ਮਨਪ੍ਰੀਤ ਜਲਪੋਤ, ਤਪਾ ਮੰਡੀ,27 ਅਪ੍ਰੈਲ 2021
ਸ਼ਹਿਰ ਦੇ ਢਿੱਲਵਾਂ ਰੋਡ ਤੇ ਬੰਦ ਪਈ ਗੱਤਾ ਮਿੱਲ ਦੀ ਢਾਹ ਢੁਆਈ ਦੇ ਕੰਮ ਦਾ ਠੇਕਾ ਲੈਣ ਵਾਲੇ ਠੇਕੇਦਾਰ ਅਬਦੁਲ ਰਹਿਮਾਨ ਉਰਫ ਭੋਲਾ ਵਾਸੀ ਮਲੇਰਕੋਟਲਾ ਦੀ ਅਣਪਛਾਤਿਆਂ ਨੇ ਹੱਤਿਆ ਕਰ ਦਿੱਤੀ। ਘਟਨਾ ਦੀ ਸੂਚਨਾ ਮਿਲਦਿਆਂ ਹੀ ਇਲਾਕੇ ‘ਚ ਸਨਸਨੀ ਫੈਲ ਗਈ । ਹੱਤਿਆ ਸਬੰਧੀ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਠੇਕੇਦਾਰ ਅਬਦੁਲ ਰਹਿਮਾਨ ਉਰਫ ਭੋਲਾ ਵਾਸੀ ਮਲੇਰਕੋਟਲਾ ਦੇ ਭਰਾ ਲਿਆਕਤ ਅਲੀ ਅਤੇ ਪੁੱਤਰ ਦਿਲਸ਼ਾਦ ਨੇ ਦੱਸਿਆ ਕਿ ਅਬਦੁਲ ਰਹਿਮਾਨ ਠੇਕੇਦਾਰ ਨੇ ਲਗਭੱਗ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਬੰਦ ਪਈ ਖਸ਼ਤਾ ਹਾਲ ਗੱਤਾ ਮਿੱਲ ਦਾ ਠੇਕਾ ਲਿਆ ਹੋਇਆ ਸੀ,ਜਿਸ ਨਾਲ ਲੇਬਰ ਦੇ 7 ਦੇ ਕਰੀਬ ਵਿਅਕਤੀ ਕੰਮ ਕਰ ਰਹੇ ਸਨ। ਜਿਨ੍ਹਾਂ ਵਿਚੋਂ ਇੱਕ ਵਿਅਕਤੀ ਸ਼ਾਮ ਸਮੇਂ ਛੁੱਟੀ ਲੈ ਕੇ ਚਲਾ ਗਿਆ ਸੀ ।
ਉਨ੍ਹਾਂ ਦੱਸਿਆ ਕਿ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਅੱਜ 14 ਵੇਂ ਰੋਜ਼ੇ ਵਾਲੇ ਦਿਨ ਅਬਦੁਲ ਰਹਿਮਾਨ ਰੋਜ਼ਾਨਾ ਦੀ ਤਰ੍ਹਾਂ ਸਵੇਰ ਦੇ ਕਰੀਬ ਢਾਈ ਕੁ ਵਜੇ ਉੱਠਣ ਉਪਰੰਤ ਉਨਾਂ ਲੇਬਰ ਨੂੰ ਉਠਾਇਆ ਅਤੇ ਰੋਜ਼ਾ ਰੱਖਣ ਲਈ ਕਿਹਾ ਉਪਰੰਤ ਆਪ ਬਜ਼ੂ ਕਰਨ ਸਬੰਧੀ ਪਾਣੀ ਲੈਣ ਲਈ ਚਲਾ ਗਿਆ। ਲਗਪਗ ਇੱਕ ਘੰਟਾ ਬੀਤ ਜਾਣ ਤੋਂ ਬਾਅਦ ਜਦ ਠੇਕੇਦਾਰ ਵਾਪਸ ਨਾ ਪਹੁੰਚਿਆ ਤਾਂ ਲੇਬਰ ਨੂੰ ਸ਼ੱਕ ਪੈਦਾ ਹੋਣ ਤੇ ਉਨ੍ਹਾਂ ਪਾਣੀ ਵਾਲੀ ਜਗ੍ਹਾ ਤੇ ਜਾ ਕੇ ਦੇਖਿਆ ਤਾਂ ਠੇਕੇਦਾਰ ਮ੍ਰਿਤਕ ਹਾਲਤ ਦੇ ਵਿਚ ਪਿਆ ਸੀ। ਜਿਸ ਦੀ ਹੱਤਿਆ ਕਿਸੇ ਤੇਜ਼ਧਾਰ ਹਥਿਆਰ ਨਾਲ ਕੀਤੀ ਜਾਪਦੀ ਸੀ, ਉਨ੍ਹਾਂ ਤੁਰੰਤ ਇਸ ਦੀ ਸੂਚਨਾ ਜਾਣਕਾਰ ਵਿਅਕਤੀਆਂ ਨੂੰ ਦਿੱਤੀ। ਜਿਨ੍ਹਾਂ ਇਸ ਦੀ ਸੂਚਨਾ ਤਪਾ ਪੁਲਸ ਨੂੰ ਦਿੱਤੀ। ਸੂਚਨਾ ਮਿਲਦੇ ਹੀ ਐੱਸ.ਪੀ ਤਪਾ ਜਗਵਿੰਦਰ ਸਿੰਘ ਚੀਮਾ, ਡੀ.ਐੱਸ.ਪੀ ਤਪਾ ਬਲਜੀਤ ਸਿੰਘ ਬਰਾੜ, ਥਾਣਾ ਮੁਖੀ ਜਗਜੀਤ ਸਿੰਘ ਘੁਮਾਣ,ਥਾਣਾ ਮੁਖੀ ਮੁਨੀਸ਼ ਕੁਮਾਰ ਭਦੌੜ ਸਮੇਤ ਪੁਲਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਸਥਿਤੀ ਦਾ ਜਾਇਜ਼ਾ ਲਿਆ। ਫਿਲਹਾਲ ਪੁਲਸ ਨੇ ਲਾਸ਼ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕੀਤੀ ਜਾ ਰਹੀ ਹੈ। ਮ੍ਰਿਤਕ ਆਪਣੇ ਪਿੱਛੇ ਦੋ ਬੇਟੀਆਂ ਤੇ ਇਕ ਬੇਟਾ ਛੱਡ ਗਿਆ ਹੈ।