ਦਵਿੰਦਰ ਡੀ.ਕੇ. ਜਗਰਾਉਂ 15 ਮਈ 2021
ਸਥਾਨਕ ਦਾਣਾ ਮੰਡੀ ਵਿਚ ਅੱਜ ਸ਼ਾਮ ਗੈਂਗਸਟਰਾਂ ਨੇ ਸੀਆਈਏ ਸਟਾਫ ਦੀ ਪੁਲਿਸ ਪਾਰਟੀ ਤੇ ਗੋਲੀਆਂ ਚਲਾ ਦਿੱਤੀਆਂ। ਗੈਂਗਸਟਰਾਂ ਦੇ ਹਮਲੇ ਵਿੱਚ ਦੋ ਥਾਣੇਦਾਰਾਂ ਦੀ ਮੌਤ ਹੋ ਗਈ। ਜਦੋਂਕਿ ਇੱਕ ਪੁਲਿਸ ਮੁਲਾਜ਼ਮ ਬਾਲ ਬਾਲ ਬਚ ਗਿਆ। ਵਾਰਦਾਤ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਦੇ ਆਲ੍ਹਾ ਅਧਿਕਾਰੀ ਮੌਕੇ ਤੇ ਪਹੁੰਚ ਗਏ। ਪੁਲਿਸ ਨੇ ਹੱਤਿਆਰੇ ਗੈਂਗਸਟਰਾਂ ਨੂੰ ਫੜ੍ਹਨ ਲਈ, ਕਰੜਾ ਸੁਰੱਖਿਆ ਘੇਰਾ ਬਣਾ ਕੇ ਉਨ੍ਹਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ। ਪ੍ਰਾਪਤ ਜਾਣਕਾਰੀ ਮੁਤਾਬਿਕ ਤਿੰਨ ਪੁਲਿਸ ਮੁਲਾਜਮ ਸੀਆਈਏ ਸਟਾਫ ਤੋਂ ਕਿਸੇ ਕੇਸ ਦੀ ਤਫਤੀਸ਼ ਕਰਦੇ ਹੋਏ ਦਾਣਾ ਮੰਡੀ ਪਹੁੰਚੇ ਸਨ ਅਤੇ ਇਕ ਟੈਂਕਰ ਦੀ ਤਲਾਸ਼ੀ ਲੈ ਰਹੇ ਸਨ । ਅਚਾਨਕ ਹੀ ਇਕ ਆਈ 20 ਕਾਰ ‘ਚ ਸਵਾਰ ਕੁੱਝ ਹਥਿਆਰਬੰਦ ਨੌਜਵਾਨਾਂ ਨੇ ਪੁਲਿਸ ਮੁਲਾਜਮਾਂ ਤੇ ਗੋਲੀਆਂ ਚਲਾ ਦਿਤੀਆਂ। ਗੈਂਗਸਟਰਾਂ ਦੀਆਂ ਗੋਲੀਆਂ ਨਾਲ ਥਾਣੇਦਾਰ ਭਗਵਾਨ ਸਿੰਘ ਤੇ ਥਾਣੇਦਾਰ ਦਲਵਿੰਦਰ ਸਿੰਘ ਦੀ ਗੋਲੀਆਂ ਲੱਗਣ ਕਰਕੇ ਮੌਤ ਹੋ ਗਈ। ਜਦੋਂ ਕਿ ਤੀਸਰਾ ਪੁਲਿਸ ਮੁਲਾਜਮ ਬਚ ਗਿਆ। ਹੱਤਿਆਰੇ ਗੈਂਗਸਟਰ ,ਹਥਿਆਰਾਂ ਸਣੇ ਮੌਕੇ ਤੋਂ ਕਾਰ ਅਤੇ ਟੈਂਕਰ ਲੈ ਕੇ ਫਰਾਰ ਹੋ ਗਏ।
ਇਸ ਮੌਕੇ ਜਗਰਾਓਂ ਪੁਲਿਸ ਜਿਲੇ ਦੇ ਸਾਰੇ ਆਲਾ ਅਧਿਕਾਰੀ ਪਹੁੰਚੇ ਤੇ ਕਈ ਪੁਲਿਸ ਮੁਲਾਜ਼ਮ ਤਾਂ ਆਪਣੇ ਸਾਥੀਆਂ ਦੀ ਮੌਤ ਤੇ ਰੌਂਦੇ ਵੀ ਦੇਖੇ ਗਏ। ਇਸ ਮੌਕੇ DSP ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਆਈ20 ਕਾਰ 0673 ਨੰਬਰ ਵਿਚ 3 ਤੋਂ 4 ਗੈਂਗਸਟਰ ਨੌਜਵਾਨਾਂ ਨੇ ਗੋਲ਼ੀਆਂ ਚਲਾ ਦਿਤੀਆਂ, ਜਿਸ ਕਾਰਨ 2 ਪੁਲਿਸ ਮੁਲਾਜ਼ਮਾਂ ਦੀ ਮੌਤ ਹੀ ਗਈ। ਪੁਲਿਸ ਪੂਰੀ ਗੰਭੀਰਤਾ ਨਾਲ ਇਸ ਮਾਮਲੇ ਦੀ ਜਾਂਚ ਕਰ ਰਹੇ ਹੈ।