ਮੋਦੀ ਹਕੂਮਤ ਨੂੰ ਕੌਮਾਂਤਰੀ ਭਾਈਚਾਰੇ ਵਿੱਚ ਵੀ ਜਵਾਬਦੇਹ ਬਣਾਵਾਂਗੇ-ਅਮਨ ਧਾਲੀਵਾਲ
ਹਰਿੰਦਰ ਨਿੱਕਾ ਬਰਨਾਲਾ 18 ਦਸੰਬਰ 2020
ਖੇਤੀ ਵਿਰੋਧੀ ਤਿੰਨ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਅਤੇ ਪਰਾਲੀ ਸਾੜਨ ਸਬੰਧੀ ਕਿਸਾਨਾਂ ਨੂੰ ਇੱਕ ਕਰੋੜ ਰੁ. ਜੁਰਮਾਨਾ ਅਤੇ ਪੰਜ ਸਾਲ ਦੀ ਕੈਦ ਵਾਲੇ ਆਰਡੀਨੈਂਸ ਖਿਲਾਫ 30 ਕਿਸਾਨ ਜਥੇਬੰਦੀਆਂ ਵੱਲੋਂ ਰੇਲਵੇ ਸਟੇਸ਼ਨ ਬਰਨਾਲਾ ਦੀ ਪਾਰਕਿੰਗ ਵਿੱਚ ਸ਼ੁਰੂ ਹੋਏ ਸਾਂਝੇ ਕਿਸਾਨ ਸੰਘਰਸ਼ ਦੇ 79 ਵੇਂ ਦਿਨ ਹੱਡ ਚੀਰਵੀਂ ਠੰਡ ਦੇ ਬਾਵਜੂਦ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੂੰ ਪੰਜਾਬੀ ਮੀਲ ਬਰਨਾਲਾ ਜਿਲੇ ਦੇ ਪਿੰਡ ਕਾਹਨੇੇਕੇ ਪੇਂਡੂ ਪਿਛੋਕੜ ਨਾਲ ਸਬੰਧਤ ਹੁਣ ਅਮਰੀਕਾ ਰਹਿੰਦੇ ਨੌਜਵਾਨ ਅਮਨ ਧਾਲੀਵਾਲ ਨੇ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੁੰਦਿਆਂ ਦੱਸਿਆ ਕਿ ਅਸੀਂ ਮੋਦੀ ਹਕੂਮਤ ਵੱਲੋਂ ਲਿਆਂਦੇ ਤਿੰਨੇ ਖੇਤੀ ਵਿਰੋਧੀ ਕਾਨੂੰਨਾਂ ਖਿਲਾਫ ਕੌਮਾਂਤਰੀ ਅਦਾਲਤ ਵਿੱਚ ਆਨ ਲਾਈਨ ਪਟੀਸ਼ਨ ਦਾਇਰ ਕਰਨ ਜਾ ਰਹੇ ਹਾਂ। ਥੋੜੇ ਅਰਸੇ ਦੌਰਾਨ ਦੌਰਾਨ ਹੀ 64000 ਤੋਂ ਵਧੇਰੇ ਲੋਕ ਇਸ ਪਟੀਸ਼ਨ ਉੱਪਰ ਦਸਖਤ ਕਰ ਚੁੱਕੇ ਹਨ।
ਅਮਨ ਧਾਲੀਵਾਲ ਨੇ ਪੰਜਾਬ ਦੇ ਕਿਸਾਨਾਂ ਨੂੰ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਕਾਲੇ ਕਾਨੂੰਨਾਂ ਖਿਲਾਫ ਚੱਲ ਰਹੇ ਸਾਂਝੇ ਸੰਘਰਸ਼ ਦੀ ਦਰੁਸਤ ਬੁਨਿਆਦ (ਨੀਂਹ) ਰੱਖਣ ਬਦਲੇ ਸੰਗਰਾਮੀ ਮੁਬਾਰਕਬਾਦ ਦਿੰਦਿਆਂ ਇਸ ਸੰਘਰਸ਼ ਦੇ ਜਲਦ ਜਿੱਤ ਦੀ ਕਾਮਨਾ ਕੀਤੀ। ਸੰਚਾਲਨ ਕਮੇਟੀ ਵੱਲੋਂ ਪੰਜਾਬ ਦੀ ਧਰਤੀ ਦੇ ਜਾਇਆਂ ਦਾ ਸੱਤ ਸਮੁੰਦਰੋਂ ਪਾਰ ਪਰਵਾਸ ਕਰ ਜਾਣ ਦੇ ਬਾਵਜੂਦ ਵੀ ਆਪਣੀ ਜੰਮਣ ਭੋਇਂ ਦੇ ਲੋਕ ਸਰੋਕਾਰਾਂ ਨਾਲ ਨੇੜਿਉਂ ਜੁੜੇ ਰਹਿਣ ਲਈ ਧੰਨਵਾਦ ਕਰਦਿਆਂ ਉਮੀਦ ਜਾਹਰ ਕੀਤੀ ਕਿ ਆਉੁਣ ਵਾਲੇ ਸਮੇਂ ਵਿੱਚ ਇਸ ਤਰਾਂ ਸਮਾਜ ਦੇ ਸਭਨਾਂ ਵਰਗਾਂ ਦਾ ਵਡਮੁੱਲਾ ਸਹਿਯੋਗ ਰਹੇਗਾ। ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਖੇਤੀ ਵਿਰੋਧੀ ਤਿੰਨੇ ਕਾਨੂੰਨਾਂ ਖਿਲਾਫ ਚੱਲ ਰਹੀ ਸਾਂਝੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗਆਂ ਬਲਵੰਤ ਸਿੰਘ ਉੱਪਲੀ, ਗੁਰਦੇਵ ਸਿੰਘ ਮਾਂਗੇਵਾਲ, ਅਮਰਜੀਤ ਕੌਰ, ਕਰਨੈਲ ਸਿੰਘ ਗਾਂਧੀ , ਬਿੱਕਰ ਸਿੰਘ ਔਲਖ, ਉਜਾਗਰ ਸਿੰਘ ਬੀਹਲਾ , ਗੁਰਚਰਨ ਸਿੰਘ ਸਰਪੰਚ , ਬਾਰਾ ਸਿੰਘ ਬਦਰਾ, ਨਛੱਤਰ ਸਿੰਘ ਆਦਿ ਨੇ ਕਿਹਾ ਕਿ ਜਦ ਤੋਂ ਮੋਦੀ ਸਰਕਾਰ ਨੇ ਇਹ ਖੇਤੀ ਵਿਰੋਧੀ ਤਿੰਨੇ ਕਾਨੂੰਨ ਅਤੇ ਬਿਜਲੀ ਸੋਧ ਬਿਲ-੨੦੨੦ ਲਾਗੂ ਕੀਤੇ ਹਨ, ਕਿਸਾਨ ਜਥੇਬੰਦੀਆਂ ਦੇ ਸਾਂਝੇ ਪਾੜਾਅਵਾਰ ਸੰਘਰਸ਼ ਤੋਂ ਬਾਅਦ ਹੁਣ 26 ਨਵੰਬਰ ਤੋਂ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਮਰਦ ਔਰਤਾਂ ਦੇ ਕਾਫਲਿਆਂ ਨੇ ਦਿੱਲੀ ਨੂੰ ਚਾਰੇ ਪਾਸਿਉਂ ਘੇਰਿਆ ਹੋਇਆ ਹੈ।
ਖਰਾਬ ਮੌਸਮ, ਹੱਡ ਚੀਰਵੀਂ ਠੰਡ ਦੇ ਬਾਵਜੂਦ ਵੀ ਕਿਸਾਨਾਂ ਦੇ ਹੌਸਲੇ ਬੁਲੰਦ ਹਨ। ਕਿਸਾਨ ਕਾਫਲਿਆਂ੍ ਨੂੰ ਮੁਲਕ ਦੇ ਵੱਖ ਵੱਖ ਹਿੱਸਿਆਂ/ਰਾਜਾਂ ਤੋਂ ਕਿਸਾਨਾਂ ਦੀ ਜੋਰਦਾਰ ਹਮਾਇਤ ਮਿਲ ਰਹੀ ਹੈ ੳਤੇ ਕਾਫਲੇ ਲਗਾਤਾਰ ਸਾਮਿਲ ਹੋ ਰਹੇ ਹਨ। ਹੌਲੀ ਹੌਲੀ ਸਭ ਲੋਕ ਸਮਝ ਰਹੇ ਹਨ ਕਿ ਇਹ ਤਿੰਨੇ ਖੇਤੀ ਵਿਰੋਧੀ ਕਾਨੂੰਂ ਪਾਸ ਕਰਨ ਦੀ ਕੇਂਦਰ ਸਰਕਾਰ ਨੂੰ ਸੰਵਿਧਾਨ ਇਜਾਜਤ ਨਹੀਂ ਦਿੰਦਾ। ਇਹ ਨਿਰੋਲ ਰਾਜਾਂ ਦੇ ਅਧਿਕਾਰਾਂ ਦਾ ਮਸਲਾ ਹੈ। ਇਸ ਲਈ ਇਹ ਕਾਨੂੰਨ ਰਾਜਾਂ ਦੇ ਅਧਿਕਾਰਾਂ ਉੱਪਰ ਮੋਦੀ ਸਰਕਾਰ ਦਾ ਸਿੱਧਾ ਡਾਕਾ ਹੈ। ਹਰਿਆਣਾ ਦੇ ਕਿਸਾਨਾਂ ਦਾ ਸਹਿਯੋਗ ਬਹੁਤ ਜਿਆਦਾ ਕਾਬਿਲੇ ਤਾਰੀਫ ਹੈ। ਹਰਿਆਣਾ ਦੀ ਪੇਂਡੂ/ਸ਼ਹਿਰੀ ਲੋਕਾਈ ਜੀਅ ਜਾਨ ਨਾਲ ਇਸ ਸੰਘਰਸ਼ ਦੀ ਰੀੜ ਦੀ ਹੱਡੀ ਬਣ ਚੁੱਕੀ ਹੈ। ਹਰਿਆਣਾ ਦੇ 3500 ਡੀਜਲ/ਪਟਰੋਲ ਪੰਪ ਮਾਲਕਾਂ ਨੇ ਪੰਜਾਬ ਤੋਂ ਦਿੱਲੀ ਜਾਣ ਵਾਲੇ ਕਾਫਲਿਆਂ ਲਈ ਰਹਿਣ, ਚਾਹ ਰੋਟੀ, ਸੌਣ ਤੋਂ ਲੈਕੇ ਡੀਜਲ ਪਟਰੋਲ ਦਾ ਪ੍ਰਬੰਧ ਆਪਣੇ ਪੱਧਰ ਤੇ ਕਰਕੇ ਬਹੁਤ ਸ਼ਲਾਘਾਯੋਗ ਉਪਰਾਲਾ ਕੀਤਾ ਹੈ।
ਵਧ ਰਹੇ ਲੋਕ ਕਿਸਾਨ ਕਾਫਲੇ ਮੋਦੀ ਹਕੂਮਤ ਨੂੰ ਖੇਤੀ ਵਿਰੋਧੀ ਇਹ ਤਿੰਨੋਂ ਬਿਲ ਵਾਪਸ ਲੈਣ ਲਈ ਮਜਬੂਰ ਕਰਨਗੇ। ਬੁਲਾਰਿਆਂ ਨੇ 20 ਦਸੰਬਰ ਨੂੰ ਸਾਂਝੇ ਕਿਸਨੀ ਘੋਲ ਦੇ ਸ਼ਹੀਦਾਂ ਨੂੰ ਸਮਰਪਿਤ ਕਰਵਾਏ ਜਾਣ ਸ਼ਹੀਦੀ ਸਮਾਗਮਾਂ ਵਿੱਚ ਵੱਡੇ ਇਕੱਠ ਕਰਨ ਦਾ ਸੱਦਾ ਦਿੱਤਾ ਤਾਂ ਜੋ ਸ਼ਹੀਦਾਂ ਦੇ ਅਧੂਰੇ ਕਾਜ ਨੂੰ ਅੱਗੇ ਤੋਰਨ/ਪੂਰੇ ਕਰਨ ਦਾ ਪ੍ਰਣ ਕੀਤਾ ਜਾ ਸਕੇ। ਰਿਲਾਇੰਸ ਮਾਲ, ਡੀਮਾਰਟ, ਅਧਾਰ ਮਾਰਕੀਟ, ਐਸਾਰ ਪਟਰੋਲ ਪੰਪ ਬਰਨਾਲਾ ਅਤੇ ਟੋਲ ਪਲਾਜਾ ਮਹਿਲਕਲਾਂ ਵਿਖੇ ਚੱਲ ਰਹੇ ਧਰਨਿਆਂ/ਘਿਰਾਉਆਂ ਉੱਪਰ ਮਲਕੀਤ ਸਿੰਘ ਈਨਾ, ਪਰਮਿੰਦਰ ਸਿੰਘ ਹੰਢਿਆਇਆ, ਮੇਜਰ ਸਿੰਘ ਸੰਘੇੜਾ, ਗੁਰਮੇਲ ਸਿੰਘ ਠੁੱਲੀਵਾਲ, ਅਮਰਜੀਤ ਸਿੰਘ, ਜਸਵੰਤ ਸਿੰਘ , ਭੋਲਾ ਸਿੰਘ, ਅਜਮੇਰ ਸਿੰਘ, ਮਹਿੰਦਰ ਸਿੰਘ, ਜਸਪਾਲ ਕੌਰ, ਪਰਮਜੀਤ ਕੌਰ ਠੀਕਰੀਵਾਲ, ਗੁਰਮੇਲ ਸ਼ਰਮਾ, ਸ਼ੇਰ ਸਿੰਘ, ਜਸਮੇਲ ਸਿੰਘ ਆਦਿ ਬੁਲਾਰਿਆਂ ਨੇ ਵਿਸ਼ਾਲ ਸਾਂਝੇ ਜਥੇਬੰਦਕ ਕਿਸਾਨ ਸੰਘਰਸ਼ ਰਾਹੀਂ ਮੋਦੀ ਹਕੂਮਤ ਦੀ ਹੈਂਕੜ ਭੰਨਣ ਲਈ ਪੜਾਅਵਾਰ ਅੱਗੇ ਵਧ ਰਹੇ ਵਡੇਰੇ ਲੋਕ ਹਿੱਤਾਂ ਵਾਲੇ ਸਾਂਝੇ ਕਿਸਾਨ ਸੰਘਰਸ਼ ਵਿੱਚ ਹੋਰ ਵੱਧ ਮਜਬੂਤੀ ਨਾਲ ਅੱਗੇ ਆਉਣ ਦੀ ਜੋਰਦਾਰ ਅਪੀਲ ਕੀਤੀ।