ਜ਼ਿਲ੍ਹੇ ਭਰ ‘ਚ ਲਾਭਪਾਤਰੀਆਂ ਦੇ ਕਾਰਡ 28 ਫਰਵਰੀ ਤੱਕ ਬਣਾਏ ਜਾਣਗੇ- ਡੀ.ਸੀ. ਫੂਲਕਾ
ਰਘਵੀਰ ਹੈਪੀ , ਬਰਨਾਲਾ, 27 ਫਰਵਰੀ 2021
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਗਈ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਜ਼ਿਲੇ ਭਰ ਵਿੱਚ ਲਾਭਪਾਤਰੀਆਂ ਦੇ ਕਾਰਡ 28 ਫਰਵਰੀ ਤੱਕ ਬਣਾਏ ਜਾ ਰਹੇ ਹਨ। ਜਿਸ ਦੇ ਮੱਦੇਨਜ਼ਰ ਜ਼ਿਲੇ ਭਰ ਦੇ ਸਾਰੇ ਸੇਵਾ ਕੇਂਦਰ 28 ਫਰਵਰੀ (ਐਤਵਾਰ) ਨੂੰ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਕਾਰਡ ਬਣਵਾਉਣ ਲਈ ਖੁੱਲ੍ਹੇ ਰਹਿਣਗੇ ਅਤੇ ਲਾਭਪਾਤਰੀ ਇਨ੍ਹਾਂ ਸੇਵਾ ਕੇਂਦਰਾਂ ਤੇ ਜਾ ਕੇ ਆਪਣੇ ਕਾਰਡ ਬਣਵਾ ਸਕਦੇ ਹਨ। ਕਾਰਡ ਕਢਵਾਉਣ ਦੀ ਫ਼ੀਸ 30 ਰੁਪਏ ਪ੍ਰਤੀ ਕਾਰਡ ਹੈ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਟਾਈਪ 1 ਸੇਵਾ ਕੇਂਦਰ ਡਿਪਟੀ ਕਮਿਸ਼ਨਰ ਦਫਤਰ ਕੰਪਲੈਕਸ ਵਿਖੇ ਸਥਿਤ ਹੈ, ਟਾਈਪ 2 ਸੇਵਾ ਕੇਂਦਰ ਪ੍ਰੇਮ ਪ੍ਰਧਾਨ ਮਾਰਕੀਟ ਨੇੜੇ ਬਸ ਅੱਡਾ ਬਰਨਾਲਾ, ਵਾਟਰ ਵਰਕਸ ਨੇੜੇ ਸਰਕਾਰੀ ਸਕੂਲ ਸੰਘੇੜਾ ਬਰਨਾਲਾ, ਆਈ.ਟੀ.ਆਈ.ਚੌਕ ਵਿਖੇ ਸਥਿਤ ਆਈ.ਟੀ.ਆਈ (ਮੁੰਡਿਆਂ) ਬਰਨਾਲਾ, ਸੇਵਾ ਕੇਂਦਰ ਹੰਡਿਆਇਆ , ਟਿਊਬਵੈੱਲ ਨੰਬਰ 1 ਨੇੜੇ ਸਿਵਲ ਹਸਪਤਾਲ ਧਨੌਲਾ, ਦਫਤਰ ਉਪ ਮੰਡਲ, ਮੈਜਿਸਟ੍ਰੇਟ ਤਪਾ ਅਤੇ ਸਬ ਤਹਿਸੀਲ ਭਦੌੜ ਵਿਖੇ ਸਥਿਤ ਹਨ। ਇਸੇ ਤਰ੍ਹਾਂ ਟਾਈਪ 3 ਸੇਵਾ ਕੇਂਦਰ ਧੂਰਕੋਟ ਅਤੇ ਮਹਿਲ ਕਲਾਂ ਵਿਖੇ ਸਥਿਤ ਹਨ।ਸ਼੍ਰੀ ਫੂਲਕਾ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਸਰਕਾਰ ਵੱਲੋਂ ਪ੍ਰਤੀ ਪਰਿਵਾਰ ਸਲਾਨਾ 5 ਲੱਖ ਰੁਪਏ ਤੱਕ ਦੇ ਨਕਦੀ ਰਹਿਤ ਮੁਫ਼ਤ ਇਲਾਜ ਦੀ ਸਹੂਲਤ ਦਿੱਤੀ ਜਾਂਦੀ ਹੈ। ਉਨਾਂ ਕਿਹਾ ਇਸ ਯੋਜਨਾ ਸਬੰਧੀ ਕਿਸੇ ਵੀ ਹੋਰ ਜਾਣਕਾਰੀ ਲਈ ਸਿਹਤ ਵਿਭਾਗ ਦੇ ਹੈਲਪਲਾਈਨ ਨੰਬਰ 104 ਤੇ ਸੰਪਰਕ ਕੀਤਾ ਜਾ ਸਕਦਾ ਹੈ। ਉਨਾਂ ਨੇ ਸਾਰੇ ਅਜਿਹੇ ਲਾਭਪਾਤਰੀਆਂ ਨੂੰ ਅਪੀਲ ਕੀਤੀ ਕਿ ਜਿਨ੍ਹਾਂ ਨੇ ਹਾਲੇ ਕਾਰਡ ਨਹੀਂ ਬਣਵਾਏ ਉਹ ਬਿਨ੍ਹਾਂ ਦੇਰੀ ਇਹ ਕਾਰਡ ਬਣਵਾ ਲੈਣ।