ਮੰਦਸੌਰ ‘ਚ ਸ਼ਹੀਦ ਹੋਏ ਕਿਸਾਨਾਂ ਤੇ ਮੁਲਾਜ਼ਮ ਆਗੂ ਸੁਖਦੇਵ ਸਿੰਘ ਬੜੀ ਨੂੰ ਭਾਵਪੂਰਤ ਸ਼ਰਧਾਂਜਲੀ ਭੇਟ ਕੀਤੀ ਗਈ।
ਪਰਦੀਪ ਕਸਬਾ , ਬਰਨਾਲਾ: 6 ਜੂਨ, 2021
ਤੀਹ ਜਥੇਬੰਦੀਆਂ’ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਅੱਜ 249 ਵੇਂ ਦਿਨ ਵੀ ਪੂਰੇ ਜੋਸ਼ੋ ਖਰੋਸ਼ ਨਾਲ ਜਾਰੀ ਰਿਹਾ। ਕੱਲ੍ਹ 5 ਜੂਨ ਨੂੰ ਕਾਲੇ ਖੇਤੀ ਆਰਡੀਨੈਂਸ ਦੇ ਇੱਕ ਸਾਲ ਪੂਰਾ ਹੋਣ ‘ਤੇ ਸੰਪੂਰਨ ਕਰਾਂਤੀ ਦਿਵਸ ਮਨਾਇਆ ਗਿਆ ਸੀ ਜਿਸ ਨੂੰ ਦੇਸ਼ ਭਰ ਵਿੱਚ ਲਾਮਿਸਾਲ ਹੁੰਗਾਰਾ ਮਿਲਿਆ। ਅੰਦੋਲਨ ਨੂੰ ਮਿਲੇ ਇਸ ਸਮਰਥਨ ਕਾਰਨ ਅੰਦੋਲਨਕਾਰੀਆਂ ਦੇ ਹੋਰ ਬੁਲੰਦ ਹੋਏ ਹਨ। ਇਸ ਗੱਲ ਦਾ ਪ੍ਰਮਾਣ ਅੱਜ ਦੇ ਧਰਨੇ ਵਿੱਚ ਵਧੇਰੇ ਜ਼ੋਸ ਤੇ ਉਤਸ਼ਾਹ ਦੇ ਰੂਪ ਵਿੱਚ ਦੇਖਣ ਨੂੰ ਮਿਲਿਆ।
6 ਜੂਨ 2017 ਨੂੰ ਮੱਧ ਪ੍ਰਦੇਸ਼ ਦੇ ਕਸਬਾ ਮੰਦਸੌਰ ਵਿੱਚ, ਆਪਣੀ ਕੌਡੀਆਂ ਦੇ ਭਾਅ ਵਿਕ ਰਹੀ ਪਿਆਜ਼ ਦੀ ਫਸਲ ਲਈ ਵਾਜਬ ਕੀਮਤ ਮੰਗ ਰਹੇ, ਕਿਸਾਨਾਂ ਉਪਰ ਪੁਲਿਸ ਨੇ ਅੰਨੇਵਾਹ ਗੋਲੀ ਚਲਾ ਦਿੱਤੀ। ਗੋਲੀਬਾਰੀ ਕਾਰਨ ਛੇ ਕਿਸਾਨ ਸ਼ਹੀਦ ਹੋ ਗਏ।
ਸੁਖਦੇਵ ਸਿੰਘ ਬੜੀ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਸਿਰਕੱਢ ਆਗੂ ਰਹੇ ਹਨ। ਉਨ੍ਹਾਂ ਨੇ ਤਾਉਮਰ ਮੁਲਾਜ਼ਮਾਂ ਤੇ ਸਮਾਜ ਦੇ ਹੋਰ ਦੱਬੇ ਕੁਚਲੇ ਲੋਕਾਂ ਲਈ ਸੰਘਰਸ਼ ਕੀਤਾ।ਕੱਲ੍ਹ 5 ਜੂਨ ਨੂੰ ਉਹ ਸਾਨੂੰ ਸਦੀਵੀ ਵਿਛੋੜਾ ਦੇ ਗਏ। ਅੱਜ ਧਰਨੇ ਵਿੱਚ ਦੋ ਮਿੰਟ ਦਾ ਮੌਨ ਧਾਰ ਕੇ ਮੰਦਸੌਰ ਦੇ ਕਿਸਾਨਾਂ ਤੇ ਸੁਖਦੇਵ ਸਿੰਘ ਬੜੀ ਨੂੰ ਭਾਵਪੂਰਤ ਸ਼ਰਧਾਂਜਲੀ ਦਿੱਤੀ ਗਈ।
ਅੱਜ ਧਰਨੇ ਨੂੰ ਬਾਬੂ ਸਿੰਘ ਖੁੱਡੀ, ਗੋਰਾ ਸਿੰਘ ਢਿੱਲਵਾਂ, ਨਰੈਣ ਦੱਤ, ਮਨਜੀਤ ਰਾਜ, ਮੇਲਾ ਸਿੰਘ ਕੱਟੂ, ਬਿੱਕਰ ਸਿੰਘ ਔਲਖ,ਹਰਚਰਨ ਸਿੰਘ ਚੰਨਾ, ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ, ਜਗਰਾਜ ਸਿੰਘ ਹਰਦਾਸਪੁਰਾ, ਮਨਜੀਤ ਕੌਰ ਖੁੱਡੀ ਕਲਾਂ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਕੱਲ੍ਹ ਸੰਪੂਰਨ ਕਰਾਂਤੀ ਦਿਵਸ ਦੇ ਰੰਜ ਪ੍ਰਦਰਸ਼ਨ ਨੂੰ ਦੇਸ਼ ਭਰ ‘ਚ ਮਿਲੇ ਲਾਮਿਸਾਲ ਹੁੰਗਾਰੇ ਨੇ ਇੱਕ ਵਾਰ ਫਿਰ ਸਪੱਸ਼ਟ ਕਰ ਦਿੱਤਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਉਚਿਤ ਹਨ। ਕਿਸਾਨ ਇਖਲਾਕੀ ਲੜਾਈ ਜਿੱਤ ਚੁੱਕੇ ਹਨ ਕਿਉਂਕਿ ਕਿ ਸਰਕਾਰ ਵੀ ਕਾਨੂੰਨਾਂ ਵਿੱਚ ਕਮੀਆਂ ਹੋਣ ਦੀ ਗੱਲ ਨੂੰ ਸਵੀਕਾਰ ਕਰ ਚੁੱਕੀ ਹੈ। ਇਸੇ ਕਾਰਨ ਸਰਕਾਰ ਕਾਨੂੰਨਾਂ ਵਿੱਚ ਸੋਧਾਂ ਕਰਵਾਉਣ ਅਤੇ ਇਨ੍ਹਾਂ ਨੂੰ ਡੇਢ ਦੋ ਸਾਲ ਲਈ ਅੱਗੇ ਪਾਉਣ ਦੀਆਂ ਗੱਲ ਕਰ ਰਹੀ ਹੈ। ਪਰ ਕਿਸਾਨ ਵਾਰ ਵਾਰ ਸਪੱਸ਼ਟ ਕਰ ਚੁੱਕੇ ਹਨ ਕਿ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾਉਣ ਤੋਂ ਸਿਵਾਏ ਉਨ੍ਹਾਂ ਨੂੰ ਹੋਰ ਕੁਝ ਵੀ ਮਨਜ਼ੂਰ ਨਹੀਂ। ਅੱਜ ਪ੍ਰੀਤ ਕੌਰ ਧੂਰੀ ਤੇ ਜਗਰਾਜ ਸਿੰਘ ਠੁੱਲੀਵਾਲ ਦੇ ਕਵੀਸ਼ਰੀ ਜਥਿਆਂ ਨੇ ਕਵੀਸ਼ਰੀ ਪੇਸ਼ ਕੀਤੀ। ਬੇਟੀ ਜਸਕਿਰਨ ਨੇ ਕਵਿਤਾ ਸੁਣਾਈ।