ਮਹਿਲ ਕਲਾਂ ਅਤੇ ਭਦੌੜ ਹਲਕਿਆਂ ਤੋਂ ਵੀ ਕਾਂਗਰਸ ਵੱਲੋਂ ਉਮੀਦਵਾਰ ਬਦਲਣ ਦੀ ਕਵਾਇਦ ਸ਼ੁਰੂ
ਵਿਧਾਨ ਸਭਾ ਹਲਕਾ ਮਹਿਲ ਕਲਾਂ ਤੋਂ ਬਨੀ ਖਹਿਰਾ ਨੂੰ ਮਿਲੀ ਹਰੀ ਝੰਡੀ !
ਹਰਿੰਦਰ ਨਿੱਕਾ , ਬਰਨਾਲਾ 18 ਅਪ੍ਰੈਲ 2021
ਪੰਜਾਬ ‘ਚ ਅਗਲੇ ਵਰ੍ਹੇ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਲਈ ਰਾਜਨੀਤਕ ਪਾਰਟੀਆਂ ਦੇ ਰਣਨੀਤੀਕਾਰਾਂ ਨੇ ਹੁਣੇ ਤੋਂ ਹੀ ਬਿਸਾਤ ਵਿਛਾ ਕੇ ਆਪੋ ਆਪਣੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ ਆਮ ਆਦਮੀ ਪਾਰਟੀ ਦੇ ਨਵੇਂ ਚਿਹਰਿਆਂ ਤੋਂ ਬੁਰੀ ਤਰ੍ਹਾਂ ਮਾਤ ਖਾ ਚੁੱਕੀ ਕਾਂਗਰਸ ਪਾਰਟੀ ਨੇ ਆਗਾਮੀ ਚੋਣਾਂ ਲਈ ਬਰਨਾਲਾ, ਭਦੌੜ ਅਤੇ ਮਹਿਲ ਕਲਾਂ ਵਿਧਾਨ ਸਭਾ ਹਲਕਿਆਂ ਤੋਂ ਨਵੇਂ ਚਿਹਰਿਆਂ ਤੇ ਦਾਅ ਖੇਡਣ ਦੀ ਕਵਾਇਦ ਸ਼ੁਰੂ ਵੀ ਕਰ ਦਿੱਤੀ ਹੈ। ਪੰਜਾਬ ਕਾਂਗਰਸ ਹਾਈਕਮਾਨ ਦੇ ਆਲ੍ਹਾ ਸੂਤਰਾਂ ਅਨੁਸਾਰ ਪਾਰਟੀ ਨੇ ਬਰਨਾਲਾ ਹਲਕੇ ਤੋਂ ਬਾਦਲ ਪਰਿਵਾਰ ਦੇ ਬੇਹੱਦ ਕਰੀਬੀ ਰਹਿ ਚੁੱਕੇ ਅਤੇ ਅਕਾਲੀ ਭਾਜਪਾ ਸਰਕਾਰ ਦੇ 10 ਸਾਲ ਦੇ ਕਾਰਜਕਾਲ ਦੌਰਾਨ ਜਿਲ੍ਹੇ ਅੰਦਰ ਹੀ ਨਹੀਂ, ਬਲਕਿ ਪੰਜਾਬ ਅੰਦਰ ਹੀ ਸੱਤਾ ਦਾ ਕੇਂਦਰ ਬਿੰਦੂ ਬਣ ਕੇ ਉੱਭਰੇ ਲਖਵੀਰ ਸਿੰਘ ਉਰਫ ਲੱਖੀ ਜੈਲਦਾਰ ਨੂੰ ਉਮੀਦਵਾਰ ਦੇ ਤੌਰ ਤੇ ਸਿੰਗਾਰ ਦਿੱਤਾ ਗਿਆ ਹੈ। ਇਸੇ ਤਰ੍ਹਾਂ ਹੀ ਮਹਿਲ ਕਲਾਂ ਹਲਕੇ ਤੋਂ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦੇ ਖੇਮੇ ਨਾਲ ਸਬੰਧਤ ਅਤੇ ਨਾਭਾ ਸ਼ਹਿਰ ਦੇ ਰਹਿਣ ਵਾਲੇ ਯੂਥ ਕਾਂਗਰਸ ਦੇ ਸੂਬਾਈ ਆਗੂ ਬਨੀ ਖਹਿਰਾ ਨੂੰ ਥਾਪੜਾ ਦੇ ਦਿੱਤਾ ਹੈ। ਲੱਖੀ ਜੈਲਦਾਰ ਅਤੇ ਬਨੀ ਖਹਿਰਾ ਵੱਲੋਂ ਆਪਣੇ ਕਰੀਬੀਆਂ ਨੂੰ ਆਪੋ-ਆਪਣੇ ਵਿਧਾਨ ਸਭਾ ਹਲਕਿਆਂ ਅੰਦਰ ਹੁਣੇ ਤੋਂ ਹੀ ਮੋਰਚਿਆਂ ਤੇ ਡਟ ਜਾਣ ਲਈ ਇਸ਼ਾਰਾ ਕਰ ਦਿੱਤਾ ਗਿਆ ਹੈ। ਕਿਸੇ ਜਾਣ ਪਹਿਚਾਣ ਦੇ ਮੁਥਾਜ ਨਹੀਂ ਲੱਖੀ ਜੈਲਦਾਰ
ਬਰਨਾਲਾ ਹਲਕੇ ਦੇ ਸਭ ਤੋਂ ਵੱਡੇ ਅਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਚਰਨਛੋਹ ਪ੍ਰਾਪਤ ਪਿੰਡ ਹੰਡਿਆਇਆ ਦਾ ਰਹਿਣ ਵਾਲਾ ਲੱਖੀ ਜੈਲਦਾਰ ਬੇਹੱਦ ਸ਼ਰੀਫ ਤੇ ਇਮਾਨਦਾਰ ਆਗੂ ਹੈ। ਲੱਖੀ ਜੈਲਦਾਰ , ਸਿਫਰ ਤੋਂ ਸ਼ੁਰੂ ਹੋ ਕੇ ਆਪਣੀ ਮਿਹਨਤ ਅਤੇ ਕਵਾਲਿਟੀ ਦੇ ਦਮ ਤੇ ਸੱਤਾ ਦੇ ਗਲਿਆਰਿਆਂ ਦੀ ਸ਼ਿਖਰ ਤੱਕ ਪਹੁੰਚਿਆ ਹੈ। ਪੰਜਾਬ, ਹਰਿਆਣਾ, ਯੂਪੀ, ਰਾਜਸਥਾਨ ਅਤੇ ਕੌਮੀ ਰਾਜਧਾਨੀ ਦਿੱਲੀ ਦੀ ਅਫਸਰਸ਼ਾਹੀ ਵਿੱਚ ਲੱਖੀ ਦੇ ਨਾਂ ਦੀ ਤੂਤੀ ਬੋਲਦੀ ਹੈ। ਬਾਦਲ ਪਰਿਵਾਰ ਦਾ ਸਾਰਾ ਬਿਜਨੈਸ ਵੀ ਕਰੀਬ ਡੇਢ ਦਹਾਕੇ ਤੋਂ ਲੱਖੀ ਜੈਲਦਾਰ ਹੀ ਸੰਭਾਲਦਾ ਆ ਰਿਹਾ ਹੈ। ਇਸ ਤੋਂ ਇਲਾਵਾ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ , ਸਾਬਕਾ ਕੇਂਦਰੀ ਵਜ਼ੀਰ ਹਰਸਿਮਰਤ ਕੌਰ ਬਾਦਲ ਦੀ ਗੈਰਹਾਜ਼ਰੀ ਵਿੱਚ ਉਨ੍ਹਾਂ ਦੇ ਹਲਕਿਆਂ ਦੇ ਲੋਕਾਂ ਦੇ ਕੰਮਾਂ ਦੀ ਵਧੇਰੇ ਜਿੰਮੇਵਾਰੀ ਵੀ ਲੱਖੀ ਦੇ ਮੋਢਿਆਂ ਤੇ ਟਿਕੀ ਰਹੀ ਹੈ। ਪੰਜਾਬ ‘ਚ ਵੱਡੇ ਕਾਰੋਬਾਰੀ ਦੇ ਤੌਰ ਲੱਖੀ ਦੀ ਪਹਿਚਾਣ ਬਾਖੂਬੀ ਬਣੀ ਹੋਈ ਹੈ। ਭਰੋਸੇਯੋਗ ਸੂਤਰਾਂ ਅਨੁਸਾਰ ਹੁਣ ਕੁਝ ਸਮੇਂ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਰਖੂ ਅੱਖ ਨੇ ਲੱਖੀ ਜੈਲਦਾਰ ਦੇ ਗੁਣਾਂ ਨੂੰ ਪਹਿਚਾਣ ਕੇ ਆਪਣੇ ਨਾਲ ਜੋੜ ਲਿਆ ਹੈ। ਜਿਸ ਕਾਰਣ ਲੱਖੀ ਜੈਲਦਾਰ ਦੀ ਗੱਡੀ, ਹੁਣ ਕੈਪਟਨ ਅਮਰਿੰਦਰ ਸਿੰਘ ਦੇ ਸਿਸਵਾਂ ਫਾਰਮ ਤੇ ਬਿਨਾਂ ਕਿਸੇ ਰੋਕ ਟੋਕ ਦੇ ਧੁਰ ਅੰਦਰ ਤੱਕ ਪਹੁੰਚਦੀ ਹੈ। ਉੱਧਰ ਲੱਖੀ ਜੈਲਦਾਰ ਨੂੰ ਜਦੋਂ ਬਰਨਾਲਾ ਹਲਕੇ ਤੋਂ ਉਨਾਂ ਦੇ ਕਾਂਗਰਸੀ ਉਮੀਦਵਾਰ ਵਜੋਂ ਚੋਣ ਲੜਨ ਦੀ ਚੱਲ ਰਹੀ ਚਰਚਾ ਬਾਰੇ ਗੱਲਬਾਤ ਕੀਤੀ ਤਾਂ ਉਨਾਂ ਹੱਸਦਿਆਂ ਕਿਹਾ, ਹਾਲੇ ਸਮਾਂ ਤਾਂ ਆ ਲੈਣ ਦਿਉ। ਸਮਾਂ ਆਉਣ ਤੇ ਸਭ ਕੁਝ ਆਪੇ ਹੀ ਸਾਫ ਹੋ ਜਾਂਦਾ ਹੈ। ਮੈਂ ਫਿਲਹਾਲ ਇਸ ਬਾਰੇ ਕੁਝ ਵੀ ਕਹਿਣਾ ਠੀਕ ਨਹੀਂ ਸਮਝਦਾ।
ਰਜਿੰਦਰ ਗੁਪਤਾ ਦਾ ਵੀ ਜੋਟੀਦਾਰ ਐ ਲੱਖੀ
ਦੇਸ਼ ਦੇ ਵੱਡੇ ਉਦਯੋਗਪਤੀਆਂ ਦੀ ਸੂਚੀ ਵਿੱਚ ਸ਼ੁਮਾਰ ਟ੍ਰਾਈਡੈਂਟ ਗਰੁੱਪ ਦੇ ਸੰਸਥਾਪਕ ਆਰ. ਜੀ ਯਾਨੀ ਰਜਿੰਦਰ ਗੁਪਤਾ ਨਾਲ ਲੱਖੀ ਜੈਲਦਾਰ ਦੀਆਂ ਨਜਦੀਕੀਆਂ ਕਿਸੇ ਤੋਂ ਵੀ ਗੁੱਝੀਆਂ ਨਹੀਂ ਹਨ । ਦੱਸਿਆ ਇਹ ਵੀ ਜਾ ਰਿਹਾ ਹੈ ਕਿ ਰਜਿੰਦਰ ਗੁਪਤਾ ਨੇ ਵੀ ਬਰਨਾਲਾ ਜਿਲ੍ਹੇ ਦੇ ਰਾਜਸੀ ਪਿੜ ਵਿੱਚ ਲੱਖੀ ਜੈਲਦਾਰ ਨੂੰ ਉਤਰਨ ਲਈ ਇਸ਼ਾਰਾ ਕੀਤਾ ਹੋਇਆ ਹੈ। ਕਾਂਗਰਸ ਵੱਲੋਂ ਬਰਨਾਲਾ ਵਿਧਾਨ ਸਭਾ ਹਲਕੇ ਤੋਂ 2 ਵਾਰ ਵਿਧਾਇਕ ਰਹਿ ਚੁੱਕੇ ਕੇਵਲ ਸਿੰਘ ਢਿੱਲੋਂ ਨੂੰ ਹਲਕੇ ਤੋਂ ਬਦਲ ਕੇ ਕਿਸੇ ਹੋਰ ਹਲਕੇ ਤੋਂ ਚੋਣ ਲੜਾਉਣ ਦੀ ਚਰਚਾ ਹੈ। ਵਜ੍ਹਾ ਸਾਫ ਹੈ ਕਿ ਲੰਘੀਆਂ ਵਿਧਾਨ ਸਭਾ ਚੋਣਾਂ ਸਮੇਂ ਪੰਜਾਬ ਵਿੱਚ ਵਗੀ ਕਾਗਰਸ ਪਾਰਟੀ ਦੀ ਹਨ੍ਹੇਰੀ ਵਿੱਚ ਵੀ ਕੇਵਲ ਢਿੱਲੋਂ ਖੁਦ ਤਾਂ ਹਾਰੇ ਹੀ ਪੂਰੇ ਜਿਲ੍ਹੇ ਵਿੱਚੋਂ ਹੀ ਕਾਂਗਰਸ ਪਾਰਟੀ ਦਾ ਸੂਪੜਾ ਸਾਫ ਹੋ ਗਿਆ ਸੀ। ਇੱਨ੍ਹਾਂ ਹੀ ਨਹੀਂ, ਕੇਵਲ ਸਿੰਘ ਢਿੱਲੋਂ ਵੱਲੋਂ ਮੰਗ ਕੇ ਲਈ ਲੋਕ ਸਭਾ ਸੰਗਰੂਰ ਦੀ ਟਿਕਟ ਅਤੇ ਸੂਬਾ ਸਰਕਾਰ ਕਾਗਰਸ ਦੀ ਹੋਣ ਦੇ ਬਾਵਜੂਦ ਵੀ, ਆਪ ਦੇ ਆਗੂ ਭਗਵੰਤ ਮਾਨ ਦੇ ਸਾਹਮਣੇ, ਕੇਵਲ ਸਿੰਘ ਢਿੱਲੋਂ ਦੇ ਪੈਰ ਵੀ ਟਿਕ ਨਹੀਂ ਸਕੇ ਸਨ। ਇਸ ਤਰਾਂ ਥੋੜ੍ਹੇ ਸਮੇਂ ਦੇ ਵਕਫੇ ਦੌਰਾਨ ਹੀ ਲਗਾਤਾਰ 2 ਚੋਣਾਂ ਹਾਰ ਚੁੱਕੇ, ਕੇਵਲ ਸਿੰਘ ਢਿੱਲੋਂ ਦੀ ਪਹਿਚਾਣ ਕਾਂਗਰਸ ਹਾਈਕਮਾਨ ਕੋਲ ਹਾਰੇ ਹੋਏ ਜਰਨੈਲ ਦੇ ਤੌਰ ਤੇ ਬਣ ਚੁੱਕੀ ਹੈ। ਜਿਸ ਕਾਰਣ ਕੈਪਟਨ ਅਮਰਿੰਦਰ ਸਿੰਘ ਅਤੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਅਗਲੀ ਵਾਰ ਫਿਰ ਸੂਬੇ ਦੀ ਸੱਤਾ ਦੇ ਕਾਬਿਜ ਹੋਣ ਲਈ, ਇੱਕ ਇੱਕ ਸੀਟ ਦੀ ਅਹਿਮੀਅਤ ਨੂੰ ਸਮਝਦਿਆਂ ਕੇਵਲ ਢਿੱਲੋਂ ਦਾ ਬਦਲ ਲੱਖੀ ਜੈਲਦਾਰ ਦੇ ਰੂਪ ਵਿੱਚ ਲੱਭਿਆ ਹੈ। ਜਿਸ ਦੇ ਮੋਢਿਆਂ ਤੇ ਜਿਲ੍ਹੇ ਦੀਆਂ ਤਿੰਨੋਂ ਸੀਟਾਂ ਦਾ ਵਜ਼ਨ ਧਰਿਆ ਜਾ ਸਕਦਾ ਹੈ। ਕੁਝ ਸਮੇਂ ਤੋਂ ਰਾਜਸੀ ਗਲਿਆਰਿਆਂ ਅਤੇ ਅਫਸਰਸ਼ਾਹੀ ਵਿੱਚ ਚਲਦੀ ਲੱਖੀ ਜੈਲਦਾਰ ਦੇ ਨਾਂ ਦੀ ਚਰਚਾ, ਹੁਣ ਪਿੰਡਾਂ ਦੀਆਂ ਸੱਥਾਂ ,ਗਲੀ ਮੁਹੱਲਿਆਂ ਅਤੇ ਹੱਟੀਆਂ ਤੱਕ ਹਰ ਕਿਸੇ ਦੀ ਜੁਬਾਨ ਤੇ ਹੈ।
ਕੌਣ ਐ ਬਨੀ ਖਹਿਰਾ
ਲੋਕ ਸਭਾ ਹਲਕਾ ਸੰਗਰੂਰ ਦੇ ਯੂਥ ਕਾਂਗਰਸ ਦੇ ਇੰਚਾਰਜ ਦੀਆਂ ਸੇਵਾਵਾਂ ਨਿਭਾ ਚੁੱਕੇ ਬਨੀ ਖਹਿਰਾ ,ਕੈਬਨਿਟ ਮੰਤਰੀ ਵਿਜੇ ਇੰਦਰ ਸਿੰਗਲਾ ਦੇ ਖੇਮੇ ਨਾਲ ਸਬੰਧਿਤ ਹਨ। ਬਨੀ ਖਹਿਰਾ ਦੀਆਂ ਰਾਜਸੀ ਤਾਰਾਂ ਮੋਤੀ ਮਹਿਲ ਪਟਿਆਲਆ ਨਾਲ ਵੀ ਜੁੜੀਆਂ ਹੋਈਆਂ ਹਨ। ਇੱਨ੍ਹੀ ਦਿਨੀਂ ਬਨੀ ਖਹਿਰਾ ਪੰਜਾਬ ਯੂਥ ਕਾਂਗਰਸ ਦੇ ਸੂਬਾ ਮੀਤ ਪ੍ਰਧਾਨ ਵਜੋਂ ਪੂਰੇ ਪੰਜਾਬ ਵਿੱਚ ਹੀ ਵਿਚਰ ਰਹੇ ਹਨ। ਪਰੰਤੂ ਉਨਾਂ ਦੀ ਅੱਖ ਮੁੱਖ ਤੌਰ ਤੇ ਵਿਧਾਨ ਸਭਾ ਹਲਕਾ ਮਹਿਲ ਕਲਾਂ ਤੇ ਹੀ ਟਿਕੀ ਹੋਈ ਹੈ। ਬਨੀ ਖਹਿਰਾ ਯੂਥ ਵਿੱਚ ਆਪਣੀ ਚੰਗੀ ਪੈਂਠ ਰੱਖਦੇ ਹਨ। ਇਹ ਵੀ ਪਤਾ ਲੱਗਿਆ ਹੈ ਕਿ ਥੋੜ੍ਹੇ ਦਿਨਾਂ ਅੰਦਰ ਹੀ ਬਨੀ ਖਹਿਰਾ ਮਹਿਲ ਕਲਾਂ ਕੋਠੀ ਲੈ ਕੇ ਆਪਣਾ ਪੱਕਾ ਠਿਕਾਣਾ ਮਹਿਲ ਕਲਾਂ ਹੀ ਬਣਾ ਰਹੇ ਹਨ। ਬਨੀ ਖਹਿਰਾ ਨੂੰ ਜਦੋਂ ਇਸ ਸਬੰਧੀ ਪੁੱਛਿਆ ਗਿਆ ਕਿ ਕੀ ਤੁਸੀਂ ਮਹਿਲ ਕਲਾਂ ਹਲਕੇ ਤੋਂ ਕਾਂਗਰਸ ਦੀ ਟਿਕਟ ਦੇ ਦਾਵੇਦਾਰ ਹੋ । ਤਾਂ ਉਨਾਂ ਕਿਹਾ ਕਿਉਂ ਨਹੀਂ, ਅਗਰ ਕਾਂਗਰਸ ਪਾਰਟੀ ਉਨਾਂ ਨੂੰ ਟਿਕਟ ਦਿੰਦੀ ਹੈ ਤਾਂ, ਉਹ ਲੋਕਾਂ ਦੇ ਸਹਿਯੋਗ ਨਾਲ ਸੀਟ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾ ਸਕਦੇ ਹਨ। ਉਨਾਂ ਹਲਕੇ ਵਿੱਚ ਪਾਰਟੀ ਦੀ ਫੁੱਟ ਬਾਰੇ ਕਿਹਾ ਕਿ ਇਹ ਬੜੀ ਚਿੰਤਾਂ ਦੀ ਗੱਲ ਹੈ, ਪਰੰਤੂ ਪਾਰਟੀ ਹਾ;ਈਕਮਾਨਹਲਕੇ ਅੰਦਰ ਪਾਰਟੀ ਦੀ ਫੁੱਟ ਨੂੰ ਛੇਤੀ ਹੀ ਦੂਰ ਕਰਵਾ ਦੇਵੇਗੀ।