ਰਘਵੀਰ ਹੈਪੀ , ਬਰਨਾਲਾ,22 ਦਸੰਬਰ 2020
ਸਕੂਲ ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸਰਬਪੱਖੀ ਵਿਕਾਸ ਲਈ ਵਿੱਦਿਅਕ ਗਤੀਵਿਧੀਆਂ ਦੇ ਨਾਲ ਨਾਲ ਸਹਿ-ਵਿੱਦਿਅਕ ਗਤੀਵਿਧੀਆਂ ਨੂੰ ਵੀ ਬਰਾਬਰ ਦੀ ਤਰਜ਼ੀਹ ਦਿੱਤੀ ਜਾ ਰਹੀ ਹੈ।ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਸ੍ਰੀ ਕ੍ਰਿਸ਼ਨ ਕੁਮਾਰ ਦੀ ਅਗਵਾਈ ਹੇਠ ਸੂਬੇ ਦੇ ਸਰਕਾਰੀ ਸਕੂਲਾਂ ‘ਚ ਰਾਸ਼ਟਰੀ ਗਣਿਤ ਦਿਵਸ ਮਨਾਇਆ ਗਿਆ।
ਸ੍ਰ ਸਰਬਜੀਤ ਸਿੰਘ ਤੂਰ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਅਤੇ ਸ੍ਰੀਮਤੀ ਹਰਕੰਵਲਜੀਤ ਕੌਰ ਉਪ ਜਿਲ੍ਹਾ ਸਿੱਖਿਆ ਅਫ਼ਸਰ ਸੈਕੰਡਰੀ ਨੇ ਦੱਸਿਆ ਕਿ ਜਿਲ੍ਹੇ ਦੇ ਸਰਕਾਰੀ ਸਕੂਲਾਂ ‘ਚ ਭਾਰਤੀ ਗਣਿਤ ਵਿਗਿਆਨੀ ਸ੍ਰੀਨਿਵਾਸਨ ਰਾਮਾਨੁਜਨ ਦਾ ਜਨਮ ਦਿਨ ਰਾਸ਼ਟਰੀ ਗਣਿਤ ਦਿਵਸ ਵਜੋਂ ਮਨ੍ਹਾਇਆ ਗਿਆ।ਅਧਿਕਾਰੀਆਂ ਨੇ ਦੱਸਿਆ ਕਿ ਇਸ ਦੌਰਾਨ ਵਿਦਿਆਰਥੀਆਂ ਨੂੰ ਸ੍ਰੀਨਿਵਾਸਨ ਰਾਮਾਨੁਜਨ ਵੱਲੋਂ ਗਣਿਤ ਖੇਤਰ ਵਿੱਚ ਪਾਏ ਯੋਗਦਾਨ ਬਾਰੇ ਜਾਣਕਾਰੀ ਦੇਣ ਦੇ ਨਾਲ ਨਾਲ ਰੋਜ਼ਾਨਾ ਜੀਵਨ ‘ਚ ਗਣਿਤ ਦੀ ਮਹੱਤਤਾ ਬਾਰੇ ਵੀ ਜਾਗਰੂਕ ਕੀਤਾ ਗਿਆ।ਸ੍ਰੀ ਕਮਲਦੀਪ ਡੀਐਮ ਗਣਿਤ ਨੇ ਦੱਸਿਆ ਕਿ ਸਰਕਾਰੀ ਸਕੂਲਾਂ ‘ਚ ਰਾਸ਼ਟਰੀ ਗਣਿਤ ਦਿਵਸ ਮੌਕੇ ਕਰਵਾਏ ਵਿੱਦਿਅਕ ਮੁਕਾਬਲਿਆਂ ‘ਚ ਵਿਦਿਆਰਥੀਆਂ ਨੇ ਉਤਸ਼ਾਹ ਨਾਲ ਸ਼ਿਰਕਤ ਕੀਤੀ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ(ਲੜਕੀਆਂ) ਭਦੌੜ ਦੇ ਪ੍ਰਿੰਸੀਪਲ ਸ੍ਰੀਮਤੀ ਅਨੀਤਾ,ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕਰਮਗੜ੍ਹ ਦੇ ਪ੍ਰਿੰਸੀਪਲ ਸ੍ਰੀ ਰਾਜੇਸ਼ ਕੁਮਾਰ ਅਤੇ ਸਰਕਾਰੀ ਹਾਈ ਸਕੂਲ ਨਾਈਵਾਲਾ ਦੇ ਹੈੱਡਮਾਸਟਰ ਸ੍ਰੀ ਰਾਜੇਸ਼ ਕੁਮਾਰ ਨੇ ਦੱਸਿਆ ਕਿ ਸਕੂਲ ਦੇ ਗਣਿਤ ਅਧਿਆਪਕਾਂ ਦੇ ਪ੍ਰਬੰਧਾਂ ਹੇਠ ਮਨਾਏ ਰਾਸ਼ਟਰੀ ਗਣਿਤ ਦਿਵਸ ਮੌਕੇ ਵਿਦਿਆਰਥੀਆਂ ਨੂੰ ਸ੍ਰੀਨਿਵਾਸਨ ਰਾਮਾਨੁਜਨ ਵੱਲੋਂ ਗਣਿਤ ਦੇ ਖੇਤਰ ਵਿੱਚ ਪ੍ਰਮੇਅ ਅਤੇ ਸੰਖਿਆਵਾਂ ਬਾਰੇ ਕੀਤੀਆਂ ਖੋਜ਼ਾਂ ਦੀ ਜਾਣਕਾਰੀ ਦੇਣ ਸਮੇਤ ਉਹਨਾਂ ਦੇ ਸਿਧਾਂਤ ਰਾਮਾਨੁਜਨ ਅਭਾਜ,ਰਾਮਾਨੁਜਨ ਸੰਖਿਆਵਾਂ ਅਤੇ ਹੋਰ ਬਹੁਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ਗਈ।ਇਸ ਮੌਕੇ ਵਿਦਿਆਰਥੀਆਂ ਦੇ ਗਣਿਤ ਕੁਇਜ਼ ਅਤੇ ਹੋਰ ਵਿੱਦਿਅਕ ਮੁਕਾਬਲੇ ਵੀ ਕਰਵਾਏ ਗਏ। ਸਕੂਲ ਮੁਖੀਆਂ ਅਤੇ ਸਟਾਫ਼ ਵੱਲੋਂ ਮੁਕਾਬਲਿਆਂ ਦੇ ਜੇਤੂ ਵਿਦਿਆਰਥੀਆਂ ਦੀ ਹੌਸਲਾ ਅਫ਼ਜਾਈ ਵੀ ਕੀਤੀ ਗਈ।