬਿਜਲੀ ਦੀ ਸਮੱਸਿਆ ਪੈਦਾ ਹੋ ਰਹੀ ਸੀ।
ਪਿੰਡ ਚੀਮਾ ਵਿੱਚ ਆ ਰਹੀ ਘੱਟ ਵੋਲਟੇਜ ਦੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਲੋਕ ਲਗਾਤਾਰ ਬਿਜਲੀ ਮਹਿਕਮੇ ਦੇ ਦਫਤਰ ਚੱਕਰ ਮਾਰ ਰਹੇ ਸਨ, ਪਰ ਉਹਨਾਂ ਦੀ ਸਮੱਸਿਆ ਦਾ ਕੋਈ ਹੱਲ ਨਹੀਂ ਨਿੱਕਲ ਰਿਹਾ ਸੀ। ਪਿੰਡ ਦੇ ਲੋਕਾਂ ਦੇ ਲਗਾਤਾਰ ਕਹਿਣ ਉਪਰੰਤ ਬਿਜਲੀ ਵਿਭਾਗ ਨੇ ਸੁਝਾਅ ਦਿੱਤਾ ਕਿ ਜੇਕਰ ਪਿੰਡ ਦੀ ਸੱਥ ਵਿੱਚ ਵੱਡਾ ਟਰਾਂਸਫਾਰਮਰ ਰੱਖਿਆ ਜਾਵੇ ਤਾਂ ਹੀ ਇਸ ਸਮੱਸਿਆ ਤੋਂ ਨਿਜਾਤ ਮਿਲ ਸਕਦੀ ਹੈ। ਨਵਾਂ ਟਰਾਂਸਫਾਰਮਰ ਰੱਖਣ ਲਈ ਜਰੂਰਤ ਸੀ ਕਿ ਪਿੰਡ ਵਿੱਚ ਦੀ ਨਵੀਂ ਮੋਟੀ ਤਾਰ ਖੰਭਿਆਂ ਉਤੋਂ ਦੀ ਪਾ ਕਿ ਪਿੰਡ ਦੀ ਸੱਥ ਵਿੱਚ ਜਿਸ ਜਗ੍ਹਾਂ ਟਰਾਂਸਫਾਰਮਰ ਲੱਗਣਾ ਸੀ ਲਿਆਂਦੀ ਜਾਣੀ ਸੀ ।
ਇਸੇ ਕਰਕੇ ਪਿੰਡ ਵਿੱਚ ਇੱਕ ਨਵੀਂ ਤਰ੍ਹਾਂ ਦੀ ਲੜਾਈ ਨੇ ਜਨਮ ਲੈ ਲਿਆ ਸੀ। ਪਿੰਡ ਦਾ ਇੱਕ ਹਿੱਸਾ ਕਿਸਾਨ ਯੂਨੀਅਨ ਦੇ ਇੱਕ ਧੜੇ ਦੀ ਅਗਵਾਈ ਵਿੱਚ ਇਸ ਗੱਲ ਦਾ ਵਿਰੋਧ ਕਰਨ ਲੱਗਾ । ਉਨ੍ਹਾਂ ਕਿਹਾ ਕਿ ਉਹ ਨਵੀਂ ਲਾਈਨ ਆਪਣੀ ਗਲੀ ਵਿੱਚ ਦੀ ਨਹੀਂ ਨਿੱਕਲਣ ਦੇਣਗੇ, ਉਹਨਾਂ ਦਾ ਤਰਕ ਸੀ ਕਿ ਬਿਜਲੀ ਦੇ ਜੇ ਖੰਭੇ ਲੱਗਦੇ ਹਨ ਤਾਂ ਸਾਨੂੰ ਆਪਣੇ ਟਰੈਕਟਰ ਟਰਾਲੀਆਂ ਜਾਂ ਹੋਰ ਮਸ਼ਿਨਰੀ ਗਲੀ ਵਿੱਚੋਂ ਦੀ ਕੱਢਣ ਵਿੱਚ ਸਮੱਸਿਆ ਖੜ੍ਹੀ ਹੋਵੇਗੀ।
ਦੂਜੇ ਪਾਸੇ ਇੱਕ ਪ੍ਰਮੁੱਖ ਕਿਸਾਨ ਯੂਨੀਅਨ ਦੇ ਪਿੰਡ ਵਿਚਲੇ ਵਰਕਰਾਂ ਦੀ ਇਹ ਲਗਾਤਾਰ ਪੁਲਿਸ ਪ੍ਰਸ਼ਾਸਨ ਕੋਲ ਮੰਗ ਸੀ ਕਿ ਪਿੰਡ ਵਿਚ ਪੈਦਾ ਹੋਏ ਬਿਜਲੀ ਦੇ ਗੰਭੀਰ ਸੰਕਟ ਦਾ ਕੋਈ ਹੱਲ ਨਿਕਲੇ। ਇਸ ਖਿਲਾਫ ਉਹ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੇ ਸਨ। ਇਸ ਦੇ ਵਿਰੋਧ ਚ ਕਿਸਾਨਾਂ ਨੇ ਇਕੱਠੇ ਹੋ ਕਿ ਬਿਜਲੀ ਵਿਭਾਗ ਦੇ ਕਈ ਅਫਸਰਾਂ ਦਾ ਘਰਾਓ ਕਰਕੇ ਉਹਨਾਂ ਨੂੰ ਕਮਰੇ ਵਿੱਚ ਹੀ ਬੰਦ ਕਰ ਦਿੱਤਾ ਅਤੇ ਦੇਰ ਸ਼ਾਮ ਤੱਕ ਬਰਨਾਲਾ ਪਲਿਸ ਦੇ ਮੁਖੀ ਸ੍ਰੀ ਸੰਦੀਪ ਗੋਇਲ ਵੱਲੋਂ ਸੁਚੱਜੇ ਯਤਨਾਂ ਰਾਹੀਂ ਬਿਨਾਂ ਕਿਸੇ ਟਕਰਾਅ ਤੋਂ ਬਿਜਲੀ ਮੁਲਜਮਾਂ ਦੀ ਘਰਾਓ ਖਤਮ ਕਰਵਾਇਆ ਗਿਆ।
ਦੂਜੇ ਪਾਸੇ ਬਿਜਲੀ ਵਿਭਾਗ ਦੇ ਕਰਮਚਾਰੀ ਵੀ ਇਸ ਘਟਨਾ ਤੋਂ ਬਾਅਦ ਹੜਤਾਲ ਉਤੇ ਜਾਣਦੀਆਂ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਸਨ । ਬਰਨਾਲਾ ਜਿਲ੍ਹੇ ਦੇ ਪਿੰਡ ਚੀਮਾ ਦੀ ਬਿਜਲੀ ਦੀ ਸਮੱਸਿਆ ਦਾ ਇਹ ਮਾਮਲਾ ਬਰਨਾਲਾ ਜਿਲ੍ਹੇ ਦੇ ਪੂਰੇ ਪ੍ਰਸ਼ਾਸਨ ਲਈ ਇੱਕ ਵੱਡੀ ਸਿਰਦਰਦੀ ਬਣਦਾ ਜਾ ਰਿਹਾ ਸੀ। ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਜਿਲ੍ਹੇ ਦੇ ਸਿਵਲ ਅਧਿਕਾਰੀਆਂ ਨੇ ਵੀ ਕਈ ਵਾਰ ਕੋਸ਼ਿਸ ਕੀਤੀ ਪਰ ਮਾਮਲਾ ਕਿਸੇ ਤਣ ਪੱਤਣ ਨਾ ਲੱਗਾ।
ਬਿਜਲੀ ਵਿਭਾਗ ਜੇ ਨਵੀਂ ਲਾਇਨ ਕੱਢਕੇ ਇਸ ਸਮੱਸਿਆ ਨੂੰ ਹੱਲ ਕਰਨ ਦੀ ਕੋਸ਼ਿਸ ਕਰਦਾ ਤਾਂ ਕਿਸਾਨਾਂ ਦਾ ਇੱਕ ਧੜਾ ਕਿਸਾਨ ਯੂਨਿਅਨ ਦੀ ਅਗਵਾਈ ਵਿੱਚ ਵਿਰੋਧ ਕਰਨ ਲੱਗਦਾ ਪਰ ਦੂਜੇ ਪਾਸੇ ਇੱਕ ਵੱਖਰੀ ਯੂਨੀਅਨ ਦੀ ਅਗਵਾਈ ਵਿੱਚ ਹੁਣ ਲਗਾਤਾਰ ਧਰਨਾ ਬਿਜਲੀ ਬੋਰਡ ਦੇ ਦਫਤਰ ਅੱਗੇ ਦਿੱਤਾ ਜਾ ਰਿਹਾ ਸੀ ਕਿ ਪਿੰਡ ਵਿੱਚ ਟਰਾਂਸਫਾਰਮਰ ਲਗਾ ਕਿ ਬਿਜਲੀ ਦੀ ਸਮੱਸਿਆ ਤੋਂ ਨਿਜਾਤ ਦਵਾਈ ਜਾਵੇ । ਕਈ ਕੋਸ਼ਿਸ਼ਾਂ ਤੋਂ ਬਾਅਦ ਵੀ ਇਸ ਸਮੱਸਿਆ ਦਾ ਕੋਈ ਹੱਲ ਨਜਰ ਨਹੀਂ ਆ ਰਿਹਾ ਸੀ।
ਅੰਤ ਜਿਲ੍ਹਾ ਪੁਲਿਸ ਮੁਖੀ ਸ੍ਰੀ ਸੰਦੀਪ ਗੋਇਲ ਵੱਲੋਂ ਪਹਿਲਕਦਮੀ ਕਰਦਿਆਂ ਦੋਹਾਂ ਧਿਰਾਂ ਦੇ ਸੂਝਵਾਨ ਆਗੂਆਂ ਨੂੰ ਆਪਣੇ ਕੋਲ ਬਲਾਇਆ ਗਿਆ। ਦੋਹਾਂ ਧਿਰਾਂ ਦੀਆਂ ਗੱਲਾਂ ਬਹੁਤ ਸਹਿਜਤਾ ਨਾਲ ਸੁਣੀਆਂ ਅਤੇ ਦੋਹਾਂ ਕਿਸਾਨ ਯੂਨੀਅਨਾਂ ਦੇ ਆਗੂਆਂ ਨੂੰ ਇੱਕ ਸਾਂਝੀ ਸਹਿਮਤੀ ਉਤੇ ਲੈ ਆਂਦਾ ਅਤੇ ਇੰਝ ਪਿੰਡ ਵਿਚਲੇ ਗੰਭੀਰ ਬਿਜਲੀ ਦੇ ਸੰਕਟ ਦਾ ਪੁਲਿਸ ਦੀ ਸੂਝਬੂਝ ਨਾਲ ਹੱਲ ਹੋ ਸਕਿਆ।
ਜ਼ਿਕਰਯੋਗ ਹੈ ਕਿ ਇੱਕ ਸਮੇਂ ਪਿੰਡ ਵਿੱਚ ਇਸ ਮਾਮਲੇ ਨੂੰ ਲੈ ਕਿ ਇੱਕ ਵੱਡੀ ਭਾਈਚਾਰਕ ਸਮੱਸਿਆ ਖੜ੍ਹੀ ਹੋ ਗਈ ਸੀ, ਇੰਝ ਪ੍ਰਤੀਤ ਹੋ ਰਿਹਾ ਸੀ ਕਿ ਇਸ ਮਾਮਲੇ ਦੇ ਚੱਲਦਿਆਂ ਪਿੰਡ ਵਿੱਚ ਕਿਸੇ ਵੀ ਸਮੇਂ ਵੱਡਾ ਹਿੰਸਕ ਟਕਰਾਅ ਹੋ ਸਕਦਾ। ਇਸ ਪੂਰੇ ਮਾਮਲੇ ਹੱਲ ਕਰਵਾਉਣ ਵਿੱਚ ਪੁਲਿਸ ਸੀ.ਆਈ.ਏ. ਇੰਚਾਰਜ਼ ਇਸਪੈਕਟਰ ਬਲਜੀਤ ਸਿੰਘ ਦੀ ਸੁਚੱਜੀ ਭੂਮਿਕਾ ਦੀ ਵੀ ਖੂਬ ਚਰਚਾ ਹੋ ਰਹੀ ਹੈ। ਕੁੱਲ ਮਿਲਾਕੇ ਇਸ ਸਮੱਸਿਆ ਦੇ ਹੱਲ ਹੋਣ ਨਾਲ ਜਿੱਥੇ ਕਿਸਾਨ ਯੂਨੀਅਨਾਂ ਦੇ ਵਰਕਰਾਂ ਵਿੱਚ ਹੋਣ ਜਾ ਰਿਹਾ ਸੰਭਾਵਿਤ ਟਕਰਾਅ ਤੋਂ ਬਚਾਅ ਹੋ ਗਿਆ ਹੈ ਉਥੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।