ਡੀ.ਸੀ. ਦੇ ਹੁਕਮ ਮਗਰੋਂ ਆਰਟੀਏ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਸ਼ੁਰੂ ,ਸਕੂਲ ਪ੍ਰਬੰਧਕਾਂ ਨੂੰ ਕੀਤੀ ਸਖਤ ਤਾੜਨਾ
ਹਰਿੰਦਰ ਨਿੱਕਾ/ਮਨੀ ਗਰਗ , ਬਰਨਾਲਾ, 4 ਮਾਰਚ 2021
ਟ੍ਰੈਫਿਕ ਨਿਯਮਾਂ ਅਤੇ ਹੋਰ ਪੈਮਾਨਿਆਂ ਦੀ ਪਾਲਣਾ ਨਾ ਕਰਨ ਵਾਲੇ ਸਕੂਲਾਂ ਖਿਲਾਫ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਪ੍ਰਗਟਾਵਾ ਕਰਦੇ ਹੋਏ ਡਿਪਟੀ ਕਮਿਸ਼ਨਰ ਬਰਨਾਲਾ ਸ. ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਅੱਜ ਵਾਈ ਐਸ ਸਕੂਲ ਹੰਡਿਆਇਆ ਦੀ ਸਕੂਲ ਬੱਸ ਦਾ ਮਾਮਲਾ ਸਾਹਮਣੇ ਆਇਆ। ਜਿਸ ਮਗਰੋਂ ਉਨਾਂ ਵੱਲੋਂ ਸਕੱਤਰ ਆਰਟੀਏ ਕਰਨਬੀਰ ਸਿੰਘ ਛੀਨਾ ਨੂੰ ਮੌਕੇ ’ਤੇ ਪਹੁੰਚ ਕੇ ਬਣਦੀ ਕਾਰਵਾਈ ਦੇ ਆਦੇਸ਼ ਦਿੱਤੇ ਗਏ।
ਉਨਾਂ ਆਖਿਆ ਕਿ ਡਰਾਈਵਰਾਂ ਜਾਂ ਬੱਸ ਦੇ ਹੋਰ ਅਮਲੇ ਜਾਂ ਸਕੂਲ ਪ੍ਰਬੰਧਕਾਂ ਵੱਲੋਂ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਸਬੰਧੀ ਜ਼ਿਲੇ ਦੇ ਸਕੂਲਾਂ ਨੂੰ ਸਖਤ ਤਾੜਨਾ ਕੀਤੀ ਗਈ ਹੈ। ਇਸ ਦੌਰਾਨ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਸਕੱਤਰ ਆਰਟੀਏ ਕਰਨਬੀਰ ਸਿੰਘ ਛੀਨਾ ਮੌਕੇ ’ਤੇ ਪੁੱਜੇ। ਉਨਾਂ ਦੱਸਿਆ ਕਿ ਸਕੂਲ ਬੱਸ ਦਾ ਚਲਾਨ ਕਰਨ ਮਗਰੋਂ ਬੱਸ ਥਾਣੇ ਬੰਦ ਕਰਵਾ ਦਿੱਤੀ ਗਈ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਲਈ ਡਰਾਈਵਰ ਨੂੰ ਪੁਲੀਸ ਹਵਾਲੇ ਕਰ ਦਿੱਤਾ ਗਿਆ ਹੈ।
ਉਨਾਂ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਸਕੂਲਾਂ ਅਤੇ ਕਾਲਜਾਂ ਦੀਆਂ ਬੱਸਾਂ ਦੀ ਬਰਨਾਲਾ-ਸੰਗਰੂਰ ਰੋਡ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ ਹੈ, ਜਿਸ ਦੌਰਾਨ ਲੋੜੀਂੇਦੇ ਪੈਮਾਨਿਆਂ ’ਤੇ ਖਰਾ ਨਾ ਉਤਰਨ ’ਤੇ ਮਾਤਾ ਗੁਜਰੀ ਸਕੂਲ ਧਨੌਲਾ ਦੀ ਬੱਸ ਦਾ ਵੀ ਚਲਾਨ ਕੀਤਾ ਗਿਆ ਹੈ। ਉਨਾਂ ਆਖਿਆ ਕਿ ਇਹ ਚੈਕਿੰਗ ਮੁਹਿੰਮ ਆਉਦੇ ਦਿਨੀਂ ਵੀ ਜਾਰੀ ਰਹੇਗੀ। ਉਨਾਂ ਆਖਿਆ ਕਿ ਸਕੂਲੀ ਪ੍ਰਬੰਧਕਾਂ ਨੂੰ ਵੀ ਤਾੜਨਾ ਕੀਤੀ ਗਈ ਹੈ ਕਿ ਅਜਿਹੀ ਕੋਈ ਵੀ ਅਣਗਹਿਲੀ ਨਾ ਕੀਤੀ ਜਾਵੇ। ਅਜਿਹਾ ਕਰਨ ਵਾਲੇ ਸਕੂਲਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਇਸ ਮੌੌਕੇ ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ’ਤੇ ਜ਼ਿਲਾ ਬਾਲ ਸੁਰੱਖਿਆ ਅਫਸਰ ਅਭਿਸ਼ੇਕ ਸਿੰਗਲਾ ਵੀ ਮੌਕੇ ’ਤੇ ਪੁੱਜੇ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਾਲ ਸੁਰੱਖਿਆ ਦੇ ਮੱਦੇਨਜ਼ਰ ਸਬੰਧਤ ਅਮਲੇ ਨੂੰ ਸਕੂਲ ਪ੍ਰਬੰਧਕਾਂ ਨੂੰ ਲਗਾਤਾਰ ਜਾਗਰੂਕ ਕਰਨ ਅਤੇ ਕੋਈ ਖਾਮੀ ਸਾਹਮਣੇ ਆਉਣ ’ਤੇ ਫੌਰੀ ਧਿਆਨ ’ਚ ਲਿਆਉਣ ਦੇ ਆਦੇਸ਼ ਦਿੱਤੇ ਗਏ ਹਨ। ਵਰਨਣਯੋਗ ਹੈ ਕਿ ਵਾਈਐਸ ਸਕੂਲ ਹੰਡਿਆਇਆ ਦੇ ਸ਼ਰਾਬੀ ਬੱਸ ਡਰਾਇਵਰ ਦਾ ਮਾਮਲਾ ਬਰਨਾਲਾ ਟੂਡੇ ਨੇ ਅੱਜ ਹੀ ਪ੍ਰਮੁੱਖਤਾ ਨਾਲ ਨਸ਼ਰ ਕੀਤਾ ਸੀ।