ਥਾਣਾ ਮਹਿਲ ਕਲਾਂ ਵਿਖੇ ਦੋਸ਼ੀ ਵਿਰੁੱਧ ਧਾਰਾ 302 ਅਧੀਨ ਕੀਤਾ ਮੁਕੱਦਮਾ ਦਰਜ – ਐਸ ਐਚ ਓ ਅਮਰੀਕ ਸਿੰਘ
ਗੁਰਸੇਵਕ ਸਿੰਘ ਸਹੋਤਾ, ਮਹਿਲ ਕਲਾਂ 23 ਮਈ 2021
ਬੀਤੀ ਦੇਰ ਰਾਤ ਕਸਬਾ ਮਹਿਲ ਕਲਾਂ ਵਿਖੇ ਇੱਕ ਵਿਧਵਾ ਔਰਤ ਦਾ ਉਸ ਦੇ ਹੀ ਸ਼ਰਾਬੀ ਪੁੱਤਰ ਵੱਲੋਂ ਕਤਲ ਕੀਤੇ ਜਾਣ ਦਾ ਦਰਦਨਾਕ ਮਾਮਲਾ ਸਾਹਮਣੇ ਆਇਆ ਹੈ । ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਮਹਿੰਦਰ ਕੌਰ (70) ਪਤਨੀ ਸਵ. ਮੇਜਰ ਸਿੰਘ ਵਾਸੀ ਸੋਢਾ ਪੱਤੀ ਮਹਿਲ ਕਲਾਂ ,ਜੋ ਕਿ ਆਪਣੇ ਪੁੱਤਰ ਨਾਲ ਰਹਿੰਦੀ ਸੀ। ਜਿਸ ਦਾ ਬੀਤੀ ਦੇਰ ਰਾਤ 10-30 ਵਜੇ ਦੇ ਕਰੀਬ ਕਤਲ ਹੋ ਗਿਆ। ਜਿਸ ਨਾਲ ਪਿੰਡ ਵਿੱਚ ਸਨਸਨੀ ਵਾਲਾ ਮਹੌਲ ਬਣ ਗਿਆ।
ਜਿਸ ਤੋਂ ਤੁਰੰਤ ਬਾਅਦ ਪੁਲੀਸ ਨੇ ਸਥਿਤੀ ਦਾ ਜਾਇਜ਼ਾ ਲੈਂਦਾ ਸਬ ਡਿਵੀਜ਼ਨ ਮਹਿਲ ਕਲਾਂ ਦੇ ਡੀਐੱਸਪੀ ਕੁਲਦੀਪ ਸਿੰਘ ,ਥਾਣਾ ਮੁਖੀ ਅਮਰੀਕ ਸਿੰਘ ਮਹਿਲ ਕਲਾਂ ਅਤੇ ਡੀ ਐੱਸ ਪੀ( ਡੀ ) ਬਰਨਾਲਾ ਬ੍ਰਿਜ ਮੋਹਨ ਵੱਲੋਂ ਕੀਤੀ ਜਾਂਚ ਦੌਰਾਨ ਹੈਰਾਨੀ ਜਨਕ ਖੁਲਾਸਾ ਹੋਇਆ ਕਿ ਮਿ੍ਤਕ ਔਰਤ ਦੇ ਪੁੱਤਰ ਨੇ ਹੀ ਆਪਣੀ ਮਾਂ ਦਾ ਕਤਲ ਕੀਤਾ ਹੈ। ਇਸ ਸੰਬੰਧੀ ਥਾਣਾ ਮਹਿਲ ਕਲਾਂ ਦੇ ਮੁੱਖ ਅਫਸਰ ਅਮਰੀਕ ਸਿੰਘ ਨੇ ਦੱਸਿਆ ਕਿ ਮਿ੍ਤਕ ਔਰਤ ਦੀ ਬੇਟੀ ਕੁਲਦੀਪ ਕੌਰ ਦੇ ਬਿਆਨਾਂ ਦੇ ਆਧਾਰ ਤੇ ਉਸ ਦੇ ਭਰਾ ਸੁਖਜੀਤ ਸਿੰਘ ਉਰਫ ਜੀਤਾ ਦੇ ਖਿਲਾਫ਼ ਆਈ ਪੀ ਸੀ ਦੀ ਧਾਰਾ 302 ਅਧੀਨ ਮੁੱਕਦਮਾ ਦਰਜ ਕਰ ਲਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਦੋਸ਼ੀ ਨੇ ਕਬੂਲ ਕੀਤਾ ਹੈ ਕਿ ਮੇਰੀ ਅਤੇ ਮਾਤਾ ਦੀ ਕੱਲ੍ਹ ਕੁਝ ਘਰੇਲੂ ਕਾਰਨਾਂ ਕਰਕੇ ਲੜਾਈ ਹੋ ਗਈ ਸੀ ।ਤੇ ਮੇਰੇ ਵੱਲੋਂ ਗੁੱਸੇ ਵਿਚ ਆ ਕੇ ਕਹੀ ਨਾਲ ਉਨ੍ਹਾਂ ਦੇ ਸਿਰ ਅਤੇ ਮੂੰਹ ਤੇ ਬਾਰ ਹੋ ਗਿਆ, ਜਿਸ ਨਾਲ ਉਸ ਦੀ ਮੌਕੇ ਤੇ ਮੌਤ ਹੋ ਗਈ ।
ਇਸ ਮੌਕੇ ਪੱਤਰਕਾਰਾਂ ਨੂੰ ਹੋਰ ਵਧੇਰੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਔਰਤ ਦੀ ਬੇਟੀ ਕੁਲਦੀਪ ਕੌਰ ਨੇ ਦੱਸਿਆ ਕਿ ਉਸ ਦੀ ਮਾਤਾ ਦੇ ਜ਼ਖ਼ਮੀ ਹੋਣ ਸਬੰਧੀ ਉਸ ਦੇ ਭਰਾ ਨੇ ਰਾਤ ਸਾਢੇ ਦੱਸ ਵਜੇ ਦੇ ਕਰੀਬ ਉਸ ਨੂੰ ਫੋਨ ਰਾਹੀਂ ਸੂਚਿਤ ਕੀਤਾ ਤੇ ਕਿਹਾ ਕਿ ਆਪਣੀ ਮਾਤਾ ਜ਼ਖ਼ਮੀ ਹਾਲਤ ਵਿਚ ਘਰ ਅੰਦਰ ਪਈ ਹੈ ।ਜਿਸ ਤੋਂ ਤੁਰੰਤ ਬਾਅਦ ਮੈਂ ਆਪਣੇ ਘਰ ਵਾਲੇ ਅਤੇ ਹੋਰ ਪਰਿਵਾਰਕ ਮੈਂਬਰਾਂ ਨਾਲ ਜਦ ਮਹਿਲ ਕਲਾਂ ਵਿਖੇ ਆਈ ਤਾਂ ਮੇਰੀ ਮਾਂ ਦੀ ਮੌਤ ਹੋ ਚੁੱਕੀ ਸੀ ।ਉਨ੍ਹਾਂ ਦੱਸਿਆ ਕਿ ਮੇਰਾ ਭਰਾ ਸ਼ਰਾਬ ਪੀਣ ਦਾ ਆਦੀ ਕਰਕੇ ਅਕਸਰ ਹੀ ਮਾਤਾ ਨਾਲ ਲੜਦਾ ਰਹਿੰਦਾ ਸੀ ।