ਬਰਨਾਲਾ ਵਿਚ 30 ਕਿਸਾਨ ਜਥੇਬੰਦੀਆਂ ਦੇ ਹਜਾਰਾਂ ਕਾਰਕੁਨਾਂ ਨੇ ਲਾਕਡਾਊਨ ਤੋੜ ਕੇ ਕੀਤਾ ਰੋਸ ਪ੍ਰਦਰਸ਼ਨ  

Advertisement
Spread information

ਸਾਂਝਾ ਕਿਸਾਨ ਮੋਰਚਾ: ਕਰੋਨਾ ਬਹਾਨੇ ਕਾਰੋਬਾਰਾਂ ਦਾ ਉਜਾੜਾ ਬੰਦ ਕਰੋ: ਕਿਸਾਨ ਆਗੂ

ਲੌਕਡਾਊਨ ਲਾ ਕੇ ਸਰਕਾਰਾਂ ਆਪਣੀ ਨਾਕਾਮੀ ਦਾ ਠੀਕਰਾ ਲੋਕਾਂ ਸਿਰ ਨਾ ਭੰਨਣ

ਪਰਦੀਪ ਕਸਬਾ,  ਬਰਨਾਲਾ: 8 ਮਈ, 2021
               ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਬਰਨਾਲਾ ਰੇਲਵੇ ਸਟੇਸ਼ਨ ‘ਤੇ ਲਾਏ ਧਰਨੇ ਦਾ 220ਵਾਂ ਦਿਨ ਅੱਜ ਲੌਕਡਾਊਨ ਵਿਰੋਧੀ ਦਿਵਸ ਵੱਜੋਂ ਮਨਾਇਆ ਗਿਆ। ਮੋਰਚੇ ਦੇ ਸੱਦੇ ਅਨੁਸਾਰ ਰੇਲਵੇ ਸਟੇਸ਼ਨ  ਬਰਨਾਲਾ ‘ਤੇ ਤੀਹ ਕਿਸਾਨ ਜਥੇਬੰਦੀਆਂ ਦੇ ਮੈਂਬਰ, ਬੀਕੇਯੂ ਉਗਰਾਹਾਂ, ਮਜਦੂਰ ਤੇ ਮੁਲਾਜਮ ਜਥੇਬੰਦੀਆਂ ਅਤੇ ਬਰਨਾਲਾ ਵਿਉਪਾਰ ਮੰਡਲ ਦੇ ਮੈਂਬਰ ਹਜਾਰਾਂ ਦੀ ਗਿਣਤੀ ਵਿੱਚ ਇਕੱਠੇ ਹੋਏ।ਹਰੀਆਂ ਤੇ ਪੀਲੀਆਂ ਚੁੰਨੀਆਂ ਵਾਲੀਆਂ ਹਜਾਰਾਂ ਬੀਬੀਆਂ ਦੀ ਹਾਜਰੀ ਧਰਨੇ ਤੇ ਮੁਜਾਹਰੇ ਨੂੰ ਅਦੁੱਤੀ ਖਿੱਚ ਤੇ ਤਾਕਤ ਬਖਸ਼ ਰਹੀ ਸੀ। ਰੇਲਵੇ ਸਟੇਸ਼ਨ ‘ਤੇ ਇਕੱਠੇ ਹੋਣ ਬਾਅਦ ਸ਼ਹਿਰ ਵਿੱਚ ਰੋਹ ਭਰਪੂਰ ਰੋਸ ਮੁਜਾਹਰਾ ਕੀਤਾ ਗਿਆ। ਸ਼ਹਿਰ ਵਿੱਚ ਰੋਹ ਭਰਪੂਰ ਜੋਸ਼ੀਲੇ ਮਾਰਚ ਦੌਰਾਨ ਕਰੋਨਾ ਇੱਕ ਬਹਾਨਾ ਹੈ-ਕਾਰੋਬਾਰ ਦਾ ਉਜਾੜਾ ਅਸਲ ਨਿਸ਼ਾਨਾ ਹੈ, ਸ਼ਹਿਰੀ ਭਰਾਵੋ ਰਲੋ ਕਿਸਾਨਾਂ ਸੰਗ-ਰਲ ਕੇ ਲੜੀਏ ਹੱਕੀ ਜੰਗ, ਹੱਕਾਂ ਲਈ ਜੋ ਲੜਦੇ ਲੋਕ- ਜੇਲ੍ਹਾਂ ਤੋਂ ਨੀ ਡਰਦੇ ਲੋਕ, ਮੋਦੀ-ਕੈਪਟਨ ਜੁੰਡਲੀ-ਮੁਰਦਾਬਾਦ, ਲੋਕ ਏਕਤਾ-ਜਿੰਦਾਬਾਦ ਦੇ ਨਾਹਰੇ ਗੂੰਜਦੇ ਰਹੇ। ਬੁਲਾਰੇ ਆਗੂਆਂ ਨੇ ਵਪਾਰੀਆਂ ਤੇ ਕਾਰੋਬਾਰੀਆਂ ਨੂੰ  ਭਰੋਸਾ ਦਿਵਾਇਆ ਕਿ ਸੰਯੁਕਤ ਕਿਸਾਨ ਮੋਰਚਾ ਉਨ੍ਹਾਂ ਦੀ ਹਮਾਇਤ ਕਰਨ ਲਈ ਆਇਆ ਹੈ।
                ਉਹ ਬਗੈਰ ਕਿਸੇ ਡਰ ਤੇ ਦਬਾਅ ਤੋਂ ਆਪਣੀਆਂ ਦੁਕਾਨਾਂ ਤੇ ਕਾਰੋਬਾਰ ਖੋਲ੍ਹਣ। ਸਰਕਾਰ  ਸਿਹਤ ਸਹੂਲਤਾਂ ਪ੍ਰਦਾਨ ਕਰਨ ਵਿੱਚ ਨਾਕਾਮ ਰਹੀ ਹੈ ਅਤੇ ਹੁਣ ਆਪਣੀ ਇਸ ਨਾਕਾਮੀ ਦਾ ਬੋਝ ਲੋਕਾਂ ਸਿਰ ਪਾਉਣਾ ਚਾਹੁੰਦੀ ਹੈ। ਅਸੀਂ ਕਿਸੇ ਵੀ ਸੂਰਤ ਵਿੱਚ ਲੋਕਾਂ ਨੂੰ ਪਿਛਲੇ ਸਾਲ ਵਾਲੀ ਤਰਾਸਦੀ ਦੇ ਮੂੰਹ ਨਹੀਂ ਪੈਣ ਦੇਵਾਂਗੇ।
                  ਧਰਨੇ ਦੀ ਸਟੇਜ ਤੋਂ ਅਤੇ ਰੋਸ ਪ੍ਰਦਰਸ਼ਨ ਦੌਰਾਨ ਕੀਤੇ ਪੜਾਵਾਂ  ਸਮੇਂ ਕਰਨੈਲ ਸਿੰਘ ਗਾਂਧੀ, ਚਮਕੌਰ ਸਿੰਘ ਨੈਣੇਵਾਲ, ਦਰਸ਼ਨ ਸਿੰਘ ਰਾਏਸਰ,ਸਰਪੰਚ ਗੁਰਚਰਨ ਸਿੰਘ ਸੁਰਜੀਤਪੁਰਾ,ਦਰਸ਼ਨ ਸਿੰਘ ਭੈਣੀ ਮਹਿਰਾਜ,ਨਛੱਤਰ ਸਿੰਘ ਸਾਹੌਰ, ਨਾਇਬ ਸਿੰਘ ਕਾਲਾ, ਗੋਪਾਲ ਸਿੰਗਲਾ, ਗੁਰਪ੍ਰੀਤ ਸਿੰਘ ਰੂੜੇਕੇ, ਨਰੈਣ ਦੱਤ, ਬਾਬੂ ਸਿੰਘ ਖੁੱਡੀ ਕਲਾਂ, ਬਲੌਰ ਸਿੰਘ ਛੰਨਾ, ਨਿਰਭੈ ਸਿੰਘ ਛੀਨੀਵਾਲ, ਜੀਤ ਸਿੰਘ ਕਾਹਨੇਕੇ, ਮੇਲਾ ਕੱਟੂ, ਖੁਸ਼ੀਆ ਸਿੰਘ, ਹਰਚਰਨ ਚੰਨਾ, ਚਰਨਜੀਤ ਕੌਰ, ਯਾਦਵਿੰਦਰ ਸਿੰਘ ਚੌਹਾਨਕੇ, ਅਮਰਜੀਤ ਕੌਰ, ਗਰਵਿੰਦਰ ਕੌਰ ਕਾਲੇਕੇ,  ਮਨਜੀਤ ਰਾਜ, ਗੁਰਦਰਸ਼ਨ ਸਿੰਘ ਦਿਉਲ,ਮਲਕੀਤ ਸਿੰਘ ਜੇਪੀਐਮਉ, ਬਹਾਲ ਸਿੰਘ ਕੁਰੜ ਨੇ ਸੰਬੋਧਨ ਕੀਤਾ। ਬੁਲਾਰਿਆਂ ਨੇ ਕਿਹਾ ਕਿ ਸਰਕਾਰ ਨੂੰ ਕਰੋਨਾ  ਦੀ ਸਮੱਸਿਆ ਨਾਲ ਨਜਿੱਠਣ ਲਈ ਵਿਗਿਆਨਕ ਪਹੁੰਚ ਅਪਣਾਉਣੀ ਚਾਹੀਦੀ ਹੈ। ਲੌਕਡਾਊਨ ਲਾ ਕੇ ਲੋਕਾਂ ਦਾ ਰੁਜਗਾਰ ਨਹੀਂ ਖੋਹਣਾ ਚਾਹੀਦਾ ਜਿਸ ਕਾਰਨ ਉਹ ਜੇਕਰ ਕਰੋਨਾ ਨਾਲ ਨਾ ਵੀ ਮਰੇ ਤਾਂ ਭੁੱਖ ਨਾਲ ਜਰੂਰ ਮਰ ਜਾਣਗੇ। ਅਸੀਂ ਇਹ ਹਰਗਿਜ਼ ਨਹੀਂ ਹੋਣ ਦੇਵਾਂਗੇ। ਲੋਕਾਂ ਨੂੰ ਸਰਕਾਰਾਂ ਤੋਂ ਝਾਕ ਛੱਡ ਕੇ ਆਪਣੇ ਹਿੱਤਾਂ ਦੀ ਆਪ ਰਾਖੀ ਕਰਨੀ ਚਾਹੀਦੀ ਹੈ। ਸੰਯੁਕਤ ਕਿਸਾਨ ਮੋਰਚਾ ਤੋਂ ਇਲਾਵਾ ਸ਼ਹਿਰੀ ਸੰਸਥਾਵਾਂ ਖਾਸ ਕਰ ਨਾਇਬ ਸਿੰਘ ਕਾਲਾ ਦੀ ਅਗਵਾਈ ਹੇਠ ਵਪਾਰ ਮੰਡਲ ਬਰਨਾਲਾ ਦੇ ਵੱਡੀ ਗਿਣਤੀ ਵਿੱਚ ਸ਼ਹਿਰੀ ਕਾਰੋਬਾਰੀ, ਫਾਸ਼ੀ ਹਮਲੇ ਵਿਰੋਧੀ ਫਰੰਟ ਬਰਨਾਲਾ ਦੀ ਅਗਵਾਈ ਹੇਠ ਸੈਂਕੜੇ ਸਾਥੀਆਂ ਦਾ ਕਾਫਲਾ ਵੀ ਸ਼ਾਮਿਲ ਹੋਇਆ
Advertisement
Advertisement
Advertisement
Advertisement
Advertisement
error: Content is protected !!